IPL 2025: ਪ੍ਰਭਸਿਮਰਨ ਦੇ ਤੂਫਾਨ ਅੱਗੇ ਉਡਿਆ ਲਖਨਊ, ਪੰਜਾਬ ਦੀ ਸੌਖੀ ਜਿੱਤ

tv9-punjabi
Updated On: 

01 Apr 2025 23:53 PM

IPL 2025:ਪ੍ਰਭਸਿਮਰਨ ਸਿੰਘ ਅਤੇ ਸ਼੍ਰੇਅਸ ਅਈਅਰ ਦੇ ਤੂਫਾਨੀ ਅਰਧ ਸੈਂਕੜਿਆਂ ਦੇ ਦਮ 'ਤੇ, ਪੰਜਾਬ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਨੂੰ ਉਨ੍ਹਾਂ ਦੇ ਘਰੇਲੂ ਮੈਦਾਨ 'ਤੇ ਹਰਾਇਆ। ਪੰਜਾਬ ਦੀ ਟੀਮ 8 ਵਿਕਟਾਂ ਨਾਲ ਜਿੱਤ ਗਈ।

IPL 2025: ਪ੍ਰਭਸਿਮਰਨ ਦੇ ਤੂਫਾਨ ਅੱਗੇ ਉਡਿਆ ਲਖਨਊ, ਪੰਜਾਬ ਦੀ ਸੌਖੀ ਜਿੱਤ
Follow Us On

PBKS Vs LSG:ਪੰਜਾਬ ਕਿੰਗਜ਼ ਨੇ ਆਈਪੀਐਲ 2025 ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਇੱਕ ਵਾਰ ਫਿਰ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਜਿਵੇਂ ਹੀ ਕਪਤਾਨ ਬਦਲਿਆ, ਇਸ ਟੀਮ ਦਾ ਰਵੱਈਆ ਵੀ ਬਦਲ ਗਿਆ। ਸ਼੍ਰੇਅਸ ਅਈਅਰ ਦੀ ਕਪਤਾਨੀ ਪਾਰੀ ਅਤੇ ਪ੍ਰਭਸਿਮਰਨ ਦੇ ਤੂਫਾਨੀ ਅਰਧ ਸੈਂਕੜੇ ਦੇ ਦਮ ‘ਤੇ, ਪੰਜਾਬ ਕਿੰਗਜ਼ ਨੇ ਲਖਨਊ ਸੁਪਰਜਾਇੰਟਸ ਨੂੰ ਉਨ੍ਹਾਂ ਦੇ ਘਰੇਲੂ ਮੈਦਾਨ ‘ਤੇ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਨੇ 171 ਦੌੜਾਂ ਬਣਾਈਆਂ ਅਤੇ ਪੰਜਾਬ ਨੂੰ ਟੀਚਾ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਈ। ਪੰਜਾਬ ਨੇ ਇਹ ਟੀਚਾ ਸਿਰਫ਼ 16.2 ਓਵਰਾਂ ਵਿੱਚ ਹਾਸਲ ਕਰ ਲਿਆ ਤੇ ਇਸ ਦੌਰਾਨ ਪੰਜਾਬ ਨੇ 11 ਛੱਕੇ ਅਤੇ 16 ਚੌਕੇ ਲਗਾਏ।

ਪੰਜਾਬ ਕਿੰਗਜ਼ ਦੀ ਚੜ੍ਹਤ

ਪੰਜਾਬ ਨੇ ਆਈਪੀਐਲ 2025 ਵਿੱਚ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਪੰਜਾਬ ਦੀ ਟੀਮ ਅੰਕ ਸੂਚੀ ਵਿੱਚ ਦੂਜੇ ਸਥਾਨ ‘ਤੇ ਪਹੁੰਚ ਗਈ ਹੈ। ਬੈਂਗਲੁਰੂ ਪਹਿਲੇ ਨੰਬਰ ‘ਤੇ ਹੈ ਅਤੇ ਦਿੱਲੀ ਕੈਪੀਟਲਜ਼ ਤੀਜੇ ਸਥਾਨ ‘ਤੇ ਹੈ। ਪੰਜਾਬ, ਬੰਗਲੁਰੂ ਅਤੇ ਦਿੱਲੀ ਅਜਿਹੀਆਂ ਟੀਮਾਂ ਹਨ ਜਿਨ੍ਹਾਂ ਨੇ ਹੁਣ ਤੱਕ ਇੱਕ ਵੀ ਮੈਚ ਨਹੀਂ ਹਾਰਿਆ ਹੈ।

ਪ੍ਰਭਸਿਮਰਨ ਅਤੇ ਅਈਅਰ ਦੀ ਪਾਰੀ

ਪੰਜਾਬ ਕਿੰਗਜ਼ ਦੀ ਸ਼ੁਰੂਆਤ ਮਾੜੀ ਰਹੀ। ਪ੍ਰਿਯਾਂਸ਼ ਆਰੀਆ ਸਿਰਫ਼ 8 ਦੌੜਾਂ ਬਣਾ ਕੇ ਆਊਟ ਹੋ ਗਏ, ਪਰ ਇਸ ਤੋਂ ਬਾਅਦ ਪ੍ਰਭਸਿਮਰਨ ਤੇ ਸ਼੍ਰੇਅਸ ਅਈਅਰ ਨੇ ਹਮਲਾਵਰ ਬੱਲੇਬਾਜ਼ੀ ਕੀਤੀ ਤੇ ਲਖਨਊ ਨੂੰ ਕੋਈ ਮੌਕਾ ਨਹੀਂ ਦਿੱਤਾ। ਦੋਵਾਂ ਬੱਲੇਬਾਜ਼ਾਂ ਨੇ ਦੂਜੀ ਵਿਕਟ ਲਈ 84 ਦੌੜਾਂ ਜੋੜੀਆਂ। ਪ੍ਰਭਸਿਮਰਨ ਨੇ ਸਿਰਫ਼ 23 ਗੇਂਦਾਂ ਵਿੱਚ ਅਰਧ ਸੈਂਕੜਾ ਬਣਾਇਆ ਤੇ ਉਨ੍ਹਾਂ ਦੇ ਬੱਲੇ ਨੇ 34 ਗੇਂਦਾਂ ਵਿੱਚ 69 ਦੌੜਾਂ ਬਣਾਈਆਂ। ਪ੍ਰਭ ਨੇ 3 ਛੱਕੇ ਅਤੇ 9 ਚੌਕੇ ਲਗਾਏ। ਇਸ ਤੋਂ ਬਾਅਦ ਕਪਤਾਨ ਸ਼੍ਰੇਅਸ ਅਈਅਰ ਨੇ 30 ਗੇਂਦਾਂ ਵਿੱਚ 4 ਛੱਕਿਆਂ ਅਤੇ 3 ਚੌਕਿਆਂ ਦੀ ਮਦਦ ਨਾਲ ਅਜੇਤੂ 52 ਦੌੜਾਂ ਬਣਾਈਆਂ। ਚੌਥੇ ਨੰਬਰ ‘ਤੇ ਪ੍ਰਭਾਵਸ਼ਾਲੀ ਖਿਡਾਰੀ ਵਜੋਂ ਉਤਰਦੇ ਹੋਏ, ਨੇਹਲ ਵਢੇਰਾ ਨੇ ਸਿਰਫ਼ 25 ਗੇਂਦਾਂ ‘ਤੇ ਅਜੇਤੂ 43 ਦੌੜਾਂ ਬਣਾਈਆਂ। ਉਸਨੇ 4 ਛੱਕੇ ਅਤੇ 3 ਚੌਕੇ ਵੀ ਮਾਰੇ।

ਅਰਸ਼ਦੀਪ ਦੀ ਚੰਗੀ ਗੇਂਦਬਾਜ਼ੀ

ਅਰਸ਼ਦੀਪ ਸਿੰਘ ਨੇ ਗੇਂਦਬਾਜ਼ੀ ਵਿੱਚ ਆਪਣੀ ਮੁਹਾਰਤ ਦਿਖਾਈ। ਇਸ ਖੱਬੇ ਹੱਥ ਦੇ ਗੇਂਦਬਾਜ਼ ਨੇ 4 ਓਵਰਾਂ ਵਿੱਚ 43 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਉਸ ਤੋਂ ਇਲਾਵਾ, ਲੌਕੀ ਫਰਗੂਸਨ ਨੇ 26 ਦੌੜਾਂ ਦੇ ਕੇ ਇੱਕ ਵਿਕਟ ਲਈ। ਮੈਕਸਵੈੱਲ ਨੇ 22 ਦੌੜਾਂ ਦੇ ਕੇ ਇੱਕ ਵਿਕਟ ਲਈ। ਮਾਰਕੋ ਜੈਨਸਨ ਨੇ 4 ਓਵਰਾਂ ਵਿੱਚ 28 ਦੌੜਾਂ ਦੇ ਕੇ ਇੱਕ ਵਿਕਟ ਲਈ। ਚਹਿਲ ਨੇ ਵੀ ਇੱਕ ਵਿਕਟ ਲਈ।