ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਧਰਤੀ ਸ਼੍ਰੀ ਪਾਉਂਟਾ ਸਾਹਿਬ ਦਾ ਇਤਿਹਾਸ | shri paonta sahib Gurudwara Shri Bhangani Sahib history sikhism know full in punjabi Punjabi news - TV9 Punjabi

ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਧਰਤੀ ਸ਼੍ਰੀ ਪਾਉਂਟਾ ਸਾਹਿਬ ਦਾ ਇਤਿਹਾਸ

Published: 

16 Jun 2024 06:15 AM

ਜਿੱਥੇ ਜਿੱਥੇ ਸੱਚੇ ਪਾਤਸ਼ਾਹ ਦੇ ਚਰਨ ਪਏ ਉੱਥੇ ਉੱਥੇ ਰੌਣਕਾਂ ਲੱਗਦੀਆਂ ਗਈਆਂ। ਦਸਮ ਪਾਤਸ਼ਾਹ ਜੀ ਦੀਆਂ ਚਰਨਛੋਹ ਪ੍ਰਾਪਤ ਅਸਥਾਨਾਂ ਵਿੱਚ ਇੱਕ ਅਸਥਾਨ ਹੈ ਸ਼੍ਰੀ ਪਾਉਂਟਾ ਸਾਹਿਬ। ਜਮਨਾ ਨਦੀ ਦੇ ਕੰਢੇ ਵਸੇ ਇਸ ਸ਼ਹਿਰ ਨੂੰ ਸਾਹਿਬ ਏ ਕਮਾਲ ਸ਼੍ਰੀ ਗੁਰੂ ਗੋਬਿੰਦ ਸਾਹਿਬ ਨੇ ਆਪ ਵਸਾਇਆ ਸੀ, ਆਓ ਅੱਜ ਸਿੱਖ ਇਤਿਹਾਸ ਦੀ ਇਸ ਲੜੀ ਵਿੱਚ ਜਾਣਦੇ ਹਾਂ ਸ਼੍ਰੀ ਪਾਉਂਟਾ ਸਾਹਿਬ ਦਾ ਇਤਿਹਾਸ।

ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਧਰਤੀ ਸ਼੍ਰੀ ਪਾਉਂਟਾ ਸਾਹਿਬ ਦਾ ਇਤਿਹਾਸ

ਪਾਉਂਟਾ ਸਾਹਿਬ

Follow Us On

ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਸਥਿਤ ਪਾਉਂਟਾ ਸਾਹਿਬ ਸਿੱਖਾਂ ਦਾ ਇੱਕ ਪਾਵਨ ਪਵਿੱਤਰ ਅਸਥਾਨ ਹੈ। ਜਮਨਾ ਨਦੀ ਦੇ ਕੰਢੇ ਵਸੇ ਇਸ ਨਗਰ ਨੂੰ ਸਾਹਿਬ ਏ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖੁਦ ਵਸਾਇਆ ਸੀ। ਨਾਹਨ ਰਿਆਸਤ ਦੇ ਰਾਜੇ ਮੇਦਨੀ ਪ੍ਰਕਾਸ਼ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਗੁਰੂ ਪਾਤਸ਼ਾਹ ਇਸ ਅਸਥਾਨ ਤੇ ਆਏ ਸਨ ਅਤੇ ਕਰੀਬ 4 ਸਾਲ ਰਹੇ ਸਨ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦਾ ਜਨਮ ਵੀ ਪਾਉਂਟਾ ਸਾਹਿਬ ਵਿਖੇ ਹੀ ਹੋਇਆ ਸੀ।

ਇਹ ਉਹੀ ਇਤਿਹਾਸਿਕ ਨਗਰ ਹੈ ਜਿੱਥੇ ਗੁਰੂ ਪਾਤਸ਼ਾਹ ਨੇ ਜ਼ਬਰ ਅਤੇ ਜ਼ੁਲਮ ਖਿਲਾਫ਼ ਆਪਣੀ ਪਹਿਲੀ ਜੰਗ ਲੜੀ ਸੀ। ਗੁਰੂ ਪਾਤਸ਼ਾਹ ਨੇ ਭੰਗਾਣੀ ਦੇ ਮੈਦਾਨ ਵਿੱਚ ਬਾਈਧਾਰ ਦੇ ਰਾਜਿਆਂ ਦੀਆਂ ਫੌਜ਼ਾਂ ਦਾ ਮੁਕਾਬਲਾ ਕੀਤਾ ਸੀ। ਸਿੱਖ ਯੋਧਿਆਂ ਨੇ ਪਹਾੜੀ ਰਾਜਿਆਂ ਦੀ ਕਰੀਬ 20 ਹਜ਼ਾਰ ਦੀ ਫੌਜ ਨੂੰ ਲੱਕ ਤੋੜਵੀਂ ਹਾਰ ਦਿੱਤੀ ਸੀ।

ਪੀਰ ਬੁੱਧੂ ਸ਼ਾਹ ਨੂੰ ਬਖਸ਼ਿਸ਼

ਭੰਗਾਣੀ ਦੀ ਜੰਗ ਵਿੱਚ ਪੀਰ ਬੁੱਧੂ ਸ਼ਾਹ ਜੀ ਨੇ ਗੁਰੂ ਪਾਤਸ਼ਾਹ ਵੱਲੋਂ ਲੜਣ ਲਈ ਆਪਣੇ 2 ਪੁੱਤਰ ਅਤੇ ਹੋਰ ਸੇਵਕ ਭੇਜੇ। ਦਸਮ ਪਾਤਸ਼ਾਹ ਨੇ ਦਸਤਾਰ ਸਾਹਿਬ ਵਾਲੀ ਥਾਂ ਤੇ ਹੁਕਮਨਾਮਾਂ, ਸਿਰੋਪਾ ਅਤੇ ਆਪਣੇ ਕੇਸਾਂ ਸਮੇਤ ਕੰਘਾ ਨਿਸ਼ਾਨੀ ਵਜੋਂ ਬਖਸ਼ਿਸ਼ ਦਿੱਤੀ। ਜਮਨਾ ਨਦੀ ਦੇ ਕੰਢੇ ਬੈਠ ਗੁਰੂ ਪਾਤਸ਼ਾਹ ਨੇ ਆਪਣੀਆਂ ਕਈ ਰਚਨਾਵਾਂ ਵੀ ਰਚੀਆਂ।

ਕਵੀ ਦਰਬਾਰ

ਇਤਿਹਾਸਿਕ ਸਰੋਤਾਂ ਮੁਤਾਬਿਕ ਪੂਰਨਮਾਸ਼ੀ ਦੀ ਰਾਤ ਨੂੰ ਗੁਰੂ ਪਾਤਸ਼ਾਹ ਕਵੀ ਦਰਬਾਰ ਲਗਾਇਆ ਕਰਦੇ ਸਨ। ਜਿਸ ਵਿੱਚ ਉਹਨਾਂ ਦੇ 52 ਦਰਬਾਰੀ ਕਵੀ ਆਪਣੀਆਂ ਕਵਿਤਾਵਾਂ ਪੇਸ਼ ਕਰਿਆ ਕਰਦੇ ਸਨ। ਗੁਰੂਘਰਾਂ ਵਿੱਚ ਕਵੀ ਦਰਬਾਰਾਂ ਦੀ ਪ੍ਰੰਪਰਾ ਦਾ ਮੁੱਢ ਵੀ ਪਾਉਂਟਾ ਸਾਹਿਬ ਤੋਂ ਬੱਝਾ।

ਪਾਉਂਟਾ ਸਾਹਿਬ ਵਿੱਚ ਗੁਰੂ ਸਾਹਿਬ ਜੀ ਯਾਦ ਸਮੋਏ ਕਈ ਇਤਿਹਾਸਿਕ ਅਸਥਾਨ ਮੌਜੂਦ ਹਨ। ਜਿਨ੍ਹਾਂ ਵਿੱਚ ਇੱਕ ਗੁਰਦੁਆਰਾ ਸ਼ੇਰਗਾਹ ਸਾਹਿਬ ਹੈ ਜੋ ਪਾਉਂਟਾ ਸਾਹਿਬ ਤੋਂ ਭੰਗਾਣੀ ਸਾਹਿਬ ਵੱਲ ਜਾਂਦਿਆਂ ਰਾਹ ਵਿੱਚ ਆਉਂਦਾ ਹੈ। ਉਸ ਅਸਥਾਨ ਨੂੰ ਵੀ ਗੁਰੂ ਪਾਤਸ਼ਾਹ ਦੀ ਚਰਨਛੋਹ ਪ੍ਰਾਪਤ ਹੈ। ਗੁਰਦੁਆਰਾ ਤੀਰਗੜ੍ਹੀ ਸਾਹਿਬ ਇਹ ਉਹ ਅਸਥਾਨ ਹੈ ਜਿੱਥੋ ਗੁਰੂ ਪਾਤਸ਼ਾਹ ਭੰਗਾਣੀ ਦੇ ਯੁੱਧ ਵਿੱਚ ਤੀਰ ਚਲਾਇਆ ਕਰਦੇ ਸਨ। ਗੁਰਦੁਆਰਾ ਤੀਰਗੜ੍ਹੀ ਸਾਹਿਬ ਇੱਕ ਉੱਚੀ ਥਾਂ ਤੇ ਸੁਸ਼ੋਭਿਤ ਹੈ। ਗੁਰਦੁਆਰਾ ਭੰਗਾਣੀ ਸਾਹਿਬ ਪਾਉਂਟਾ ਸਾਹਿਬ ਤੋਂ ਕਰੀਬ 23 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।

Exit mobile version