Hukamnama Sri Darbar Sahib 7th February 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 7 ਫਰਵਰੀ 2026

Published: 

07 Feb 2026 06:30 AM IST

Daily Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।

Hukamnama Sri Darbar Sahib 7th February 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 7 ਫਰਵਰੀ 2026
Follow Us On

ਅੰਮ੍ਰਿਤ ਵੇਲੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 7 ਫਰਵਰੀ 2026

ਤਿਲੰਗ ਮਹਲਾ ੧ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥ ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥੧॥ ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥ ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥ ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ ॥੧॥ ਰਹਾਉ ॥ ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥ ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ ॥੨॥

ਮਾਇਆ ਪਾਹਿਆ = ਮਾਇਆ ਨਾਲ ਪਾਹਿਆ ਗਿਆ ਹੈ। ਪਾਹਿਆ = ਪਾਹ ਲੱਗੀ ਹੋਈ ਹੈ। ਪਾਹ = ਲਾਗ। {ਨੋਟ: ਕਪੜੇ ਨੂੰ ਕੋਈ ਪੱਕਾ ਰੰਗ ਚਾੜ੍ਹਨ ਤੋਂ ਪਹਿਲਾਂ ਲੂਣ ਫਟਕੜੀ ਜਾਂ ਸੋਡੇ ਦੀ ਲਾਗ ਦੇਈਦੀ ਹੈ। ਸੋਡਾ, ਲੂਣ ਜਾਂ ਫਟਕੜੀ ਪਾਣੀ ਵਿਚ ਰਿੰਨ੍ਹ ਕੇ ਕੱਪੜਾ ਉਸ ਵਿਚ ਡੋਬਿਆ ਜਾਂਦਾ ਹੈ; ਫਿਰ ਰੰਗ ਪਾਣੀ ਵਿਚ ਰਿੰਨ੍ਹ ਕੇ ਉਹ ਲਾਗ ਵਾਲਾ ਕੱਪੜਾ ਉਸ ਵਿਚ ਪਾ ਦੇਈਦਾ ਹੈ}। ਲਬਿ = ਲੱਬ ਨਾਲ, ਜੀਭ ਦੇ ਚਸਕੇ ਨਾਲ। ਲਬੁ = ਜੀਭ ਦਾ ਚਸਕਾ। ਰੰਗਾਏ ਲੀਤੜਾ = ਰੰਗਾਇ ਲਿਆ ਹੈ। ਚੋਲਾ = ਜਿੰਦ ਦਾ ਚੋਲਾ, ਸਰੀਰ। ਚੋਲੜਾ = ਕੋਝਾ ਚੋਲਾ। ਮੇਰੈ ਕੰਤ = ਮੇਰੇ ਖਸਮ ਨੂੰ। ਭਾਵੈ = ਚੰਗਾ ਲੱਗਦਾ। ਧਨ = ਇਸਤ੍ਰੀ, ਜੀਵ-ਇਸਤ੍ਰੀ। ਸੇਜੈ = (ਪ੍ਰਭੂ ਦੀ) ਸੇਜ ਉਤੇ, ਪ੍ਰਭੂ ਦੇ ਚਰਨਾਂ ਵਿਚ। ਜਾਏ = ਪਹੁੰਚੇ।੧। ਮਿਹਰਵਾਨਾ = ਹੇ ਮਿਹਰਵਾਨ ਪ੍ਰਭੂ! ਹੰਉ = ਮੈਂ। ਤਿਨਾ ਕੈ = ਉਹਨਾਂ ਤੋਂ। ਲੈਨਿ = ਲੈਂਦੇ ਹਨ। ਸਦ = ਸਦਾ।੧।ਰਹਾਉ। ਕਾਇਆ = ਸਰੀਰ। ਰੰਙਣਿ = ਉਹ ਖੁਲ੍ਹਾ ਭਾਂਡਾ ਜਿਸ ਵਿਚ ਨੀਲਾਰੀ ਕੱਪੜੇ ਰੰਗਦਾ ਹੈ, ਮੱਟ, ਮੱਟੀ। ਥੀਐ = ਬਣ ਜਾਏ। ਮਜੀਠ = ਇਕ ਰੰਗ ਦਾ ਨਾ {ਨੋਟ: ਲੋਕ ਮਜੀਠ ਰਿੰਨ੍ਹ ਕੇ ਕੱਪੜੇ ਰੰਗਦੇ ਸਨ। ਇਹ ਰੰਗ ਪੱਕਾ ਹੁੰਦਾ ਸੀ} ਸਾਹਿਬੁ = ਮਾਲਿਕ-ਪ੍ਰਭੂ ॥੨॥

ਰਾਗ ਤਿਲੰਗ, ਘਰ ੩ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਜਿਸ ਜੀਵ-ਇਸਤ੍ਰੀ ਦੇ ਇਸ ਸਰੀਰ ਨੂੰ ਮਾਇਆ (ਦੇ ਮੋਹ) ਦੀ ਪਾਹ ਲੱਗੀ ਹੋਵੇ, ਤੇ ਫਿਰ ਉਸ ਨੇ ਇਸ ਨੂੰ ਲੱਬ ਨਾਲ ਰੰਗਾ ਲਿਆ ਹੋਵੇ, ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਦੇ ਚਰਨਾਂ ਵਿਚ ਨਹੀਂ ਪਹੁੰਚ ਸਕਦੀ, ਕਿਉਂਕਿ (ਜਿੰਦ ਦਾ) ਇਹ ਚੋਲਾ (ਇਹ ਸਰੀਰ, ਇਹ ਜੀਵਨ) ਖਸਮ-ਪ੍ਰਭੂ ਨੂੰ ਪਸੰਦ ਨਹੀਂ ਆਉਂਦਾ।੧। ਹੇ ਮਿਹਰਬਾਨ ਪ੍ਰਭੂ! ਮੈਂ ਕੁਰਬਾਨ ਜਾਂਦਾ ਹਾਂ ਮੈਂ ਸਦਕੇ ਜਾਂਦਾ ਹਾਂ, ਮੈਂ ਵਰਨੇ ਜਾਂਦਾ ਹਾਂ ਉਹਨਾਂ ਤੋਂ ਜੋ ਤੇਰਾ ਨਾਮ ਸਿਮਰਦੇ ਹਨ। ਜੋ ਬੰਦੇ ਤੇਰਾ ਨਾਮ ਲੈਂਦੇ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ।੧।ਰਹਾਉ। (ਪਰ, ਹਾਂ!) ਜੇ ਇਹ ਸਰੀਰ (ਨੀਲਾਰੀ ਦੀ) ਮੱਟੀ ਬਣ ਜਾਏ, ਤੇ ਹੇ ਸੱਜਣ! ਜੇ ਇਸ ਵਿਚ ਮਜੀਠ ਵਰਗੇ ਪੱਕੇ ਰੰਗ ਵਾਲਾ ਪ੍ਰਭੂ ਦਾ ਨਾਮ-ਰੰਗ ਪਾਇਆ ਜਾਏ, ਫਿਰ ਮਾਲਿਕ-ਪ੍ਰਭੂ ਆਪ ਨੀਲਾਰੀ (ਬਣ ਕੇ ਜੀਵ-ਇਸਤ੍ਰੀ ਦੇ ਮਨ ਨੂੰ) ਰੰਗ (ਦਾ ਡੋਬਾ) ਦੇਵੇ, ਤਾਂ ਅਜੇਹਾ ਰੰਗ ਚੜ੍ਹਦਾ ਹੈ ਜੋ ਕਦੇ ਪਹਿਲਾਂ ਵੇਖਿਆ ਨਾਹ ਹੋਵੇ ॥੨॥

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!