Hukamnama Sri Darbar Sahib 6 May 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 6 ਮਈ 2026

Updated On: 

06 May 2026 06:43 AM IST

Daily Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।

Hukamnama Sri Darbar Sahib 6 May 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 6 ਮਈ 2026

ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 6 ਮਈ 2026

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ

ਬਿਲਾਵਲੁ ਮਹਲਾ ੫ ॥ ਮਾਤ ਪਿਤਾ ਸੁਤ ਸਾਥਿ ਨ ਮਾਇਆ ॥ ਸਾਧਸੰਗਿ ਸਭੁ ਦੂਖੁ ਮਿਟਾਇਆ ॥੧॥ ਰਵਿ ਰਹਿਆ ਪ੍ਰਭੁ ਸਭ ਮਹਿ ਆਪੇ ॥ ਹਰਿ ਜਪੁ ਰਸਨਾ ਦੁਖੁ ਨ ਵਿਆਪੇ ॥੧॥ ਰਹਾਉ ॥ ਤਿਖਾ ਭੂਖ ਬਹੁ ਤਪਤਿ ਵਿਆਪਿਆ ॥ ਸੀਤਲ ਭਏ ਹਰਿ ਹਰਿ ਜਸੁ ਜਾਪਿਆ ॥੨॥ ਕੋਟਿ ਜਤਨ ਸੰਤੋਖੁ ਨ ਪਾਇਆ ॥ ਮਨੁ ਤ੍ਰਿਪਤਾਨਾ ਹਰਿ ਗੁਣ ਗਾਇਆ ॥੩॥ ਦੇਹੁ ਭਗਤਿ ਪ੍ਰਭ ਅੰਤਰਜਾਮੀ ॥ ਨਾਨਕ ਕੀ ਬੇਨੰਤੀ ਸੁਆਮੀ ॥੪॥੫॥੧੦॥

ਪਦ ਅਰਥ: ਸੁਤ = ਪੁੱਤਰ। ਸਾਧ ਸੰਗਿ = ਗੁਰਮੁਖਾਂ ਦੀ ਸੰਗਤਿ। ਸਭੁ = ਸਾਰਾ।੧। ਰਵਿ ਰਹਿਆ = ਮੌਜੂਦ ਹੈ। ਆਪੇ = ਆਪ ਹੀ। ਰਸਨਾ = ਜੀਭ (ਨਾਲ) । ਨ ਵਿਆਪੇ = ਜ਼ੋਰ ਨਹੀਂ ਪਾ ਸਕਦਾ।੧।ਰਹਾਉ। ਤਿਖਾ = ਮਾਇਆ ਦੀ ਤ੍ਰੇਹ। ਤਪਤਿ = ਤਪਸ਼, ਸੜਨ, ਖਿੱਝ। ਵਿਆਪਿਆ = ਫਸਿਆ ਹੋਇਆ।੨। ਕੋਟਿ = ਕ੍ਰੋੜਾਂ। ਤ੍ਰਿਪਤਾਨਾ = ਰੱਜ ਜਾਂਦਾ ਹੈ।੩। ਪ੍ਰਭ = ਹੇ ਪ੍ਰਭੂ! ਸੁਆਮੀ = ਹੇ ਮਾਲਕ!।੪।

ਅਰਥ: ਹੇ ਭਾਈ! ਮਾਂ, ਪਿਉ, ਪੁੱਤਰ, ਮਾਇਆ-(ਇਹਨਾਂ ਵਿਚੋਂ ਕੋਈ ਭੀ ਜੀਵ ਦਾ ਸਦਾ ਲਈ) ਸਾਥੀ ਨਹੀਂ ਬਣ ਸਕਦਾ, (ਦੁੱਖ ਵਾਪਰਨ ਤੇ ਭੀ ਸਹਾਈ ਨਹੀਂ ਬਣ ਸਕਦਾ)। ਗੁਰੂ ਦੀ ਸੰਗਤਿ ਵਿਚ ਟਿਕਿਆਂ ਸਾਰਾ ਦੁੱਖ-ਕਲੇਸ਼ ਦੂਰ ਕਰ ਸਕੀਦਾ ਹੈ ॥੧॥ ਹੇ ਭਾਈ! (ਜੇਹੜਾ) ਪਰਮਾਤਮਾ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੈ, ਉਸ (ਦੇ ਨਾਮ) ਦਾ ਜਾਪ ਜੀਭ ਨਾਲ ਕਰਦਾ ਰਹੁ (ਇਸ ਤਰ੍ਹਾਂ) ਕੋਈ ਦੁੱਖ ਜ਼ੋਰ ਨਹੀਂ ਪਾ ਸਕਦਾ ॥੧॥ ਰਹਾਉ ॥ ਹੇ ਭਾਈ! ਜਗਤ ਮਾਇਆ ਦੀ ਤ੍ਰਿਸ਼ਨਾ, ਮਾਇਆ ਦੀ ਭੁੱਖ ਤੇ ਸੜਨ ਵਿਚ ਫਸਿਆ ਪਿਆ ਹੈ। ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ, (ਉਹਨਾਂ ਦੇ ਹਿਰਦੇ) ਠੰਢੇ-ਠਾਰ ਹੋ ਜਾਂਦੇ ਹਨ ॥੨॥ ਹੇ ਭਾਈ! ਕ੍ਰੋੜਾਂ ਜਤਨ ਕੀਤਿਆਂ ਭੀ (ਮਾਇਆ ਦੀ ਤ੍ਰਿਸ਼ਨਾ ਵਲੋਂ) ਸੰਤੋਖ ਪ੍ਰਾਪਤ ਨਹੀਂ ਹੁੰਦਾ। ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਇਆਂ ਮਨ ਰੱਜ ਜਾਂਦਾ ਹੈ ॥੩॥ ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ਮੈਨੂੰ ਆਪਣੀ ਭਗਤੀ ਦਾ ਦਾਨ ਦੇਹ, ਹੇ ਮਾਲਕ! (ਤੇਰੇ ਦਾਸ) ਨਾਨਕ ਦੀ (ਤੇਰੇ ਦਰ ਤੇ ਏਹੋ) ਬੇਨਤੀ ਹੈ ॥੪॥੫॥੧੦॥

Follow Us