Gurdwara Chakki Sahib: ਜਿੱਥੇ ਬਾਬਰ ਨੇ ਬਾਬੇ ਨਾਨਕ ਨੂੰ ਕਰਵਾਇਆ ਸੀ ਕੈਦ, ਗੁਰਦੁਆਰਾ ਚੱਕੀ ਸਾਹਿਬ ਸਾਹਿਬ

Published: 

16 Nov 2024 06:15 AM

ਬਾਬਾ ਨਾਨਕ ਜਿੱਥੇ ਨਿਰੰਕਾਰ ਹੈ ਤਾਂ ਉੱਥੇ ਹੀ ਕਿਰਤ ਕਰਨਾ ਵਾਲਾ ਕਿਸਾਨ ਤੇ ਮਜ਼ਦੂਰ ਵੀ। ਬਾਬਾ ਨਾਨਕ ਸਿਰਫ਼ ਕੋਈ ਸਾਧੂ, ਸੰਤ ਜਾਂ ਮਹਾਤਮਾ ਨਹੀਂ, ਉਹ ਯੋਧਾ ਵੀ ਹੈ, ਉਹ ਮਹਾਂਬਲੀ ਵੀ ਹੈ, ਜਦੋਂ ਗੱਲ ਜਬਰ ਅਤੇ ਜੁਲਮ ਦੀ ਹੁੰਦੀ ਹੈ ਤਾਂ ਬਾਬਾ ਉਸ ਦੇ ਖਿਲਾਫ਼ ਡਟ ਕੇ ਖੜਦਾ ਹੈ ਅਤੇ ਬਾਬਰ ਨੂੰ ਬਾਬਰ ਕਹਿਣ ਤੋਂ ਵੀ ਨਹੀਂ ਡਰਦਾ।

Gurdwara Chakki Sahib: ਜਿੱਥੇ ਬਾਬਰ ਨੇ ਬਾਬੇ ਨਾਨਕ ਨੂੰ ਕਰਵਾਇਆ ਸੀ ਕੈਦ, ਗੁਰਦੁਆਰਾ ਚੱਕੀ ਸਾਹਿਬ ਸਾਹਿਬ

ਜਿੱਥੇ ਬਾਬਰ ਨੇ ਬਾਬੇ ਨਾਨਕ ਨੂੰ ਕਰਵਾਇਆ ਸੀ ਕੈਦ, ਗੁਰਦੁਆਰਾ ਚੱਕੀ ਸਾਹਿਬ ਸਾਹਿਬ

Follow Us On

ਦੇਸ਼ ਦੁਨੀਆਂ ਜਿੱਥੇ 15 ਨਵੰਬਰ ਨੂੰ ਪ੍ਰਕਾਸ਼ਪੁਰਬ ਦੇ ਰੂਪ ਵਿੱਚ ਮਨਾ ਰਹੀ ਹੈ ਤਾਂ ਉੱਥੇ ਹੀ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਰਾਇ ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ) ਵਿਖੇ ਪਹੁੰਚੇ ਹੋਏ ਹਨ। ਕਿਉਂਕਿ 555 ਸਾਲ ਪਹਿਲਾਂ ਉਸ ਪਵਿੱਤਰ ਅਸਥਾਨ ਤੇ ਇੱਕ ਮਹਾਪੁਰਸ਼ ਦਾ ਜਨਮ ਹੋਇਆ ਸੀ। ਜਿਸ ਨੂੰ ਦੁਨੀਆਂ ਬਾਬਾ ਨਾਨਕ ਅਤੇ ਉਹਦੇ ਸਾਥੀ ਨਾਨਕ ਨਿਰੰਕਾਰੀ ਕਹਿਕੇ ਪੁਕਾਰਦੇ ਹਨ।

ਜਦੋਂ ਬੇਬੇ ਨਾਨਕੀ ਉਨ੍ਹਾਂ ਨੂੰ ਆਪਣੀ ਬੁੱਕਲ ਵਿੱਚ ਲੈਂਦੀ ਤਾਂ ਅਸਮਾਨੋਂ ਫੁੱਲਾਂ ਦੀ ਵਰਖਾ ਹੁੰਦੀ। ਜਦੋਂ ਬਾਪੂ ਝਿੜਕਦਾ ਤਾਂ ਮੀਂਹ ਵਰ੍ਹ ਜਾਂਦਾ, ਜਦੋਂ ਮਾਂ ਲੋਰੀ ਸੁਣਾਉਂਦੀ ਤਾਂ ਬਸੰਤ ਦੀਆਂ ਬਹਾਰਾਂ ਆਉਂਦੀਆਂ। ਕੁਦਰਤ ਵੀ ਪਿਆਰ ਦੇ ਗੀਤ ਗਾਉਂਦੀ, ਨਿੱਘੀਆਂ ਨਿੱਘੀਆਂ ਹਵਾਵਾਂ, ਜਬਰ ਜੁਲਮ ਦੀ ਰੁੱਤ ਵਿੱਚ ਤੜਫਦੀਆਂ ਰੂਹਾਂ ਨੂੰ ਸਕੂਨ ਦੇ ਜਾਂਦੀਆਂ। ਮਾਂ ਤ੍ਰਿਪਤਾ ਦੀ ਕੁੱਖੋਂ ਪਿਤਾ ਮਹਿਤਾ ਕਾਲੂ ਦੇ ਘਰ ਜਨਮੇ ਨਾਨਕ ਨੇ ਇੱਕ ਦਿਨ ਬਾਬਾ ਨਾਨਕ ਆਖਵਾਣਾ ਸੀ, 100 ਸਾਲ ਬਾਅਦ ਵੀ, 200 ਸਾਲ ਬਾਅਦ ਵੀ, 500 ਸਾਲ ਬਾਅਦ ਵੀ, ਹਜ਼ਾਰਾਂ ਸਾਲਾਂ ਬਾਅਦ ਵੀ, ਮੇਰਾ ਬਾਬਾ ਨਾਨਕ, ਤੁਹਾਡਾ ਬਾਬਾ ਨਾਨਕ, ਸਾਰਿਆਂ ਦਾ ਬਾਬਾ ਨਾਨਕ।

ਬਾਬਾ ਨਾਨਕ ਜਦੋਂ ਦੁਨੀਆਂ ਨੂੰ ਸੱਚ ਦਾ ਮਾਰਗ ਦਿਖਾਉਣ ਲਈ ਉਦਾਸੀਆਂ ਤੇ ਨਿਕਲੇ ਤਾਂ ਉਹ ਇੱਕ ਕਿਰਤੀ ਤਰਖਾਣ ਭਾਈ ਲਾਲੋਂ ਦੇ ਘਰ ਪਹੁੰਚੇ, ਗੁਰੂ ਦਾ ਸਿੱਖ ਬੇਸ਼ੱਕ ਆਰਥਿਕ ਪੱਖੋਂ ਗਰੀਬ ਸੀ ਪਰ ਸ਼ਰਧਾ ਅਤੇ ਆਸਥਾ ਪੱਖੋਂ ਬਹੁਤ ਅਮੀਰ। ਸੈਦਪੁਰ ਨੇੜੇ ਲਾਲੋਂ ਜੀ ਦਾ ਪਿੰਡ ਸੀ। ਨਾਨਕ ਜੀ ਨਾਲ ਉਹਨਾਂ ਦੇ ਸਾਥੀ ਮਰਦਾਨਾ ਜੀ ਵੀ ਸਨ। ਭਾਈ ਲਾਲੋਂ ਜੀ ਨੇ ਗੁਰੂ ਸਾਹਿਬ ਦੀ ਸੇਵਾ ਕੀਤੀ। ਰੁੱਖਾ ਮਿੱਸਾ ਭੋਜਨ ਕਰਵਾਇਆ। ਇਸ ਤਰ੍ਹਾਂ ਪਾਤਸ਼ਾਹ ਕਈ ਦਿਨ ਪਿੰਡ ਦੇ ਬਾਹਰ ਭਗਤੀ ਕਰਦੇ ਰਹੇ। ਇਸ ਅਸਥਾਨ ਤੇ ਗੁਰਦਆਰਾ ਰੋੜੀ ਸਾਹਿਬ ਸੁਸ਼ੋਭਿਤ ਹੈ।

ਮਲਿਕ ਭਾਗੋ ਦਾ ਤੋੜਿਆ ਹੰਕਾਰ

ਜਿਸ ਪਿੰਡ ਵਿੱਚ ਭਾਈ ਲਾਲੋਂ ਰਹਿੰਦੇ ਸਨ ਉਸੇ ਪਿੰਡ ਦਾ ਇੱਕ ਸ਼ਾਹੂਕਾਰ ਸੀ ਮਲਿਕ ਭਾਗੋ, ਆਰਥਿਕ ਪੱਖੋਂ ਬਹੁਤ ਅਮੀਰ। ਜਦੋਂ ਉਸ ਨੂੰ ਪਤਾ ਲੱਗਿਆ ਕਿ ਕੋਈ ਫਕੀਰ ਆਏ ਨੇ ਤਾਂ ਉਸ ਨੇ ਇਕ ਮਹਾਭੋਜ ਦਾ ਸਮਾਗਮ ਕਰਵਾਇਆ। ਜਿਸ ਦੇ ਲਈ ਨਾਨਕ ਜੀ ਨੂੰ ਵੀ ਸੱਦਾ ਭੇਜਿਆ ਗਿਆ। ਪਰ ਸਤਿਗੁਰੂ ਜੀ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਜਦੋਂ ਇਹ ਗੱਲ ਮਲਿਕ ਭਾਗੋ ਨੂੰ ਪਤਾ ਲੱਗੀ ਤਾਂ ਉਸ ਨੂੰ ਬਹੁਤ ਗੁੱਸਾ ਆਇਆ। ਉਹ ਆਪਣੇ ਟਹਿਲੀਆ ਦੇ ਨਾਲ ਬਾਬੇ ਨਾਨਕ ਕੋਲ ਆਇਆ।

ਉਸ ਨੇ ਕਿਹਾ ਕਿ ਤੁਹਾਨੂੰ ਲਾਲੋ ਕੀ ਖਾਣ ਨੂੰ ਦਿੱਤਾ ਹੋਵੇਗਾ ਰੁੱਖੀਆ ਰੋਟੀਆਂ, ਮੇਰੇ ਕੋਲ 36 ਪ੍ਰਕਾਰ ਦੇ ਭੋਜਨ ਤਿਆਰ ਹਨ। ਪਰ ਤੁਸੀਂ ਛਕਣ ਲਈ ਨਹੀਂ ਆਏ ਤਾਂ ਉਸ ਦਾ ਹੰਕਾਰ ਤੋੜਣ ਲਈ ਬਾਬੇ ਨਾਨਕ ਜੀ ਨੇ ਇੱਕ ਹੱਥ ਵਿੱਚ ਮਲਿਕ ਭਾਗੋ ਦੀ ਰੋਟੀ ਲਈ ਇੱਕ ਹੱਥ ਵਿੱਚ ਭਾਈ ਲਾਲੋਂ ਦੀ। ਲਾਲੋ ਜੀ ਦੀ ਰੋਟੀ ਵਿੱਚ ਦੁੱਧ ਨਿਕਲਿਆ ਅਤੇ ਮਲਿਕ ਭਾਗੋ ਦੀ ਰੋਟੀ ਵਿੱਚੋਂ ਖੂਨ। ਜਦੋਂ ਸਾਰਿਆਂ ਨੇ ਇਹ ਦ੍ਰਿਸ਼ ਦੇਖਿਆ ਤਾਂ ਹੈਰਾਨ ਰਹਿ ਗਏ। ਪਾਤਸ਼ਾਹ ਨੇ ਕਿਹਾ ਮਲਿਕ ਭਾਗੋ ਲਾਲੋ ਆਪਣੀ ਮਿਹਨਤ ਕਰਕੇ ਰੋਟੀ ਕਮਾਉਂਦਾ ਹੈ। ਉਸਦਾ ਭੋਜਨ ਵੀ ਪਵਿੱਤਰ ਹੈ। ਤੁਸੀਂ ਲੋਕਾਂ ਦਾ ਹੱਕ ਮਾਰਦੇ ਹੋ। ਤੁਹਾਡੇ 36 ਪ੍ਰਕਾਰ ਦੇ ਭੋਜਨ ਕਿਸੇ ਕੰਮ ਦੇ ਨਹੀਂ। ਇਸ ਤਰ੍ਹਾਂ ਮਲਿਕ ਭਾਗੋ ਦਾ ਹੰਕਾਰ ਟੁੱਟ ਗਿਆ। ਉਸ ਨੇ ਪਾਤਸ਼ਾਹ ਤੋਂ ਮੁਆਫ਼ੀ ਮੰਗੀ ਅਤੇ ਹਮੇਸਾ ਲਈ ਹੱਕ ਹਲਾਲ ਦੀ ਕਮਾਈ ਕਰਨ ਦਾ ਪ੍ਰਣ ਲਿਆ।

ਬਾਬਰ ਨੂੰ ਲਲਕਾਰ

1519 ਵਿੱਚ ਕਾਬੁਲ ਤੋਂ ਬਾਬਰ ਨੇ ਪੰਜਾਬ ਤੇ ਹਮਲਾ ਕੀਤਾ।ਇਸ ਸਮੇਂ ਪਾਤਸ਼ਾਹ ਸੈਦਪੁਰ ਵਿੱਚ ਸਨ। ਜਿੱਥੇ ਹਮਲੇ ਹੋਇਆ ਸੀ। ਬਾਬਰ ਦੀਆਂ ਫੌਜਾਂ ਨੇ ਲੁੱਟ ਮਚਾਈ। ਗਰੀਬਾਂ ਦੀ ਲੁੱਟ, ਬੇਦੋਸ਼ਾਂ ਨੂੰ ਮਾਰੇ ਜਾਣ ਦਾ ਦ੍ਰਿਸ਼ ਦੇਖ ਪਾਤਸ਼ਾਹ ਨੇ ਬਾਬਰ ਨੂੰ ਲਲਕਾਰਦਿਆਂ ਕਿਹਾ ਬਾਬਰ ਨੂੰ ਜਾਬਰ ਹੈ। ਤੂੰ ਆਪਣੀ ਜਿੱਤ ਲਈ ਬੇਦੋਸ਼ਾਂ ਦਾ ਕਤਲੇਆਮ ਕਰ ਰਿਹਾ ਹੈ। ਪਾਤਸ਼ਾਹ ਆਪਣੀ ਬਾਣੀ ਵਿੱਚ ਇਸ ਘਟਨਾ ਬਾਰੇ ਇੰਝ ਲਿਖਦੇ ਹਨ।

ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥
ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥

ਬਾਬਰ ਐਨਾ ਸ਼ਕਤੀਸ਼ਾਲੀ ਸੀ ਕਿ ਉਸ ਸਮੇਂ ਉਸਦੇ ਅੱਗੇ ਕੋਈ ਵੀ ਧਰਮ ਦੀ ਗੱਲ ਨਹੀਂ ਸੀ ਕਰ ਸਕਦਾ। ਚਾਹੇ ਉਹ ਬਾਹਮਣ ਹੋਵੇ ਜਾਂ ਫਿਰ ਕਾਜੀ। ਸਾਰੇ ਉਸਦੀ ਅੱਤ ਤੋਂ ਡਰਦੇ ਸਨ।

ਬਾਬੇ ਨੂੰ ਕੈਦ ਕਰਨਾ

ਜਦੋਂ ਬਾਬੇ ਨਾਨਕ ਨੇ ਬਾਬਰ ਨੂੰ ਲਲਕਾਰਿਆ ਤਾਂ ਬਾਬਰ ਦੀਆਂ ਫੌਜਾਂ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਜਿੱਥੇ ਪਾਤਸ਼ਾਹ ਨੂੰ ਚੱਕੀ ਚਲਾਉਣ ਦਾ ਕੰਮ ਦਿੱਤਾ। ਜਿਸ ਚੱਕੀ ਨੂੰ ਪ੍ਰਮਾਤਮਾ ਦੇ ਹੱਥ ਲੱਗ ਜਾਣ ਉਸ ਦਾ ਧੰਨ ਧੰਨ ਹੋ ਜਾਣਾ ਲਾਜ਼ਮੀ ਹੈ। ਕੁਦਰਤ ਨੇ ਐਸੀ ਲੀਲਾ ਵਰਤਾਈ ਕਿ ਉਹ ਚੱਕੀ ਆਪਣੇ ਆਪ ਚੱਲਣ ਲੱਗੀ। ਬਾਬਰ ਦੇ ਸਿਪਾਹੀਆਂ ਨੇ ਜਦੋਂ ਇਹ ਘਟਨਾ ਦੇਖੀ ਤਾਂ ਉਹਨਾਂ ਬਾਬਰ ਤੱਕ ਇਹ ਗੱਲ ਪਹੁੰਚਾਈ। ਬਾਬਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਸ ਨੇ ਆ ਕੇ ਪਾਤਸ਼ਾਹ ਕੋਲੋਂ ਮੁਆਫੀ ਮੰਗੀ ਅਤੇ ਰਿਹਾਅ ਕਰ ਦਿੱਤਾ। ਪਾਤਸ਼ਾਹ ਨੇ ਬਾਬਰ ਨੂੰ ਕਿਹਾ ਕਿ ਕਦੇ ਵੀ ਜੁਲਮ ਕਰਕੇ ਪ੍ਰਾਪਤ ਕੀਤੇ ਰਾਜ ਜ਼ਿਆਦਾ ਸਮਾਂ ਤੱਕ ਨਹੀਂ ਚਲਦੇ।

ਬਾਬਰ ਨੇ ਪਾਤਸ਼ਾਹ ਤੋਂ ਆਪਣੇ ਕੀਤੇ ਕਰਮਾ ਦੀ ਮੁਆਫੀ ਮੰਗੀ। ਪਾਤਸ਼ਾਹ ਬਾਬਰ ਦੀ ਕੈਦ ਤੋਂ ਰਿਹਾਅ ਹੋ ਕੇ ਆਪਣੀ ਉਦਾਸੀ ਤੇ ਅਗਾਂਹ ਵੱਲ ਚੱਲੇ ਗਏ।