ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅੱਜ, ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਚ ਨਤਮਸਤਕ ਹੋ ਰਹੀਆਂ ਸੰਗਤਾਂ
Guru Gobind Singh Ji Birth anniversary: ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਕਾਰਨ ਵੈਰਾਗੀ ਮਾਹੌਲ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਵਾਰ ਆਤਿਸ਼ਬਾਜ਼ੀ ਨਹੀਂ ਕੀਤੀ ਜਾਏਗੀ ਅਤੇ ਸਿਰਫ਼ ਦੀਪ ਮਾਲਾ ਰਾਹੀਂ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ। ਸੰਗਤਾਂ ਨੇ ਇਸ ਫੈਸਲੇ ਦੀ ਪ੍ਰਸ਼ੰਸਾ ਕੀਤੀ। ਉੱਥੇ ਹੀ ਸੰਗਤਾਂ ਦੇ ਦਰਸ਼ਨ ਦੀਦਾਰੇ ਦੇ ਲਈ ਜਲੋਹ ਸਾਹਿਬ ਵੀ ਸਜਾਏ ਗਏ।
ਅੰਮ੍ਰਿਤਸਰ: ਅੱਜ ਸਰਬੰਸ ਦਾਨੀ, ਖ਼ਾਲਸਾ ਪੰਥ ਦੇ ਸਾਜਣਹਾਰ ਤੇ ਅੰਮ੍ਰਿਤ ਦੇ ਦਾਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ। ਇਸ ਪਾਵਨ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਦੇਸ਼ਾਂਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ ਅਤੇ ਸਰੱਬਤ ਦੇ ਭਲੇ ਲਈ ਅਰਦਾਸਾਂ ਕੀਤੀਆਂ।
ਇਹ ਦਿਨ ਖ਼ਾਸ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਨ੍ਹਾਂ ਦਿਨਾਂ ਵਿੱਚ ਹੀ ਸਤਿਗੁਰੂ ਦੇ ਪਿਆਰੇ ਚਾਰ ਸਾਹਿਬਜ਼ਾਦੇ—ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ—ਦੀ ਸ਼ਹਾਦਤ ਦੇ ਦਿਹਾੜੇ ਵੀ ਮਨਾਏ ਜਾਂਦੇ ਹਨ। ਛੋਟੀ ਉਮਰ ਵਿੱਚ ਜ਼ੁਲਮ ਦੇ ਸਾਹਮਣੇ ਡਟ ਕੇ ਖੜ੍ਹ ਜਾਣ ਵਾਲੇ ਸਾਹਿਬਜ਼ਾਦਿਆਂ ਨੇ ਸਮੇਂ ਦੇ ਹੁਕਮਰਾਨਾਂ ਨੂੰ ਇਹ ਸਾਬਤ ਕਰ ਦਿੱਤਾ ਕਿ ਸਭ ਤੋਂ ਵੱਡਾ ਧਰਮ ਇਨਸਾਨੀਅਤ ਹੈ।
ਮਨੁੱਖਤਾ ਦੀ ਭਲਾਈ ਲਈ ਕੁਰਬਾਨ ਕਰ ਦਿੱਤਾ ਪੂਰਾ ਪਰਿਵਾਰ
ਜਾਣਕਾਰੀ ਦਿੰਦਿਆਂ ਹਜ਼ੂਰੀ ਰਾਗੀ ਭਾਈ ਜੁਝਾਰ ਸਿੰਘ ਜੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਵਿਰੋਧ ਕਿਸੇ ਧਰਮ ਜਾਂ ਕੌਮ ਨਾਲ ਨਹੀਂ, ਸਗੋਂ ਕੇਵਲ ਜ਼ੁਲਮ ਨਾਲ ਸੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਾਰਾ ਪਰਿਵਾਰ ਮਨੁੱਖਤਾ ਦੀ ਭਲਾਈ ਲਈ ਕੁਰਬਾਨ ਕਰ ਦਿੱਤਾ ਅਤੇ ਅੱਜ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੀ ਬਖ਼ਸ਼ੀ ਗੁਰਬਾਣੀ ਅਤੇ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਢਾਲੀਏ।
ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਕਾਰਨ ਵੈਰਾਗੀ ਮਾਹੌਲ
ਉਨ੍ਹਾਂ ਨੇ ਕਿਹਾ ਕਿ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਕਾਰਨ ਵੈਰਾਗੀ ਮਾਹੌਲ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਵਾਰ ਆਤਿਸ਼ਬਾਜ਼ੀ ਨਹੀਂ ਕੀਤੀ ਜਾਏਗੀ ਅਤੇ ਸਿਰਫ਼ ਦੀਪ ਮਾਲਾ ਰਾਹੀਂ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ। ਸੰਗਤਾਂ ਨੇ ਇਸ ਫੈਸਲੇ ਦੀ ਪ੍ਰਸ਼ੰਸਾ ਕੀਤੀ। ਉੱਥੇ ਹੀ ਸੰਗਤਾਂ ਦੇ ਦਰਸ਼ਨ ਦੀਦਾਰੇ ਦੇ ਲਈ ਜਲੋਹ ਸਾਹਿਬ ਵੀ ਸਜਾਏ ਗਏ।
ਸਰੱਬਤ ਦੇ ਭਲੇ ਲਈ ਅਰਦਾਸ
ਇਸ ਮੌਕੇ ਗੁਰੂ ਘਰ ਮੱਥਾ ਟੇਕਣ ਪਹੁੰਚੇ ਭੁਪਿੰਦਰ ਸਿੰਘ ਅਤੇ ਹੋਰ ਸ਼ਰਧਾਲੂਆਂ ਨੇ ਕਿਹਾ ਕਿ ਅੱਜ ਦੋ ਮਹਾਨ ਦਿਹਾੜੇ ਇਕੱਠੇ ਆਉਣ ਕਾਰਨ ਸ਼ਰਧਾ ਹੋਰ ਵਧ ਗਈ ਹੈ। ਉਨ੍ਹਾਂ ਦੱਸਿਆ ਕਿ ਸੰਗਤਾਂ ਵਾਹਿਗੁਰੂ ਦੀ ਚੜ੍ਹਦੀ ਕਲਾ ਅਤੇ ਸਰੱਬਤ ਦੇ ਭਲੇ ਦੀ ਅਰਦਾਸ ਕਰ ਰਹੀਆਂ ਹਨ।
ਇਹ ਵੀ ਪੜ੍ਹੋ
ਅਖੀਰ ਵਿੱਚ ਸਿੱਖ ਸੰਗਤ ਨੂੰ ਅਪੀਲ ਕੀਤੀ ਗਈ ਕਿ ਹਰ ਮਨੁੱਖ ਸਿੱਖੀ ਨਾਲ ਜੁੜੇ, ਇਤਿਹਾਸ ਨੂੰ ਜਾਣੇ, ਅੰਮ੍ਰਿਤ ਛਕੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਮਾਰਗ ਤੇ ਚਲ ਕੇ ਆਪਣੇ ਜੀਵਨ ਨੂੰ ਸੁਹੇਲਾ ਬਣਾਏ।
