ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਰਹਿਣ ਵਾਲੇ… ਭਗਤ ਪਰਮਾਨੰਦ ਜੀ

jarnail-singhtv9-com
Published: 

08 Jul 2024 06:15 AM

ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕੀਤਾ ਤਾਂ ਭਗਤ ਸਹਿਬਾਨਾਂ ਨੂੰ ਵਿਸ਼ੇਸ ਸਤਿਕਾਰ ਦਿੱਤਾ। ਉਹਨਾਂ ਭਗਤਾਂ ਵਿੱਚੋਂ ਇੱਕ ਹਨ ਭਗਤ ਪਰਮਾਨੰਦ ਜੀ, ਸਿੱਖ ਇਤਿਹਾਸ ਦੀ ਇਸ ਲੜੀ ਵਿੱਚ ਆਓ ਜਾਣਦੇ ਹਾਂ ਉਹਨਾਂ ਬਾਰੇ।

ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਰਹਿਣ ਵਾਲੇ... ਭਗਤ ਪਰਮਾਨੰਦ ਜੀ

ਭਗਤ ਪਰਮਾਨੰਦ ਜੀ (pic credit: social media)

Follow Us On

ਦਸ ਗੁਰੂ ਸਹਿਬਾਨਾਂ ਦੀ ਜਾਗਦੀ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 15 ਭਗਤ ਸਹਿਬਾਨਾਂ ਦੀ ਬਾਣੀ ਦਰਜ ਹੈ। ਉਹਨਾਂ ਵਿੱਚੋਂ ਇੱਕ ਨਾਮ ਭਗਤ ਪਰਮਾਨੰਦ ਜੀ ਦਾ ਹੈ। ਭਗਤ ਪਰਮਾਨੰਦ ਜੀ ਮੱਧ-ਕਾਲ ਦੇ ਜਨ ਸੰਤ ਹੋਏ। ਬੇਸ਼ੱਕ ਆਪ ਜੀ ਦੇ ਸਬੰਧ ਵਿੱਚ ਕੋਈ ਸਪੱਸ਼ਟ ਜਾਣਕਾਰੀ ਤਾਂ ਨਹੀਂ ਮਿਲਦੀ। ਪਰ ਅਨੁਮਾਨ ਹੈ ਕਿ ਆਪ ਜੀ ਦਾ ਜਨਮ 1483 ਈਸਵੀ ਵਿੱਚ ਹੋਇਆ।

ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਅਨੁਸਾਰ ਭਗਤ ਪਰਮਾਨੰਦ ਜੀ ਦਾ ਜਨਮ ਪਿੰਡ ਬਾਰਸੀ ਵਿੱਚ ਹੋਇਆ ਸੀ। ਜੋ ਕਿ ਮਹਾਰਾਸ਼ਟਰਾ ਦੇ ਜ਼ਿਲ੍ਹਾ ਸ਼ੋਲਾਪੁਰ ਦੇ ਅਧੀਨ ਪੈਂਦਾ ਸੀ। ਭਗਤ ਜੀ ਜ਼ਿਆਦਾਤਾਰ ਸਮਾਂ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ। ਜਿਸ ਕਾਰਨ ਆਪ ਜੀ ਦੀ ਅਵਸਥਾ ਵੈਰਾਗ ਵਾਲੀ ਸੀ ਅਤੇ ਆਪ ਜੀ ਦੀਆਂ ਅੱਖਾਂ ਵਿੱਚੋਂ ਨੀਰ ਵਹਿਦਾ ਰਹਿੰਦਾ ਸੀ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ

ਆਪ ਜੀ ਦਾ ਇੱਕ ਸ਼ਬਦ ਸਾਰੰਗ ਰਾਗ ਦੇ ਅਧੀਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 1253 ‘ਤੇ ਦਰਜ ਹੈ। ਇਸ ਤੋਂ ਇਲਾਵਾ ਆਪ ਜੀ ਸੰਸਕ੍ਰਿਤ, ਅਵਧੀ ਤੇ ਹਿੰਦੀ ਦੇ ਬਹੁਤ ਵੱਡੇ ਵਿਦਿਵਾਨ ਸਨ। ਜਿਸ ਵੇਲੇ ਉਹ ਕਵੀ ਵਜੋਂ ਭੂਮਿਕਾ ਨਿਭਾਅ ਰਹੇ ਸਨ। ਉਸ ਸਮੇਂ ਭਗਤੀ ਲਹਿਰ ਜ਼ੋਰਾਂ ਤੇ ਚੱਲ ਰਹੀ ਸੀ।

ਮਨੁੱਖ ਰਿਹਾ ਕੇਂਦਰ ਚ

ਆਪ ਜੀ ਦੀ ਬਾਣੀ ਵਿੱਚ ਮਨੁੱਖ ਨੂੰ ਕੇਂਦਰ ਵਿੱਚ ਰੱਖਿਆ ਗਿਆ ਹੈ। ਭਗਤ ਪਰਮਾਨੰਦ ਜੀ ਪਰਾਈ ਨਿੰਦਿਆਂ ਦੇ ਸਖ਼ਤ ਖਿਲਾਫ਼ ਸਨ ਅਤੇ ਲੋੜਵੰਦਾਂ ਦੀ ਮਦਦ ਕਰਨਾ ਅਤੇ ਉਹਨਾਂ ਦੀ ਹਿਮਾਇਤ ਕਰਨ ਨੂੰ ਇਨਸਾਨੀ ਫ਼ਰਜ਼ ਸਮਝਦੇ ਸਨ। ਭਗਤ ਪਰਮਾਨੰਦ ਜੀ ਕਹਿੰਦੇ ਹਨ ਕਿ ਪੁਰਾਣ ਅਤੇ ਹੋਰ ਧਾਰਮਿਕ ਕਿਤਾਬਾਂ ਪੜਣ ਜਾਂ ਸੁਣਨ ਦਾ ਕੋਈ ਲਾਭ ਨਹੀਂ। ਜੇਕਰ ਮਨੁੱਖ ਨੇ ਕਿਸੇ ਲੋੜਵੰਦ ਦੀ ਮਦਦ ਨਹੀਂ ਕੀਤੀ। ਕਿਉਂਕਿ ਦੂਜਿਆਂ ਦੀ ਮਦਦ ਕਰਨਾ ਹੀ ਇੱਕ ਚੰਗੇ ਮਨੁੱਖ ਹੋਣ ਦੀ ਨਿਸ਼ਾਨੀ ਹੈ।

ਬੇਸ਼ੱਕ ਆਪ ਜੀ ਦੇ ਬਾਰੇ ਜ਼ਿਆਦਾ ਜਾਣਕਾਰੀ ਦੀ ਥੋੜ ਹੈ ਪਰ ਫਿਰ ਵੀ ਕਈ ਇਤਿਹਾਸਕਾਰ ਪਰਮਾਨੰਦ ਸਾਗਰ, ਪਰਮਾਦਾਸ ਕਾ ਪਦ ਦਾਨ ਲੀਲਾ ਅਤੇ ਧਰੁਵ ਚਰਿੱਤ੍ਰ ਆਦਿ ਰਚਨਾਵਾਂ ਨੂੰ ਆਪ ਜੀ ਦੀ ਕ੍ਰਿਤ ਮੰਨਦੇ ਹਨ। ਕਈ ਇਤਿਹਾਸਕਾਰਾਂ ਅਨੁਸਾਰ ਆਪ ਜੀ 110 ਸਾਲ ਦੀ ਉਮਰ ਪੂਰੇ ਕਰਦੇ ਹੋਏ 1593 ਈਸਵੀ ਵਿੱਚ ਪ੍ਰਭੂ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਵਿਰਾਜੇ।