ਜਲੰਧਰ ‘ਚ ਸਵਾਈਨ ਫਲੂ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ, ਹੁਣ ਤੱਕ 15 ਮਰੀਜ਼
Swine Flu Cases in Jalandhar: ਪੂਰੇ ਦੇਸ਼ ਵਿੱਚ ਇਨ੍ਹੀਂ ਦਿਨੀਂ ਕਈ ਤਰ੍ਹਾਂ ਦੇ ਫਲੂ ਫੈਲੇ ਹੋਏ ਹਨ। ਜਿਆਦਾਤਰ ਲੋਕ ਖਾਂਸੀ, ਜੁਕਾਮ ਅਤੇ ਬੁਖ਼ਾਰ ਨਾਲ ਪੀੜਤ ਹਨ। ਨਾਲ ਹੀ ਸਵਾਈਨ ਫਲੂ ਅਤੇ ਡੇਂਗੂ ਦਾ ਕਹਿਰ ਵੀ ਵੇਖਣ ਨੂੰ ਮਿਲ ਰਿਹਾ ਹੈ। ਡਾਕਟਰਾਂ ਦੀ ਸਲਾਹ ਹੈ ਕਿ ਇਸ ਵੇਲ੍ਹੇ ਸਾਵਧਾਨੀ ਦੀ ਬਚਾਅ ਸਾਬਿਤ ਹੋ ਸਕਦੀ ਹੈ। ਲੋਕਾਂ ਨੂੰ ਆਪਣਾ ਬਹੁਤ ਖਿਆਲ ਰੱਖਣਾ ਚਾਹੀਦਾ ਹੈ। ਭੀੜ-ਭਾੜ ਵਾਲੀਆਂ ਥਾਵਾਂ ਤੇ ਜਾਣ ਵੇਲ੍ਹੇ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ।
ਪੰਜਾਬ ਦੇ ਜਲੰਧਰ ਵਿੱਚ ਇੱਕ ਹੋਰ ਸ਼ੱਕੀ ਸਵਾਈਨ ਫਲੂ ਦੇ ਮਰੀਜ਼ ਦੀ ਪੁਸ਼ਟੀ ਹੋਈ ਹੈ। ਜਨਵਰੀ ਤੋਂ ਹੁਣ ਤੱਕ ਸਵਾਈਨ ਫਲੂ ਦੇ 15 ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਨਵੇਂ ਕੇਸ ਸਬੰਧੀ ਸੈਂਪਲ ਅੰਮ੍ਰਿਤਸਰ ਸਥਿਤ ਲੈਬ ਵਿੱਚ ਭੇਜੇ ਗਏ ਹਨ। ਮਰੀਜ਼ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਵਰਨਣਯੋਗ ਹੈ ਕਿ ਹਰ ਹਫ਼ਤੇ ਇੱਕ ਤੋਂ ਦੋ ਸੈਂਪਲ ਟੈਸਟ ਲਈ ਅੰਮ੍ਰਿਤਸਰ ਲੈਬ ਵਿੱਚ ਭੇਜੇ ਜਾ ਰਹੇ ਹਨ। ਸਵਾਈਨ ਫਲੂ ਨੂੰ ਲੈ ਕੇ ਸਿਹਤ ਵਿਭਾਗ ਵੀ ਚੌਕਸ ਹੈ।
ਸਿਵਲ ਸਰਜਨ ਡਾ.ਗੁਰਮੀਤ ਲਾਲ ਨੇ ਦੱਸਿਆ ਕਿ ਟਰਾਮਾ ਸੈਂਟਰ ਵਿੱਚ ਆਈਸੋਲੇਸ਼ਨ ਵਾਰਡ ਵੀ ਬਣਾਇਆ ਗਿਆ ਹੈ। ਇੱਥੇ ਚਾਰ ਵੈਂਟੀਲੇਟਰ ਬੈੱਡ ਹਨ ਪਰ ਅਜੇ ਤੱਕ ਵਾਰਡ ਵਿੱਚ ਕੋਈ ਮਰੀਜ਼ ਦਾਖ਼ਲ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਸਵਾਈਨ ਫਲੂ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਹ ਤੁਰੰਤ ਆਪਣੀ ਜਾਂਚ ਕਰਵਾਉਣ।
ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ‘ਚ ਵੀ ਹੋ ਰਿਹਾ ਵਾਧਾ
ਇਸੇ ਜ਼ਿਲ੍ਹੇ ਵਿੱਚ ਡੇਂਗੂ ਦੇ ਮਰੀਜ਼ਾਂ ਦਾ ਗ੍ਰਾਫ਼ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ। ਸੋਮਵਾਰ ਨੂੰ ਡੇਂਗੂ ਦੇ ਤਿੰਨ ਪਾਜ਼ੀਟਿਵ ਮਰੀਜ਼ ਮਿਲੇ ਸਨ। ਇਸ ਨਾਲ ਡੇਂਗੂ ਦੇ ਮਰੀਜ਼ਾਂ ਦੀ ਕੁੱਲ ਗਿਣਤੀ 61 ਹੋ ਗਈ ਹੈ। ਡੇਂਗੂ ਦੇ ਲਾਰਵੇ ਦੀ ਜਾਂਚ ਲਈ ਸਿਹਤ ਵਿਭਾਗ ਦੀ ਟੀਮ ਵੱਲੋਂ ਘਰ-ਘਰ ਜਾ ਕੇ ਸਰਵੇ ਕੀਤਾ ਜਾ ਰਿਹਾ ਹੈ। ਹੁਣ ਤੱਕ 986 ਘਰਾਂ ਵਿੱਚੋਂ ਡੇਂਗੂ ਦਾ ਲਾਰਵਾ ਵੀ ਮਿਲਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਜਾਂਚ ਲਈ 1020 ਐਲੀਸਾ ਟੈਸਟ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 483 ਹੋਰ ਸੈਂਪਲ ਦੂਜੇ ਜ਼ਿਲ੍ਹਿਆਂ ਦੇ ਹਨ। ਸਿਹਤ ਵਿਭਾਗ ਨੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਲਈ ਕਿਹਾ ਹੈ।
ਲੋਕਾਂ ਨੂੰ ਡਾਕਟਰਾਂ ਦੀ ਸਲਾਹ
ਲਗਾਤਾਰ ਫੈਲ ਰਹੇ ਫਲੂ ਅਤੇ ਠੰਡ ਨਾਲ ਸਬੰਧਿਤ ਹੋਰਨਾਂ ਬੀਮਾਰੀਆਂ ਕਰਕੇ ਡਾਕਟਰ ਲਗਾਤਾਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦੇ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਜਰੂਰੀ ਨਾ ਹੋਵੇ ਤਾਂ ਭੀੜ ਭੜਕੇ ਵਾਲੀਆਂ ਥਾਵਾਂ ਤੇ ਜਾਣ ਤੋਂ ਬੱਚਣਾ ਚਾਹੀਦਾ ਹੈ। ਸ਼ਰੀਰ ਦੀ ਸਾਫ-ਸਫਾਈ ਦਾ ਖਾਸ ਖਿਆਲ ਰੱਖੋ ਅਤੇ ਨਾਲ ਹੀ ਆਪਣੇ ਘਰਾਂ ਅਤੇ ਆਲੇ-ਦੁਆਲੇ ਵੀ ਸਵੱਛਤਾ ਦਾ ਧਿਆਨ ਰੱਖੋ।