SGPC ਦੀਆਂ ਜਾਇਦਾਦਾਂ ਨੂੰ ਖੁਰਦ-ਬੁਰਦ ਕਰਨ ਦੇ ਇਲਜ਼ਾਮ, ਗਿਆਨੀ ਹਰਪ੍ਰੀਤ ਸਿੰਘ ਨੇ ਗੁਰਦੁਆਰਾ ਦੀਆਂ ਜ਼ਮੀਨਾਂ ਵੇਚਣ ‘ਤੇ ਚੁੱਕੇ ਸਵਾਲ
ਗਿਆਨੀ ਹਰਪ੍ਰੀਤ ਸਿੰਘ ਨੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਗੁਰਦੁਆਰਾ ਭੱਠਾ ਸਾਹਿਬ ਕੋਟਲਾ ਨਿਹੰਗ ਖਾਨ (ਰੋਪੜ) ਵਿਖੇ ਸਾਲ 2002 'ਚ ਇੱਕ ਬੀਬੀ ਵੱਲੋਂ ਦਾਨ ਕੀਤੀ ਗਈ ਪ੍ਰਾਈਮ ਲੋਕੇਸ਼ਨ ਦੀ ਇੱਕ ਏਕੜ ਜ਼ਮੀਨ ਨੂੰ ਮਹਿਜ਼ 7,000 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਵੇਚ ਦਿੱਤਾ ਗਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਹਾਈਵੇਅ 'ਤੇ ਸਥਿਤ ਜ਼ਮੀਨ ਨੂੰ ਇੰਨੇ ਘੱਟ ਰੇਟ 'ਤੇ ਵੇਚਣ ਦੀ ਕੀ ਲੋੜ ਸੀ?
SGPC ਦੀਆਂ ਜਾਇਦਾਦਾਂ ਨੂੰ ਖੁਰਦ-ਬੁਰਦ ਕਰਨ ਦੇ ਇਲਜ਼ਾਮ, ਗਿਆਨੀ ਹਰਪ੍ਰੀਤ ਸਿੰਘ ਨੇ ਗੁਰਦੁਆਰਾ ਦੀਆਂ ਜ਼ਮੀਨਾਂ ਵੇਚਣ 'ਤੇ ਚੁੱਕੇ ਸਵਾਲ
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਵਰਕਿੰਗ ਕਮੇਟੀ ਦੀ ਅਹਿਮ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਬੰਧਾਂ ਤੇ ਗੁਰਦੁਆਰਾ ਜ਼ਮੀਨਾਂ ਦੀ ਖਰੀਦ-ਵੇਚ ‘ਚ ਹੋ ਰਹੀਆਂ ਕਥਿਤ ਬੇਨਿਯਮੀਆਂ ‘ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਇਲਜ਼ਾਮ ਲਗਾਇਆ ਕਿ SGPC ਸਿਰਫ਼ ਪੰਥਕ ਜਾਇਦਾਦਾਂ ਦੀ ‘ਕੇਅਰ ਟੇਕਰ’ ਹੈ, ਮਾਲਕ ਨਹੀਂ, ਪਰ ਮੌਜੂਦਾ ਲੀਡਰਸ਼ਿਪ ਇਨ੍ਹਾਂ ਨੂੰ ਨਿੱਜੀ ਹਿੱਤਾਂ ਲਈ ਵਰਤ ਰਹੀ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਗੁਰਦੁਆਰਾ ਭੱਠਾ ਸਾਹਿਬ ਕੋਟਲਾ ਨਿਹੰਗ ਖਾਨ (ਰੋਪੜ) ਵਿਖੇ ਸਾਲ 2002 ‘ਚ ਇੱਕ ਬੀਬੀ ਵੱਲੋਂ ਦਾਨ ਕੀਤੀ ਗਈ ਪ੍ਰਾਈਮ ਲੋਕੇਸ਼ਨ ਦੀ ਇੱਕ ਏਕੜ ਜ਼ਮੀਨ ਨੂੰ ਮਹਿਜ਼ 7,000 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਵੇਚ ਦਿੱਤਾ ਗਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਹਾਈਵੇਅ ‘ਤੇ ਸਥਿਤ ਜ਼ਮੀਨ ਨੂੰ ਇੰਨੇ ਘੱਟ ਰੇਟ ‘ਤੇ ਵੇਚਣ ਦੀ ਕੀ ਲੋੜ ਸੀ?
ਇਸੇ ਤਰ੍ਹਾਂ ਉਨ੍ਹਾਂ ਗੁਰਦੁਆਰਾ ਅੰਬ ਸਾਹਿਬ (ਮੋਹਾਲੀ) ਦੀ ਜ਼ਮੀਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਗਮਾਡਾ ਨੇ 39 ਕਰੋੜ 43 ਲੱਖ ਰੁਪਏ ਮੁਆਵਜ਼ਾ ਦਿੱਤਾ ਸੀ। ਐਕਟ ਮੁਤਾਬਕ ਜ਼ਮੀਨ ਵੇਚ ਕੇ ਮਿਲਿਆ ਪੈਸਾ ਸਿਰਫ਼ ਨਵੀਂ ਜ਼ਮੀਨ ਖਰੀਦਣ ਲਈ ਵਰਤਿਆ ਜਾ ਸਕਦਾ ਹੈ, ਪਰ SGPC ਨੇ ਅਜੇ ਤੱਕ ਕੋਈ ਨਵੀਂ ਪ੍ਰਾਪਰਟੀ ਨਹੀਂ ਖਰੀਦੀ। ਉਨ੍ਹਾਂ ਸ਼ੱਕ ਜਤਾਇਆ ਕਿ ਇਹ ਪੈਸਾ ਗਲਤ ਤਰੀਕੇ ਨਾਲ ਫੰਡਾਂ ‘ਚ ਵਰਤਿਆ ਗਿਆ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, “ਲੱਗਦਾ ਹੈ ਕਿ ਚੋਣਾਂ ਨੇੜੇ ਹਨ, ਇਸ ਲਈ ਫੰਡ ਇਕੱਠੇ ਕਰਨ ਵਾਸਤੇ ਪੰਥਕ ਜ਼ਮੀਨਾਂ ਵੇਚੀਆਂ ਜਾ ਰਹੀਆਂ ਹਨ।” ਉਨ੍ਹਾਂ ਅੱਗੇ ਕਿਹਾ ਕਿ SGPC ਦੇ ਪ੍ਰਧਾਨ ਪਹਿਲਾਂ ਇਨ੍ਹਾਂ ਮਾਮਲਿਆਂ ਤੋਂ ਇਨਕਾਰ ਕਰਦੇ ਹਨ ਤੇ ਫਿਰ ਅਫਸਰਾਂ ‘ਤੇ ਕਾਰਵਾਈ ਦੀ ਗੱਲ ਕਰਦੇ ਹਨ, ਜੋ ਕਿ ਖੁਦ ਹੀ ਸ਼ੱਕ ਪੈਦਾ ਕਰਦਾ ਹੈ।
ਉਨ੍ਹਾਂ ਆਮ ਆਦਮੀ ਪਾਰਟੀ ਦੀ ਰੈਲੀ ਵਿੱਚ SGPC ਦੇ ਉੱਚ ਅਹੁਦੇਦਾਰਾਂ ਦੀ ਸ਼ਮੂਲੀਅਤ ‘ਤੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇੰਨੇ ਸਤਿਕਾਰਯੋਗ ਅਹੁਦਿਆਂ ‘ਤੇ ਬੈਠੇ ਵਿਅਕਤੀਆਂ ਦਾ ਸਿਆਸੀ ਰੈਲੀਆਂ’ਚ ਜਾਣਾ ਸਿੱਖ ਸੰਗਤ ਦੇ ਮਨਾਂ ‘ਚ ਚਿੰਤਾ ਪੈਦਾ ਕਰਦਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਧਾਰਮਿਕ ਸਿਧਾਂਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ
ਪਾਰਟੀ ਦੀ ਮਜ਼ਬੂਤੀ ਲਈ ਉਨ੍ਹਾਂ ਐਲਾਨ ਕੀਤਾ ਕਿ 3 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਵੱਡੀ ਪੰਥਕ ਕਾਨਫਰੰਸ ਕੀਤੀ ਜਾਵੇਗੀ। ਇਸ ਮੌਕੇ ਪਾਰਟੀ ਆਪਣਾ ‘ਵਿਜ਼ਨ ਡਾਕੂਮੈਂਟ’ ਸੰਗਤਾਂ ਦੇ ਰੂਬਰੂ ਕਰੇਗੀ। ਉਨ੍ਹਾਂ ਮੰਗ ਕੀਤੀ ਕਿ 1999 ਤੋਂ ਹੁਣ ਤੱਕ SGPC ਵੱਲੋਂ ਵੇਚੀਆਂ ਤੇ ਖਰੀਦੀਆਂ ਗਈਆਂ ਸਾਰੀਆਂ ਜ਼ਮੀਨਾਂ ਦੀ ਨਿਰਪੱਖ ਪੜਤਾਲ ਹੋਣੀ ਚਾਹੀਦੀ ਹੈ, ਜਿਸ ‘ਚ ਵਿਰੋਧੀ ਧਿਰ ਦੇ ਮੈਂਬਰ ਵੀ ਸ਼ਾਮਲ ਹੋਣ।
