ਬਰਗਾੜੀ ਬੇਅਦਬੀ ਦਾ ਮੁਲਜ਼ਮ ਗੁਰੂਗ੍ਰਾਮ ਤੋਂ ਕਾਬੂ, ਇੱਕ ਔਰਤ ਨੂੰ ਵੀ ਕੀਤਾ ਗਿਆ ਗ੍ਰਿਫ਼ਤਾਰ | pardeep kaler Bargadi sacrilege accused arrested from Gurugram Punjabi news - TV9 Punjabi

ਬਰਗਾੜੀ ਬੇਅਦਬੀ ਦਾ ਮੁਲਜ਼ਮ ਗੁਰੂਗ੍ਰਾਮ ਤੋਂ ਕਾਬੂ, ਇੱਕ ਔਰਤ ਨੂੰ ਵੀ ਕੀਤਾ ਗਿਆ ਗ੍ਰਿਫ਼ਤਾਰ

Updated On: 

10 Feb 2024 11:14 AM

ਬੇਅਦਬੀਆਂ ਨਾਲ ਸੰਬਧਿਤ ਮਾਮਲੇ ਵਿੱਚ ਪੁਲਿਸ ਦੀ ਐਸ ਆਈ ਟੀ ਨੇ ਇੱਕ ਹੋਰ ਮੁਲਜ਼ਮ ਨੂੰ ਕਾਬੂ ਕੀਤਾ ਹੈ। ਗ੍ਰਿਫ਼ਤਾਰੀ ਨਾ ਹੋਣ ਕਾਰਨ ਅਦਾਲਤ ਵੱਲੋਂ ਪ੍ਰਦੀਪ ਕਲੇਰ ਨੂੰ ਭਗੌੜਾ ਐਲਾਨ ਦਿੱਤਾ ਗਿਆ ਸੀ। ਕੁਝ ਦਿਨ ਪਹਿਲਾਂ, ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਦੇ ਸਮਾਰੋਹ ਵਿੱਚ ਸ਼ਾਮਲ ਹੋਣ ਵਾਲੇ ਪ੍ਰਦੀਪ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ।

ਬਰਗਾੜੀ ਬੇਅਦਬੀ ਦਾ ਮੁਲਜ਼ਮ ਗੁਰੂਗ੍ਰਾਮ ਤੋਂ ਕਾਬੂ, ਇੱਕ ਔਰਤ ਨੂੰ ਵੀ ਕੀਤਾ ਗਿਆ ਗ੍ਰਿਫ਼ਤਾਰ

ਰਾਮ ਮੰਦਰ ਟਰੱਸਟ ਦੇ ਆਗੂ ਚੰਪਤ ਰਾਏ ਅਤੇ UP ਸਰਕਾਰ ਦੇ ਮੰਤਰੀ ਨਾਲ ਮੁਲਜ਼ਮ

Follow Us On

ਪੰਜਾਬ ਦੇ ਫਰੀਦਕੋਟ ‘ਚ 2015 ਦੇ ਬਰਗਾੜੀ ਬੇਅਦਬੀ ਕਾਂਡ ‘ਚ ਭਗੌੜੇ ਹੋਏ ਪ੍ਰਦੀਪ ਕਲੇਰ ਨੂੰ ਪੰਜਾਬ ਪੁਲਸ ਨੇ ਹਰਿਆਣਾ ਦੇ ਗੁਰੂਗ੍ਰਾਮ ਤੋਂ ਗ੍ਰਿਫਤਾਰ ਕਰ ਲਿਆ ਹੈ। ਪ੍ਰਦੀਪ ਦੇ ਨਾਲ ਹੀ ਇੱਕ ਔਰਤ ਸਮੇਤ ਦੋ ਹੋਰ ਲੋਕਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲਦ ਹੀ ਤਿੰਨਾਂ ਮੁਲਜ਼ਮਾਂ ਨੂੰ ਹਰਿਆਣਾ ਦੇ ਗੁਰੂਗ੍ਰਾਮ ਤੋਂ ਪੰਜਾਬ ਲਿਆਂਦਾ ਜਾ ਸਕਦਾ ਹੈ।

ਸ਼ੁੱਕਰਵਾਰ ਸ਼ਾਮ ਪੁਲਸ ਨੇ ਜਾਲ ਵਿਛਾ ਕੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਦੇ ਫੜੇ ਜਾਣ ਤੱਕ ਐਸਐਸਪੀ ਹਰਜੀਤ ਸਿੰਘ ਖ਼ੁਦ ਪੂਰੀ ਟੀਮ ਨੂੰ ਹਦਾਇਤਾਂ ਦੇ ਰਹੇ ਸਨ। ਦੱਸ ਦੇਈਏ ਕਿ ਪ੍ਰਦੀਪ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਸੀ। ਪ੍ਰਦੀਪ ਡੇਰਾ ਸੱਚਾ ਸੌਦਾ ਸਿਰਸਾ ਦੀ ਕੌਮੀ ਕਮੇਟੀ ਦਾ ਮੈਂਬਰ ਸੀ। ਇਸ ਸਮੇਂ ਬਰਗਾੜੀ ਬੇਅਦਬੀ ਮਾਮਲੇ ਨਾਲ ਸਬੰਧਤ ਤਿੰਨ ਕੇਸ ਅਦਾਲਤ ਵਿੱਚ ਚੱਲ ਰਹੇ ਹਨ। ਪੰਜਾਬ ਪੁਲਿਸ ਦੀ ਐਸਆਈਟੀ ਨੇ ਵੀ ਤਿੰਨਾਂ ਮਾਮਲਿਆਂ ਵਿੱਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ।

ਕੋਰਟ ਵਿੱਚ ਚੱਲ ਰਹੇ ਮਾਮਲਿਆਂ ਵਿੱਚ ਪਹਿਲਾ ਮਾਮਲਾ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿੱਚੋਂ ਪਾਵਨ ਸਰੂਪ ਚੋਰੀ ਹੋਣ ਦਾ ਹੈ। ਦੂਜਾ ਮਾਮਲਾ ਉਸੇ ਗੁਰਦੁਆਰਾ ਸਾਹਿਬ ਦੇ ਬਾਹਰ ਮੰਦੀ ਸ਼ਬਦਾਵਲੀ ਪੋਸਟਰ ਲਗਾਉਣ ਦਾ ਹੈ। ਤੀਜਾ ਮਾਮਲਾ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਪਾਵਨ ਸਰੂਪ ਦੀ ਬੇਅਦਬੀ ਕਰਨ ਦਾ ਦੋਸ਼ ਨਾਲ ਸਬੰਧਿਤ ਹੈ। ਪੁਲਿਸ ਨੇ ਤਿੰਨਾਂ ਮਾਮਲਿਆਂ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੀ ਚਾਰਜਸ਼ੀਟ ਵਿੱਚ ਸਾਮਿਲ ਕੀਤਾ ਹੈ।

ਸੁਪਰੀਮ ਕੋਰਟ ਨੇ ਦੋਸ਼ੀ ਡੇਰਾ ਪੈਰੋਕਾਰਾਂ ਦੀ ਪਟੀਸ਼ਨ ‘ਤੇ ਤਿੰਨੋਂ ਕੇਸ ਫਰੀਦਕੋਟ ਅਦਾਲਤ ਤੋਂ ਚੰਡੀਗੜ੍ਹ ਤਬਦੀਲ ਕਰ ਦਿੱਤੇ ਹਨ। ਐਸਆਈਟੀ ਦੀ ਚਾਰਜਸ਼ੀਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬਰਗਾੜੀ ਬੇਅਦਬੀ ਦੀਆਂ ਘਟਨਾਵਾਂ ਦੀ ਸਾਜ਼ਿਸ਼ ਮਹਿੰਦਰਪਾਲ ਬਿੱਟੂ ਨਾਲ ਮਿਲ ਕੇ ਇਨ੍ਹਾਂ ਤਿੰਨਾਂ ਨੇ ਰਚੀ ਸੀ। ਬੇਅਦਬੀ ਤੋਂ ਪਹਿਲਾਂ ਡੇਰਾ ਸਿਰਸਾ ਦੇ ਪ੍ਰਬੰਧਕਾਂ ਨੇ ਪੰਥਕ ਆਗੂ ਬਲਜੀਤ ਸਿੰਘ ਦਾਦੂਵਾਲ ਨੂੰ ਮਾਰਨ ਦੀ ਸਾਜ਼ਿਸ਼ ਵੀ ਰਚੀ ਸੀ ਪਰ ਉਹ ਇਸ ਵਿੱਚ ਕਾਮਯਾਬ ਨਹੀਂ ਹੋ ਸਕੇ।

ਇਨ੍ਹਾਂ ਤਿੰਨਾਂ ਵਿੱਚੋਂ ਦੋ ਮਾਮਲਿਆਂ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਜਦਕਿ ਕੋਟਕਪੂਰਾ ਦੇ ਪ੍ਰਦੀਪ ਸਿੰਘ ਕਟਾਰੀਆ ਦੀ 10 ਨਵੰਬਰ 2022 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਪੁਲਸ ਨੇ ਬਾਕੀ ਦੋਸ਼ੀਆਂ ਦੀ ਸੁਰੱਖਿਆ ਸਖਤ ਕਰ ਦਿੱਤੀ ਹੈ। ਬੇਅਦਬੀ ਮਾਮਲੇ ‘ਚ ਹੁਣ ਤੱਕ ਤਿੰਨ ਡੇਰਾ ਪ੍ਰੇਮੀਆਂ ਦਾ ਕਤਲ ਕੀਤਾ ਜਾ ਚੁੱਕਾ ਹੈ। ਪ੍ਰਦੀਪ ਸਿੰਘ ਤੋਂ ਇਲਾਵਾ ਕੋਟਕਪੂਰਾ ਦੇ ਰਹਿਣ ਵਾਲੇ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਨਾਭਾ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਗੁਰਦੇਵ ਲਾਲ ਵਾਸੀ ਬੁਰਜ ਜਵਾਹਰ ਸਿੰਘ ਵਾਲਾ ਦੀ ਵੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਪ੍ਰਦੀਪ ਨੂੰ ਅਯੁੱਧਿਆ ‘ਚ ਦੇਖਿਆ ਗਿਆ

ਗ੍ਰਿਫ਼ਤਾਰੀ ਨਾ ਹੋਣ ਕਾਰਨ ਅਦਾਲਤ ਵੱਲੋਂ ਪ੍ਰਦੀਪ ਕਲੇਰ ਨੂੰ ਭਗੌੜਾ ਐਲਾਨ ਦਿੱਤਾ ਗਿਆ ਸੀ। ਕੁਝ ਦਿਨ ਪਹਿਲਾਂ, ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਦੇ ਸਮਾਰੋਹ ਵਿੱਚ ਸ਼ਾਮਲ ਹੋਣ ਵਾਲੇ ਪ੍ਰਦੀਪ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਕਲੇਰ ਨੂੰ ਟਰੇਸ ਕਰਨਾ ਸ਼ੁਰੂ ਕਰ ਦਿੱਤਾ।

ਦੋ ਮੁਲਜ਼ਮਾਂ ਦੀ ਭਾਲ ਅਜੇ ਵੀ ਜਾਰੀ

ਬਰਗਾੜੀ ਕਾਂਡ ਵਿੱਚ ਅਜੇ ਤੱਕ ਪੁਲਿਸ ਦੀ ਤਲਾਸ਼ ਪੂਰੀ ਨਹੀਂ ਹੋ ਸਕੀ ਹੈ। ਪੁਲਿਸ ਨੇ ਪ੍ਰਦੀਪ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੋ ਚਿਹਰਿਆਂ ਦੀ ਭਾਲ ਤੇਜ਼ ਕਰ ਦਿੱਤੀ ਹੈ। ਪ੍ਰਦੀਪ ਤੋਂ ਇਲਾਵਾ ਡੇਰਾ ਕਮੇਟੀ ਮੈਂਬਰ ਹਰਸ਼ ਧੂਰੀ ਅਤੇ ਸੰਦੀਪ ਬਰੇਟਾ ਅਜੇ ਫਰਾਰ ਹਨ। ਉਮੀਦ ਜਤਾਈ ਜਾ ਰਹੀ ਹੈ ਕਿ ਪੁਲਿਸ ਉਨ੍ਹਾਂ ਨੂੰ ਵੀ ਜਲਦ ਹੀ ਹਿਰਾਸਤ ਵਿੱਚ ਲੈ ਲਵੇਗੀ।

ਕੀ ਹੈ ਪੂਰਾ ਮਾਮਲਾ

ਦਰਅਸਲ 12 ਅਕਤੂਬਰ 2015 ਨੂੰ ਫਰੀਦਕੋਟ ਦੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ। ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਰੋਸ ਮੁਜ਼ਾਹਰੇ ਕੀਤੇ, ਜਿਨ੍ਹਾਂ ਨੂੰ ਪੁਲੀਸ ਨੇ ਬਲ ਦਾ ਪ੍ਰਯੋਗ ਕਰਕੇ ਉੱਠਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਬਹਿਬਲ ਕਲਾਂ ਵਿੱਚ ਪੁਲਿਸ ਨੇ ਧਰਨੇ ਵਿੱਚ ਬੈਠੇ ਸਿੱਖ ਸ਼ਰਧਾਲੂਆਂ ਤੇ ਗੋਲੀ ਚਲਾ ਦਿੱਤੀ, ਜਿਸ ਵਿੱਚ ਦੋ ਸਿੱਖ ਨੌਜਵਾਨ ਮਾਰੇ ਗਏ। ਕੋਟਕਪੂਰਾ ਵਿੱਚ ਵੀ ਗੋਲੀਬਾਰੀ ਹੋਈ, ਜਿਸ ਵਿੱਚ 100 ਦੇ ਕਰੀਬ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ। ਪੁਲਸ ਨੇ 7 ਅਗਸਤ 2018 ਨੂੰ ਅਣਪਛਾਤੇ ਲੋਕਾਂ ਖਿਲਾਫ ਇਰਾਦੇ ਨਾਲ ਕਤਲ ਦਾ ਮਾਮਲਾ ਦਰਜ ਕੀਤਾ ਸੀ। ਕਰੀਬ ਇੱਕ ਮਹੀਨਾ ਪਹਿਲਾਂ ਐਸਆਈਟੀ ਨੇ ਤਿੰਨਾਂ ਮਾਮਲਿਆਂ ਵਿੱਚ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਸੀ।

Exit mobile version