ਪੰਜਾਬ ‘ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ, ਮੋਹਾਲੀ SSOC ਨੇ 2.5 ਕਿੱਲੋ RDX ਨਾਲ ਲੈਸ ਬੰਬ ਕੀਤਾ ਬਰਾਮਦ, 2 ਕਾਬੂ
ਪੰਜਾਬ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਅੱਤਵਾਦੀ ਸਾਜ਼ਿਸ਼ ਨੂੰ ਮੋਹਾਲੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਨਾਕਾਮ ਕਰ ਦਿੱਤਾ ਹੈ। ਪੁਲਿਸ ਨੇ ਇੱਕ ਸਰਗਰਮ ਅੱਤਵਾਦੀ ਮੋਡੀਊਲ ਦਾ ਭੰਡਾਫੋੜ ਕਰਦਿਆਂ 2.5 ਕਿਲੋ ਆਰ.ਡੀ.ਐਕਸ ਨਾਲ ਲੈਸ ਇੱਕ ਅਤਿ-ਆਧੁਨਿਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਬਰਾਮਦ ਕੀਤਾ ਹੈ।
ਪੰਜਾਬ 'ਚ ਅੱਤਵਾਦੀ ਸਾਜ਼ਿਸ਼ ਨਾਕਾਮ, 2.5 ਕਿੱਲੋ RDX ਵਾਲਾ ਬੰਬ ਬਰਾਮਦ; 2 ਕਾਬੂ
ਪੰਜਾਬ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਅੱਤਵਾਦੀ ਸਾਜ਼ਿਸ਼ ਨੂੰ ਮੋਹਾਲੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਨਾਕਾਮ ਕਰ ਦਿੱਤਾ ਹੈ। ਪੁਲਿਸ ਨੇ ਇੱਕ ਸਰਗਰਮ ਅੱਤਵਾਦੀ ਮੋਡੀਊਲ ਦਾ ਭੰਡਾਫੋੜ ਕਰਦਿਆਂ 2.5 ਕਿਲੋ ਆਰ.ਡੀ.ਐਕਸ ਨਾਲ ਲੈਸ ਇੱਕ ਅਤਿ-ਆਧੁਨਿਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਬਰਾਮਦ ਕੀਤਾ ਹੈ। ਇਹ ਪੂਰਾ ਆਪ੍ਰੇਸ਼ਨ SSOC ਦੇ ਆਈ.ਜੀ. ਦੀਪਕ ਪਾਰਿਕ ਦੀ ਨਿਗਰਾਨੀ ਹੇਠ ਡੀ.ਐਸ.ਪੀ. ਗੁਰਚਰਨ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਨੇਪਰੇ ਚਾੜ੍ਹਿਆ ਗਿਆ।
ਦੋਹਰੇ ਡਿਟੋਨੇਸ਼ਨ ਸਿਸਟਮ ਨਾਲ ਲੈਸ ਸੀ ਖ਼ਤਰਨਾਕ ਬੰਬ
ਪੁਲਿਸ ਮੁਤਾਬਕ ਗੁਪਤ ਸੂਚਨਾ ਅਤੇ ਜਾਂਚ ਦੌਰਾਨ ਹੋਏ ਖੁਲਾਸਿਆਂ ਦੇ ਅਧਾਰ ‘ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ (SBS) ਨਗਰ ਦੇ ਇਲਾਕੇ ਵਿੱਚੋਂ ਪੂਰੀ ਤਰ੍ਹਾਂ ਅਸੈਂਬਲ ਕੀਤਾ ਗਿਆ ਆਈ.ਈ.ਡੀ. ਬਰਾਮਦ ਕੀਤਾ ਗਿਆ। ਲਗਭਗ 2.5 ਕਿਲੋ ਵਜ਼ਨੀ ਇਸ ਬੰਬ ਦੀ ਖ਼ਾਸੀਅਤ ਇਹ ਸੀ ਕਿ ਇਸ ਵਿੱਚ ਦੋ ਤਰ੍ਹਾਂ ਦੇ ਡਿਟੋਨੇਸ਼ਨ ਸਿਸਟਮ ਲੱਗੇ ਹੋਏ ਸਨ। ਪਹਿਲਾ ਵਾਕੀ-ਟਾਕੀ ‘ਤੇ ਅਧਾਰਿਤ ਰਿਮੋਟ ਕੰਟਰੋਲ ਸਿਸਟਮ ਅਤੇ ਦੂਜਾ ਟਾਈਮਰ ਮੈਕੇਨਿਜ਼ਮ। ਇਸ ਡਿਵਾਈਸ ਵਿੱਚ ਬੈਟਰੀਆਂ ਪਹਿਲਾਂ ਹੀ ਫਿੱਟ ਸਨ ਅਤੇ ਇਹ ਵਰਤੋਂ ਲਈ ਬਿਲਕੁਲ ਤਿਆਰ ਸੀ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਦੀ ਵਰਤੋਂ ਬਹੁਤ ਜਲਦ ਕੀਤੀ ਜਾਣੀ ਸੀ।
ਹਥਿਆਰਾਂ ਸਣੇ ਦੋ ਮੁਲਜ਼ਮ ਗ੍ਰਿਫ਼ਤਾਰ
ਇਸ ਮਾਮਲੇ ਵਿੱਚ ਪੁਲਿਸ ਨੇ ਜ਼ਿਲ੍ਹਾ ਐਸ.ਬੀ.ਐਸ. ਨਗਰ ਤੋਂ ਮਹਾਵੀਰ ਕੁਮਾਰ ਉਰਫ਼ ਕਾਕਾ ਅਤੇ ਉਸ ਦੇ ਸਾਥੀ ਮਨਪ੍ਰੀਤ ਸਿੰਘ ਉਰਫ਼ ਮਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮਹਾਵੀਰ ਦੇ ਕਬਜ਼ੇ ਵਿੱਚੋਂ ਇੱਕ ਆਧੁਨਿਕ ਗਲੌਕ ਪਿਸਤੌਲ ਅਤੇ 9 ਐਮ.ਐਮ. ਦੇ ਚਾਰ ਜਿੰਦਾ ਕਾਰਤੂਸ ਵੀ ਮਿਲੇ ਹਨ। ਪੁੱਛਗਿੱਛ ਦੌਰਾਨ ਮਹਾਵੀਰ ਨੇ ਕਬੂਲਿਆ ਕਿ ਉਸ ਨੇ ਆਈ.ਈ.ਡੀ. ਦੀ ਖੇਪ ਪ੍ਰਾਪਤ ਕਰਕੇ ਇਸ ਨੂੰ ਐਸ.ਬੀ.ਐਸ. ਨਗਰ ਬਾਈਪਾਸ ਦੇ ਕੋਲ ਮਿੱਟੀ ਵਿੱਚ ਛੁਪਾ ਦਿੱਤਾ ਸੀ ਅਤੇ ਉਹ ਅਗਲੇ ਹੁਕਮਾਂ ਦੀ ਉਡੀਕ ਕਰ ਰਿਹਾ ਸੀ।
ਅਮਰੀਕਾ ਅਤੇ ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰੇ ‘ਤੇ ਚੱਲ ਰਿਹਾ ਸੀ ਮੋਡੀਊਲ
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਮੋਡੀਊਲ ਵਿਦੇਸ਼ਾਂ ਵਿੱਚ ਬੈਠੇ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਸੀ। ਪੁਲਿਸ ਅਨੁਸਾਰ ਇਸ ਵਿੱਚ ਗੋਪੀ ਨਵਾਂਸ਼ਹਿਰੀਆ, ਸੁਸ਼ਾਂਤ ਚੋਪੜਾ (ਵਾਸੀ ਰਾਹੋਂ, ਜੋ ਇਸ ਸਮੇਂ ਅਮਰੀਕਾ ਵਿੱਚ ਹੈ) ਅਤੇ ਜਸਪ੍ਰੀਤ ਸਿੰਘ ਉਰਫ਼ ਜੱਸੀ (ਵਾਸੀ ਪਿੰਡ ਕਲਾਮ) ਦੇ ਨਾਮ ਸਾਹਮਣੇ ਆਏ ਹਨ। ਇਹ ਸਾਰੇ ਵਿਦੇਸ਼ ਤੋਂ ਬੈਠ ਕੇ ਇਸ ਮੋਡੀਊਲ ਦੀਆਂ ਗਤੀਵਿਧੀਆਂ ਨੂੰ ਸੰਚਾਲਿਤ ਕਰ ਰਹੇ ਸਨ।
ਫੰਡਿੰਗ ਅਤੇ ਸਪਲਾਈ ਚੇਨ ਦੀ ਜਾਂਚ ਜਾਰੀ
ਫਿਲਹਾਲ ਦੋਵੇਂ ਮੁਲਜ਼ਮ SSOC ਦੀ ਪੁਲਿਸ ਰਿਮਾਂਡ ‘ਤੇ ਹਨ। ਪੁਲਿਸ ਵੱਲੋਂ ਇਸ ਨੈੱਟਵਰਕ ਨਾਲ ਜੁੜੇ ਹੋਰ ਸਾਥੀਆਂ ਦੀ ਪਛਾਣ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਫੰਡਿੰਗ ਸਰੋਤਾਂ ਅਤੇ ਸਪਲਾਈ ਚੇਨ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਵਿਸਫੋਟਕ ਪਦਾਰਥ ਐਕਟ ਦੀਆਂ ਸਖ਼ਤ ਧਾਰਾਵਾਂ ਵੀ ਸ਼ਾਮਲ ਕੀਤੀਆਂ ਹਨ।
