Israel Iran War: ਇਜ਼ਰਾਈਲ ਈਰਾਨ ਜੰਗ ਦਾ ਪੰਜਾਬ ‘ਤੇ ਅਸਰ, ਅੰਮ੍ਰਿਤਸਰ ਤੇ ਚੰਡੀਗੜ੍ਹ ਤੋਂ ਦੁਬਈ-ਸ਼ਾਰਜਾਹ ਦੀਆਂ ਕਈ ਉਡਾਣਾਂ ਰੱਦ

Updated On: 

28 Feb 2026 20:53 PM IST

Israel Iran War: ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਉੱਤੇ ਕੀਤੇ ਗਏ ਸਾਂਝੇ ਹਮਲਿਆਂ ਤੋਂ ਬਾਅਦ ਮਿਡਲ ਈਸਟ ਵਿੱਚ ਹਾਲਾਤ ਬੇਹੱਦ ਨਾਜ਼ੁਕ ਅਤੇ ਤਣਾਓਪੂਰਨ ਹੋ ਗਏ ਹਨ। ਇਸ ਭਿਆਨਕ ਜੰਗ ਦਾ ਸਿੱਧਾ ਅਤੇ ਮਾਰੂ ਅਸਰ ਹੁਣ ਭਾਰਤ, ਖ਼ਾਸਕਰ ਪੰਜਾਬ ਅਤੇ ਚੰਡੀਗੜ੍ਹ ਦੇ ਹਵਾਈ ਆਵਾਜਾਈ ਪ੍ਰਣਾਲੀ ਤੇ ਵੇਖਣ ਨੂੰ ਮਿਲ ਰਿਹਾ ਹੈ।

Israel Iran War: ਇਜ਼ਰਾਈਲ ਈਰਾਨ ਜੰਗ ਦਾ ਪੰਜਾਬ ਤੇ ਅਸਰ, ਅੰਮ੍ਰਿਤਸਰ ਤੇ ਚੰਡੀਗੜ੍ਹ ਤੋਂ ਦੁਬਈ-ਸ਼ਾਰਜਾਹ ਦੀਆਂ  ਕਈ ਉਡਾਣਾਂ ਰੱਦ

Israel Iran War: ਅੰਮ੍ਰਿਤਸਰ ਤੋਂ ਦੁਬਈ-ਸ਼ਾਰਜਾਹ ਦੀਆਂ ਕਈ ਉਡਾਣਾਂ ਰੱਦ

Follow Us On

ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਉੱਤੇ ਕੀਤੇ ਗਏ ਸਾਂਝੇ ਹਮਲਿਆਂ ਤੋਂ ਬਾਅਦ ਮਿਡਲ ਈਸਟ ਵਿੱਚ ਹਾਲਾਤ ਬੇਹੱਦ ਨਾਜ਼ੁਕ ਅਤੇ ਤਣਾਓਪੂਰਨ ਹੋ ਗਏ ਹਨ। ਇਸ ਭਿਆਨਕ ਜੰਗ ਦਾ ਸਿੱਧਾ ਅਤੇ ਮਾਰੂ ਅਸਰ ਹੁਣ ਭਾਰਤ, ਖ਼ਾਸਕਰ ਪੰਜਾਬ ਅਤੇ ਚੰਡੀਗੜ੍ਹ ਦੇ ਹਵਾਈ ਆਵਾਜਾਈ ਪ੍ਰਣਾਲੀ ਤੇ ਵੇਖਣ ਨੂੰ ਮਿਲ ਰਿਹਾ ਹੈ। ਸੁਰੱਖਿਆ ਕਾਰਨਾਂ ਅਤੇ ਕਈ ਦੇਸ਼ਾਂ ਦੇ ਏਅਰਸਪੇਸ (ਹਵਾਈ ਖੇਤਰ) ਬੰਦ ਹੋਣ ਕਾਰਨ ਸੰਯੁਕਤ ਅਰਬ ਅਮੀਰਾਤ (UAE), ਦੁਬਈ ਅਤੇ ਸ਼ਾਰਜਾਹ ਵਰਗੇ ਖਾੜੀ ਦੇਸ਼ਾਂ ਲਈ ਜਾਣ ਵਾਲੀਆਂ ਅਤੇ ਉੱਥੋਂ ਆਉਣ ਵਾਲੀਆਂ ਕਈ ਉਡਾਣਾਂ ਨੂੰ ਅਚਾਨਕ ਰੱਦ ਕਰ ਦਿੱਤਾ ਗਿਆ ਹੈ।

ਏਅਰਪੋਰਟਾਂ ‘ਤੇ ਯਾਤਰੀਆਂ ਦੀ ਵਧੀ ਪਰੇਸ਼ਾਨੀ

ਇਸ ਗੰਭੀਰ ਸਥਿਤੀ ਦੇ ਚਲਦਿਆਂ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਤੇ ਸ਼ਨੀਵਾਰ ਤੋਂ ਹੀ ਯਾਤਰੀਆਂ ਦੀ ਭਾਰੀ ਭੀੜ ਜਮ੍ਹਾਂ ਹੋਣੀ ਸ਼ੁਰੂ ਹੋ ਗਈ ਹੈ। ਦੁਬਈ ਅਤੇ ਸ਼ਾਰਜਾਹ ਜਾਣ ਵਾਲੇ ਸੈਂਕੜੇ ਯਾਤਰੀ ਹਵਾਈ ਅੱਡੇ ਤੇ ਫਸੇ ਹੋਏ ਹਨ। ਉਡਾਣਾਂ ਰੱਦ ਹੋਣ ਦੀ ਸਪਸ਼ਟ ਅਤੇ ਸਮੇਂ ਸਿਰ ਜਾਣਕਾਰੀ ਨਾ ਮਿਲਣ ਕਾਰਨ ਯਾਤਰੀਆਂ ਵਿੱਚ ਭਾਰੀ ਰੋਸ ਅਤੇ ਪਰੇਸ਼ਾਨੀ ਵੇਖੀ ਜਾ ਰਹੀ ਹੈ। ਅਜਿਹੇ ਹੀ ਹਾਲਾਤ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੇ ਵੀ ਬਣੇ ਹੋਏ ਹਨ, ਜਿੱਥੇ ਦੁਬਈ ਜਾਣ ਵਾਲੀ ਇੱਕ ਪ੍ਰਮੁੱਖ ਉਡਾਣ ਨੂੰ ਰੱਦ ਕਰਨਾ ਪਿਆ।

ਅੰਮ੍ਰਿਤਸਰ ਤੋਂ 4 ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ

ਅੰਮ੍ਰਿਤਸਰ ਏਅਰਪੋਰਟ ਦੇ ਡਾਇਰੈਕਟਰ ਭੂਪੇਂਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਨੀਵਾਰ ਰਾਤ 9 ਵਜੇ ਸ਼ਾਰਜਾਹ ਤੋਂ ਅੰਮ੍ਰਿਤਸਰ ਆਉਣ ਵਾਲੀ ਇੰਡਿਗੋ ਏਅਰਲਾਈਨਜ਼ ਦੀ ਉਡਾਣ ਰੱਦ ਕਰ ਦਿੱਤੀ ਗਈ। ਇਸ ਤੋਂ ਇਲਾਵਾ, ਰਾਤ 1:15 ਵਜੇ ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਵੀ ਕੈਂਸਲ ਕਰ ਦਿੱਤੀ ਗਈ। ਐਤਵਾਰ ਸਵੇਰੇ 7:50 ਵਜੇ ਦੁਬਈ ਲਈ ਉਡਾਣ ਭਰਨ ਵਾਲੀ ਸਪਾਈਸਜੈਟ ਦੀ ਫਲਾਈਟ ਨੂੰ ਵੀ ਸੁਰੱਖਿਆ ਕਾਰਨਾਂ ਕਰਕੇ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਸੀ। ਏਅਰਪੋਰਟ ਪ੍ਰਸ਼ਾਸਨ ਮੁਤਾਬਕ ਯਾਤਰੀਆਂ ਦੀ ਸਹੂਲਤ ਲਈ ਅਧਿਕਾਰਿਕ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਲਗਾਤਾਰ ਅਪਡੇਟ ਦਿੱਤੇ ਜਾ ਰਹੇ ਹਨ।

ਚੰਡੀਗੜ੍ਹ ਏਅਰਪੋਰਟ ਦੀ ਸਥਿਤੀ

ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਵੀ ਸ਼ਨੀਵਾਰ ਸ਼ਾਮ 4:50 ਵਜੇ ਦੁਬਈ ਜਾਣ ਵਾਲੀ ਉਡਾਣ ਰੱਦ ਰਹੀ। ਹਾਲਾਂਕਿ ਦਿਨ ਵੇਲੇ ਹਵਾਈ ਆਵਾਜਾਈ ਆਮ ਵਾਂਗ ਸੀ, ਪਰ ਮਿਡਲ ਈਸਟ ਵਿੱਚ ਫੌਜੀ ਤਣਾਅ ਵਧਣ ਅਤੇ ਕਤਰ ਤੇ UAE ਦੇ ਏਅਰਸਪੇਸ ਅਸਥਾਈ ਤੌਰ ‘ਤੇ ਬੰਦ ਹੋਣ ਕਾਰਨ ਉਡਾਣਾਂ ‘ਤੇ ਅਚਾਨਕ ਬਰੇਕ ਲੱਗ ਗਈ।

ਰੂਟ ਬਦਲਣ ਨਾਲ ਵਧਿਆ ਸਮਾਂ ਅਤੇ ਖ਼ਤਰਾ

ਏਵੀਏਸ਼ਨ ਸਰੋਤਾਂ ਅਨੁਸਾਰ, ਜੰਗ ਪ੍ਰਭਾਵਿਤ ਖੇਤਰਾਂ ਤੋਂ ਬਚਣ ਲਈ ਕਈ ਅੰਤਰਰਾਸ਼ਟਰੀ ਉਡਾਣਾਂ ਦੇ ਰੂਟ ਬਦਲੇ ਜਾ ਰਹੇ ਹਨ, ਜਿਸ ਕਾਰਨ ਉਡਾਣਾਂ ਨੂੰ ਮੰਜ਼ਿਲ ਤੱਕ ਪਹੁੰਚਣ ਲਈ ਵਾਧੂ ਸਮਾਂ ਲੱਗ ਰਿਹਾ ਹੈ। ਮਾਹਿਰਾਂ ਅਨੁਸਾਰ ਜਦੋਂ ਤੱਕ ਮਿਡਲ ਈਸਟ ਵਿੱਚ ਹਾਲਾਤ ਸਧਾਰਣ ਨਹੀਂ ਹੁੰਦੇ, ਆਉਣ ਵਾਲੇ ਦਿਨਾਂ ਵਿੱਚ ਵੀ ਉਡਾਣਾਂ ਵਿੱਚ ਦੇਰੀ ਜਾਂ ਰੱਦ ਹੋਣ ਦੀ ਸੰਭਾਵਨਾ ਬਣੀ ਰਹੇਗੀ। ਏਅਰਲਾਈਨਜ਼ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਘਰੋਂ ਨਿਕਲਣ ਤੋਂ ਪਹਿਲਾਂ ਆਪਣੀ ਉਡਾਣ ਦੀ ਤਾਜ਼ਾ ਸਥਿਤੀ ਜ਼ਰੂਰ ਚੈੱਕ ਕਰ ਲੈਣ।