ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਸਰੀਰ ਵਿੱਚ ਦਰਦ ਤੇ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ‘ਚ ਭਰਤੀ
Gyani Raghbir Singh: ਗਿਆਨੀ ਰਘਬੀਰ ਸਿੰਘ ਨੂੰ ਸ਼ਰੀਰ ਵਿੱਚ ਦਰਦ ਅਤੇ ਬੁਖ਼ਾਰ ਹੋਣ ਕਰਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੌਸਮ ਬਦਲਣ ਕਰਕੇ ਉਨ੍ਹਾਂ ਨੂੰ ਵਾਇਰਲ ਬੁਖ਼ਾਰ ਦੀ ਸ਼ਿਕਾਇਤ ਦੱਸੀ ਜਾ ਰਹੀ ਹੈ। ਫਿਲਹਾਲ, ਡਾਕਟਰ ਉਨ੍ਹਾਂ ਦੇ ਮੈਡੀਕਲ ਟੈਸਟ ਕਰ ਰਹੇ ਹਨ। ਰਿਪੋਰਟ ਆਉਣ ਤੋਂ ਬਾਅਦ ਸਾਰੀ ਸਥਿਤੀ ਸਾਫ਼ ਹੋ ਸਕੇਗੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਸਿਹਤ ਬੁੱਧਵਾਰ ਨੂੰ ਅਚਾਨਕ ਵਿਗੜ ਗਈ। ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਪਿੰਡ ਵੱਲਾ ਸਥਿਤ ਸ਼੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਸਰੀਰ ਵਿੱਚ ਦਰਦ ਅਤੇ ਤੇਜ਼ ਬੁਖਾਰ ਦੀ ਸ਼ਿਕਾਇਤ ਹੈ।
ਦੱਸਿਆ ਜਾ ਰਿਹਾ ਹੈ ਕਿ ਜਥੇਦਾਰ ਰਘਬੀਰ ਸਿੰਘ ਪਿਛਲੇ ਪੰਜ ਦਿਨਾਂ ਤੋਂ ਤੇਜ਼ ਬੁਖਾਰ ਤੋਂ ਪੀੜਤ ਸਨ। ਉਨ੍ਹਾਂ ਦੇ ਡੇਂਗੂ, ਚਿਕਨਗੁਨੀਆ ਆਦਿ ਦੇ ਟੈਸਟ ਵੀ ਹੋ ਚੁੱਕੇ ਹਨ। ਜਥੇਦਾਰ ਨੂੰ ਬੁੱਧਵਾਰ ਰਾਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਡਾਕਟਰਾਂ ਨੇ ਕੀਤੇ ਹਨ ਜਥੇਦਾਰ ਦੇ ਟੈਸਟ
ਜਥੇਦਾਰ ਦੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੁੱਟਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਵੀਰਵਾਰ ਨੂੰ ਡਾਕਟਰਾਂ ਨੇ ਉਨ੍ਹਾਂ ਦੇ ਡੇਂਗੂ ਅਤੇ ਹੋਰ ਵਾਇਰਲ ਸਬੰਧੀ ਟੈਸਟ ਕੀਤੇ ਹਨ। ਉਨ੍ਹਾਂ ਕਿਹਾ ਕਿ ਟੈਸਟ ਦੀ ਰਿਪੋਰਟ ਆਉਣ ਤੋਂ ਬਾਅਦ ਇੱਕ-ਦੋ ਦਿਨਾਂ ਵਿੱਚ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ।
ਮੌਸਮ ਬਦਲਣ ਕਰਕੇ ਵੱਧ ਰਿਹਾ ਹੈ ਵਾਇਰਲ ਇੰਫੈਕਸ਼ਨ
ਗਰਮੀ ਜਾ ਰਹੀ ਹੈ ਅਤੇ ਠੰਡ ਦਾ ਪੱਖ ਪੈਣਾ ਸ਼ੁਰੂ ਹੋ ਗਿਆ ਹੈ। ਅਜਿਹੇ ਵਿੱਚ ਹਰ ਕੋਈ ਖਾਂਸੀ, ਜੁਕਾਮ ਅਤੇ ਬੁਖ਼ਾਰ ਨਾਲ ਪੀੜਤ ਦਿਖਾਈ ਦੇ ਰਿਹਾ ਹੈ। ਡਾਕਟਰ ਵੀ ਅਜਿਹੇ ਮੌਸਮ ਵਿੱਚ ਸਾਵਧਾਨੀ ਵਰਤਣ ਦੀ ਸਲਾਹ ਦੇ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਜਿਆਦਾ ਭੀੜਭਾੜ ਵਾਲੀਆਂ ਥਾਵਾਂ ਤੋਂ ਜਾਣ ਤੋਂ ਬਚੋ। ਜੇ ਭੀੜ ਵਾਲੀ ਥਾਂ ਤੇ ਜਾਣਾ ਹੀ ਪਵੇ ਤਾਂ ਮਾਸਕ ਜਰੂਰ ਪਾਓ ਅਤੇ ਉਚਿਤ ਦੂਰੀ ਬਣਾ ਕੇ ਰੱਖੋ। ਨਾਲ ਹੀ ਖਾਣ-ਪੀਣ ਦਾ ਵੀ ਖਾਸ ਖਿਆਲ ਰੱਖੋ। ਜਿਆਦਾ ਠੰਡੀਆਂ ਚੀਜਾਂ ਖਾਣ ਤੋਂ ਪਰਹੇਜ਼ ਕਰੋ। ਸਮੇਂ ਤੇ ਸਿਹਤਮੰਦ ਖਾਣਾ ਖਾਓ ਅਤੇ ਖੂਬ ਸਾਰਾ ਪਾਣੀ ਜਰੂਰ ਪੀਓ।