ਗੁਰਦਾਸਪੁਰ ਸਿਵਲ ਹਸਪਤਾਲ ਦੀ ਲਾਪਰਵਾਹੀ, ਮੁਰਦਾਘਰ ਦਾ ਫ੍ਰੀਜ਼ਰ ਖਰਾਬ; ਔਰਤ ਦੀ ਸੜੀ ਲਾਸ਼, ਪਰਿਵਾਰਕ ਮੈਂਬਰਾਂ ਨੇ ਕੀਤਾ ਹੰਗਾਮਾ
ਗੁਰਦਾਸਪੁਰ ਸਿਵਲ ਹਸਪਤਾਲ ਦੀ ਲਾਪਰਵਾਹੀ ਸਾਹਮਣੇ ਆਈ ਹੈ। ਜਿੱਥੇ ਇੱਕ ਪਰਿਵਾਰ ਵੱਲੋਂ ਮਹਿਲਾ ਦੀ ਮ੍ਰਿਤਕ ਦੇਹ ਨੂੰ ਰੱਖਿਆ ਗਿਆ ਸੀ, ਪਰ ਜਦੋਂ ਪਰਿਵਾਰ 2 ਦਿਨ ਬਾਅਦ ਯਾਨੀ ਕਿ ਅੱਜ ਮ੍ਰਿਤਕ ਦੇਹ ਨੂੰ ਲੈਣ ਲਈ ਆਇਆ ਤਾਂ ਮਹਿਲਾ ਦਾ ਲਾਸ਼ ਪੂਰੀ ਤਰ੍ਹਾਂ ਦੇ ਨਾਲ ਸੜ ਚੁੱਕੀ ਸੀ। ਉਸ ਦਾ ਚਿਹਰਾ ਵੀ ਪਛਾਣ ਵਿੱਚ ਨਹੀਂ ਆ ਰਿਹਾ ਸੀ। ਜਿਸ ਤੋਂ ਬਾਅਦ ਪਰਿਵਾਰ ਵੱਲੋਂ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ।
ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਮੁਰਦਾਘਰ ਦਾ ਫ੍ਰੀਜ਼ਰ ਖਰਾਬ ਹੋਣ ਕਾਰਨ ਮਹਿਲਾ ਦੀ ਲਾਸ਼ ਸੜ ਗਈ। ਦੱਸ ਦਈਏ ਕਿ ਦੋ ਦਿਨ ਪਹਿਲਾਂ ਇਸ ਮਹਿਲਾ ਦੀ ਹਰਟ ਅਟੈਕ ਕਾਰਨ ਮੌਤ ਹੋ ਗਈ ਸੀ, ਪਰ ਘਰ ਵਿੱਚ ਉਸ ਦੇ ਬੱਚਿਆਂ ਦੇ ਨਾ ਹੋਣ ਕਾਰਨ ਉਸ ਦੀ ਲਾਸ਼ ਨੂੰ ਹਸਪਤਾਲ ਵਿੱਚ ਰੱਖਿਆ ਗਿਆ ਸੀ।
ਅੱਜ ਜਦੋਂ ਪਰਿਵਾਰ ਮਹਿਲਾ ਦੀ ਲਾਸ਼ ਨੂੰ ਲੈਣ ਦੇ ਲਈ ਹਸਪਤਾਲ ਪਹੁੰਚਿਆ ਤਾਂ ਦੇਖਿਆ ਕਿ ਮਹਿਲਾ ਦੀ ਲਾਸ਼ ਪੂਰੀ ਤਰ੍ਹਾਂ ਨਾਲ ਸੜ ਚੁੱਕੀ ਸੀ। ਉਸ ਦਾ ਚਿਹਰਾ ਪਛਾਣ ਵਿੱਚ ਨਹੀਂ ਆ ਰਿਹਾ ਸੀ। ਜਿਸ ਤੋਂ ਬਾਅਦ ਪਰਿਵਾਰ ਨੇ ਹਸਪਤਾਲ ਦੇ ਬਾਹਰ ਜੰਮ ਕੇ ਹੰਗਾਮਾ ਕੀਤਾ। ਇਸ ਦੌਰਾਨ ਪਰਿਵਾਰ ਨੇ ਕਿਹਾ ਕਿ ਇਸ ਮੁਰਦਾਘਰ ਵਿੱਚ ਜਿਸ ਦੀ ਡਿਊਟੀ ਸੀ, ਉਸ ਦੀ ਲਾਪਰਵਾਹੀ ਕਾਰਨ ਅਜਿਹਾ ਹੋਇਆ ਹੈ। ਉਸ ‘ਤੇ ਕਾਰਵਾਈ ਕੀਤੀ ਜਾਣੀ ਚਾਹਿਦੀ ਹੈ।
ਹਾਰਟ ਅਟੈਕ ਕਾਰਨ ਹੋਈ ਮਹਿਲਾ ਦੀ ਮੌਤ
ਮਹਿਲਾ ਦੇ ਪਤੀ ਗੁਰਮੁੱਖ ਸਿੰਘ (ਪਿੰਡ ਕੋਟ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਪਤਨੀ ਮਨਦੀਪ ਕੌਰ ਦੀ 24 ਫਰਵਰੀ ਨੂੰ ਹਾਰਟ ਅਟੈਕ ਕਾਰਨ ਮੌਤ ਹੋ ਗਈ ਸੀ, ਉਸ ਦੇ ਬੱਚੇ ਵਿਦੇਸ਼ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ 24 ਫਰਵਰੀ ਨੂੰ ਲਾਸ਼ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਦੇ ਮੁਰਦਾਘਰ ਵਿੱਚ ਰੱਖ ਦਿੱਤਾ ਸੀ। ਗੁਰਮੁੱਖ ਸਿੰਘ ਨੇ ਕਿਹਾ ਕਿ ਜਦੋਂ ਅੱਜ ਅਸੀਂ ਦੋ ਦਿਨ ਬਾਅਦ ਮ੍ਰਿਤਕ ਦੇਹ ਨੂੰ ਲੈਣ ਲਈ ਗਏ ਤਾਂ ਉਹ ਪੂਰੀ ਤਰ੍ਹਾਂ ਦੇ ਨਾਲ ਖ਼ਰਾਬ ਹੋ ਚੁੱਕੀ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਲਾਸ਼ ਨੂੰ ਰੱਖਣ ਤੋਂ ਪਹਿਲਾਂ ਫਰੀਜ਼ ਚੈੱਕ ਕਰਵਾਉਣ ਲਈ ਕਿਹਾ ਸੀ, ਪਰ ਉੱਥੇ ਮੌਜੂਦ ਇੱਕ ਹਸਪਤਾਲ ਦੇ ਮੁਲਜ਼ਾਮ ਨੇ ਫਰੀਜ਼ ਚੈਕ ਨਹੀਂ ਕਰਵਾਇਆ।
ਪੁੱਛਣ ‘ਤੇ ਸਟਾਫ ਬੋਲਿਆ ਫਰੀਜ਼ ਬਿਲਕੁਲ ਸਹੀ
ਗੁਰਮੁੱਖ ਸਿੰਘ ਨੇ ਕਿਹਾ ਕਿ ਜਦੋਂ ਅਸੀਂ ਪੁੱਛਿਆ ਕਿ ਫਰੀਜ਼ ਚੈੱਕ ਕਰ ਲਈਏ, ਕਿ ਉਹ ਚੱਲ ਰਿਹਾ ਹੈ ਜਾਂ ਨਹੀਂ ਤਾਂ ਹਸਪਤਾਲ ਸਟਾਫ ਨੇ ਕਿਹਾ ਸੀ ਕਿ ਫਰੀਜ਼ ਠੀਕ ਢੰਗ ਨਾਲ ਚੱਲ ਰਿਹਾ ਹੈ। ਪਰ ਅੱਜ ਜਦੋਂ ਅਸੀਂ ਮ੍ਰਿਤਕ ਦੇਹ ਲੈਣ ਲਈ ਪਹੁੰਚੇ ਤਾਂ ਲਾਸ਼ ਪੂਰੀ ਤਰ੍ਹਾਂ ਦੇ ਨਾਲ ਸੜ ਚੁੱਕੀ ਸੀ ਅਤੇ ਫਰੀਜ਼ ਖਰਾਬ ਪਿਆ ਸੀ। ਉਨ੍ਹਾਂ ਨੇ ਕਿਹਾ ਕਿ ਜਿਸ ਦੀ ਵੀ ਲਾਪਰਵਾਹੀ ਹੈ, ਉਸ ਖਿਲਾਫ ਬਣਦੀ ਕਾਰਵਾਈ ਕੀਤਾ ਜਾਵੇ।
ਤਕਨੀਕੀ ਖਰਾਬੀ ਕਾਰਨ ਫਰੀਜ਼ ਬੰਦ
ਇਸ ਪੂਰੇ ਮਾਮਲੇ ‘ਤੇ ਮੈਡਿਕਲ ਅਧਿਕਾਰੀ ਸੁਖਦੀਪ ਸਿੰਘ ਨੇ ਦੱਸਿਆ ਕਿ ਤਕਨੀਕੀ ਖਰਾਬੀ ਕਾਰਨ ਫਰੀਜ਼ ਬੰਦ ਹੋ ਗਿਆ ਸੀ। ਬਾਹਰ ਤੋਂ ਮਸ਼ੀਨ ਚਲਦੀ ਦਿਖਾਈ ਦੇ ਰਹੀ ਸੀ ਪਰ ਅੰਦਰ ਕੂਲਿੰਗ ਨਹੀਂ ਹੋ ਪਾਈ। ਜੇਕਰ ਕਿਸੇ ਦੀ ਵੀ ਲਾਪਰਵਾਹੀ ਪਾਈ ਜਾਂਦੀ ਹੈ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
