ਦਰਬਾਰ ਸਹਿਬ ‘ਚ ਵਜ਼ੂ ਕਰਨ ਦਾ ਮਾਮਲਾ, ਕੋਰਨ ਨੇ ਮੁਲਜ਼ਮ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਤੇ ਭੇਜਿਆ
ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਸਰੋਵਰ ਵਿੱਚ ਵਜ਼ੂ ਵਾਲੇ ਮੁਸਲਿਮ ਨੌਜਵਾਨ ਸੁਭਾਨ ਰੰਗਰੀਜ਼ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਮੁਸਲਿਸ ਨੌਜਵਾਨ ਨੂੰ ਕੋਰਟ ਨੇ 14 ਦਿਨਾਂ ਦੀ ਨਿਆਇਕ ਹਿਰਾਸਤ 'ਤੇ ਭੇਜਿਆ ਹੈ। ਇਸ ਤੋਂ ਪਹਿਲਾਂ ਬੀਤੀ 28 ਜਨਵਰੀ ਨੂੰ ਅਦਾਲਤ ਵੱਲੋਂ ਸੁਭਾਨ ਰੰਗਰੀਜ਼ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਸੀ।
ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਵਜ਼ੂ ਕਰਨ ਵਾਲੇ ਸੁਭਾਨ ਰੰਗਰੀਜ਼ ਦਾ ਅੱਜ 3 ਦਿਨ ਦਾ ਪੁਲਿਸ ਰਿਮਾਂਡ ਖਤਮ ਹੋ ਗਿਆ। ਜਿਸ ਤੋਂ ਬਾਅਦ ਪੁਲਿਸ ਵੱਲੋਂ ਮੁਲਜ਼ਮ ਨੂੰ ਕੋਰਟ ਵਿੱਚ ਮੁੜ ਪੇਸ਼ ਕੀਤਾ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆ ਅੰਮ੍ਰਿਤਸਰ ਕੋਰਟ ਨੇ ਮੁਲਜ਼ਮ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਤੇ ਭੇਜਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਅੰਮ੍ਰਿਤਸਰ ਦੇ ਈ ਡਵਿਜ਼ਨ ਥਾਣੇ ਵਿੱਚ ਗਾਜ਼ੀਆਬਾਦ ਨਿਵਾਸੀ ਸੁਭਾਨ ਰੰਗਰੀਜ਼ ਦੇ ਖਿਲਾਫ ਐਫਆਈਆਰ ਕੀਤੀ ਗਈ ਸੀ। ਪੁਲਿਸ ਨੇ ਉਸ ਖਿਲਾਫ ਬੇਅਦਬੀ ਦਾ ਮਾਮਲਾ ਦਰਜ ਕੀਤਾ ਸੀ।
ਜਾਣੋ ਕੀ ਹੈ ਪੂਰਾ ਮਾਮਲਾ
ਦਿੱਲੀ ਐਨਸੀਆਰ ਦੇ ਗਾਜ਼ੀਆਬਾਦ ਦਾ ਰਹਿਣ ਵਾਲਾ ਮੁਸਲਿਮ ਨੌਜਵਾਨ ਸੁਭਾਨ ਰੰਗਰੀਜ਼ 13 ਜਨਵਰੀ ਨੂੰ ਸ੍ਰੀ ਦਰਬਾਰ ਸਹਿਬ ਵਿੱਚ ਆਇਆ ਸੀ। ਇਸ ਤੋਂ ਬਾਅਦ ਉਸ ਨੇ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਬੈਠ ਕੇ ਵਜ਼ੂ ਕੀਤਾ। ਉਸ ਨੇ ਮੂੰਹ ਵਿੱਚ ਸਰੋਵਰ ਦਾ ਪਾਣੀ ਭਰਿਆ ਅਤੇ ਕੁਰਲੀ ਕੀਤੀ। ਇਸ ਤੋਂ ਬਾਅਦ ਉਹ ਦਰਬਾਰ ਸਾਹਿਬ ਕੰਪਲੈਕਸ ਵਿੱਚ ਘੁੰਮਦਾ ਰਿਹਾ ਅਤੇ ਉਸ ਨੇ ਇੱਕ ਹੋਰ ਦੋਸਤ ਤੋਂ ਵੀਡੀਓ ਸ਼ੂਟ ਕਰਵਾਇਆ।
ਨਿਹੰਗਾਂ ਨੇ ਫੜ ਕੇ ਕੀਤੀ ਕੁੱਟਮਾਰ
24 ਜਨਵਰੀ ਨੂੰ ਯੂਪੀ ਦੇ ਗਾਜ਼ੀਆਬਾਦ ਵਿੱਚ ਨਿਹੰਗਾਂ ਨੇ ਉਸ ਨੂੰ ਫੜ ਲਿਆ ਅਤੇ ਉਸ ਦੀ ਜ਼ੰਮ ਕੇ ਕੁੱਟਮਾਰ ਕੀਤੀ ਅਤੇ ਉਸ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ। ਉਸ ਤੋਂ ਬਾਅਦ ਗਾਜ਼ੀਆਬਾਦ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਜਿਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਉਸ ਨੂੰ ਅੰਮ੍ਰਿਤਸਰ ਲਿਆਂਦਾ ਗਿਆ।
