ਗੁਰਦਾਸਪੁਰ: ਅੰਮ੍ਰਿਤਸਰ ਤੋਂ ਜੰਮੂ ਜਾ ਰਹੀ ਬੱਸ ਪਲਟੀ, 2 ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ; ਕਈ ਹੋਰ ਵਾਹਨ ਵੀ ਹਾਦਸਾਗ੍ਰਸਤ
ਹਾਦਸੇ 'ਚ ਬੱਸ ਸਵਾਰ ਦੋ ਕਾਲਜ ਵਿਦਿਆਰਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਕਰੀਬ 5 ਹੋਰ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ। ਜ਼ਖਮੀ ਵਿਦਿਆਰਥੀਆਂ ਤੇ ਹੋਰ ਯਾਤਰੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਮੁਤਾਬਕ, ਬੱਸ 'ਚ ਜ਼ਿਆਦਾਤਰ ਵਿਦਿਆਰਥੀ ਸਵਾਰ ਸਨ, ਜੋ ਆਪਣੀ ਪ੍ਰੀਖਿਆਵਾਂ ਪੂਰੀਆਂ ਹੋਣ ਤੋਂ ਬਾਅਦ ਅੰਮ੍ਰਿਤਸਰ ਤੋਂ ਜੰਮੂ ਵਾਪਸ ਘਰ ਪਰਤ ਰਹੇ ਸਨ।
ਅੰਮ੍ਰਿਤਸਰ ਤੋਂ ਜੰਮੂ ਜਾ ਰਹੀ ਇੱਕ ਟੂਰਿਸਟ ਬੱਸ ਅੱਜ (ਸ਼ੁੱਕਰਵਾਰ) ਸਵੇਰੇ, ਕਸਬਾ ਕਲੇਰ ਖੁਰਦ ਕਸਬੇ ਨੇੜੇ ਰਾਸ਼ਟਰੀ ਰਾਜਮਾਰਗ ‘ਤੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ‘ਚ 2 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਦੱਸੇ ਜਾ ਰਹੇ ਹਨ। ਸ਼ੁਰੂਆਤੀ ਜਾਂਚ ਮੁਤਾਬਕ ਇਹ ਹਾਦਸਾ ਬੱਸ ਦੇ ਸੰਤੁਲਨ ਗੁਆਉਣ ਕਾਰਨ ਵਾਪਰਿਆ, ਜਿਸ ਕਾਰਨ ਇਹ ਸੜਕ ‘ਤੇ ਪਲਟ ਗਈ। ਬੱਸ ਦੇ ਪਲਟਣ ਤੋਂ ਤੁਰੰਤ ਬਾਅਦ, ਨੇੜੇ ਤੋਂ ਨਿਕਲ ਰਹੇ ਹੋਰ ਤਿੰਨ ਤੋਂ ਚਾਰ ਹੋਰ ਵਾਹਨ ਇੱਕ ਦੂਜੇ ਨਾਲ ਟਕਰਾ ਗਏ।
ਹਾਦਸੇ ‘ਚ ਬੱਸ ਸਵਾਰ ਦੋ ਕਾਲਜ ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਕਰੀਬ 5 ਹੋਰ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ। ਜ਼ਖਮੀ ਵਿਦਿਆਰਥੀਆਂ ਤੇ ਹੋਰ ਯਾਤਰੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਮੁਤਾਬਕ, ਬੱਸ ‘ਚ ਜ਼ਿਆਦਾਤਰ ਵਿਦਿਆਰਥੀ ਸਵਾਰ ਸਨ, ਜੋ ਆਪਣੀ ਪ੍ਰੀਖਿਆਵਾਂ ਪੂਰੀਆਂ ਹੋਣ ਤੋਂ ਬਾਅਦ ਅੰਮ੍ਰਿਤਸਰ ਤੋਂ ਜੰਮੂ ਵਾਪਸ ਘਰ ਪਰਤ ਰਹੇ ਸਨ।
ਘਟਨਾ ਦੀ ਜਾਣਕਾਰੀ ਮਿਲਣ ‘ਤੇ, ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ। ਪੁਲਿਸ ਨੇ ਬੱਸ ਤੇ ਹੋਰ ਵਾਹਨਾਂ ਨੂੰ ਸੜਕ ਤੋਂ ਹਟਾ ਦਿੱਤਾ, ਜਿਸ ਨਾਲ ਹਾਈਵੇਅ ‘ਤੇ ਆਵਾਜਾਈ ਬਹਾਲ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।
ਬੱਸ ਸਵਾਰ ਪੀੜਤਾਂ ਨੇ ਕੀ ਦੱਸਿਆ?
ਬੱਸ ‘ਚ ਸਵਾਰ ਵਿਸ਼ਵ ਅਰੋੜਾ ਨਾਮ ਦੇ ਯਾਤਰੀ ਨੇ ਦੱਸਿਆ ਕਿ ਅੱਗੇ ਹਾਦਸਾ ਹੋਇਆ ਸੀ, ਜਿਸ ਤੋਂ ਬਾਅਦ ਅਚਾਨਕ ਬੱਸ ਨੇ ਬ੍ਰੇਕ ਮਾਰੀ ਤੇ ਬੱਸ ਆਪਣਾ ਸੰਤੁਲਨ ਗਵਾ ਬੈਠੀ। ਇਸ ਤੋਂ ਬਾਅਦ ਬੱਸ ਪਲਟ ਗਈ। ਉਸ ਨੇ ਦੱਸਿਆ ਕਿ ਹਾਦਸੇ ‘ਚ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਦੱਸ ਦੇ ਕਰੀਬ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਉਸ ਨੇ ਕਿਹਾ ਕਿ ਉਸ ਦੀ ਬਾਂਹ ‘ਤੇ ਵੀ ਦੱਬ ਆਈ ਹੈ, ਕਿਉਂਕਿ ਕਾਫ਼ੀ ਲੋਕ ਉਸ ‘ਤੇ ਡਿੱਗ ਗਏ ਸਨ।
ਆਸ਼ੀਸ਼ ਨਾਮ ਦੇ ਵਿਦਿਆਰਥੀ ਜੋ ਬੱਸ ‘ਚ ਸਫ਼ਰ ਕਰ ਰਿਹਾ ਸੀ, ਉਸ ਨੇ ਦੱਸਿਆ ਕਿ ਉਹ ਆਪਣੇ ਕਾਲਜ ਤੋਂ ਜੰਮੂ ਆਪਣੇ ਘਰ ਜਾ ਰਿਹਾ ਸੀ। ਉਸ ਦੇ ਸੱਤ ਤੋਂ ਅੱਠ ਦੋਸਤ ਵੀ ਸਵਾਰ ਸਨ ਤੇ ਉਹ ਬੱਸ ਦੇ ਪਿਛਲੇ ਪਾਸੇ ਬੈਠੇ ਸਨ, ਜਦੋਂ ਬੱਸ ਪਲਟੀ ਤਾਂ ਉਸ ਦੇ ਦੋ ਕੁ ਦੋਸਤ ਬੱਸ ਹੇਠਾਂ ਆ ਗਏ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਉਸ ਦੀ ਅੱਖ ਲੱਗ ਗਈ ਸੀ, ਜਦੋਂ ਹਾਦਸਾ ਹੋਣ ‘ਤੇ ਉਸ ਦੀ ਅੱਖ ਖੁਲ੍ਹੀ ਤਾਂ ਕੁੱਝ ਨਹੀਂ ਪਤਾ ਚਲਿਆ ਕਿ ਹਾਦਸਾ ਕਿਵੇਂ ਹੋਇਆ ਹੈ। ਉਸ ਨੇ ਦੱਸਿਆ ਕਿ ਬੱਸ ਹਾਦਸੇ ਤੋਂ ਬਾਅਦ ਪਿਛਲਾ ਸ਼ੀਸ਼ਾ ਟੁੱਟ ਗਿਆ ਸੀ, ਜਿਸ ਤੋਂ ਉਹ ਬਾਹਰ ਆਏ।
ਇਹ ਵੀ ਪੜ੍ਹੋ
ਪੁਲਿਸ ਦੀ ਜਾਣਕਾਰੀ
ਨੌਸ਼ਹਿਰ ਮੱਝਾ ਸਿੰਘ ਦੇ ਚੌਂਕੀ ਇੰਚਾਰਜ, ਏਐਸਆਈ ਬਲਜੀਤ ਸਿੰਘ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 7 ਵਜੇ ਜਾਣਕਾਰੀ ਮਿਲੀ ਕਿ ਟੂਰਿਸਟ ਬੱਸ ਪਲਟ ਗਈ ਹੈ। ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤਾ ਗਿਆ। ਬੱਸ ‘ਚ 5 ਲੋਕ ਜ਼ਖ਼ਮੀ ਸਨ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। 2 ਵਿਦਿਆਰਥੀ, ਜੋ ਗਲੋਬਲ ਇੰਸਟੀਟਿਊਟ ਅੰਮ੍ਰਿਤਸਰ ‘ਚ ਪੜ੍ਹਦੇ ਸਨ, ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਡਰਾਈਵਰ ਤੋਂ ਪੁੱਛ-ਗਿੱਛ ਤੋਂ ਬਾਅਦ ਹਾਦਸੇ ਦੇ ਕਾਰਨਾਂ ਦਾ ਪਤਾ ਚਲੇਗਾ। ਉਨ੍ਹਾਂ ਨੇ ਕਿਹਾ ਕਿ ਬਾਕੀ ਵਾਹਨ ਹਾਦਸੇ ਤੋਂ ਬਾਅਦ ਖੜ੍ਹੇ ਹੋ ਗਏ ਸਨ, ਤੇ ਪਿੱਛੇ ਤੋਂ ਆ ਰਹੇ ਵਾਹਨ ਉਨ੍ਹਾਂ ਨਾਲ ਟਕਾਰ ਗਏ, ਜਿਸ ਕਾਰਨ ਉਹ ਵੀ ਹਾਦਸਾਗ੍ਰਸਤ ਹੋ ਗਏ।
