ਗੈਂਗਸਟਰ ਹੈਰੀ ਐਨਕਾਊਂਟਰ ‘ਚ ਢੇਰ… ਅੰਮ੍ਰਿਤਸਰ ਪੁਲਿਸ ਦੀ ਜਵਾਬੀ ਕਾਰਵਾਈ

Updated On: 

20 Nov 2025 09:11 AM IST

ਅੰਮ੍ਰਿਤਸਰ ਪੁਲਿਸ ਨੇ ਇੱਕ ਵੱਡੇ ਐਨਕਾਊਂਟਰ 'ਚ ਬਦਨਾਮ ਗੈਂਗਸਟਰ ਹਰਜਿੰਦਰ ਸਿੰਘ ਉਰਫ਼ ਹੈਰੀ ਨੂੰ ਢੇਰ ਦਿੱਤਾ। ਉਹ ISI ਤੇ ਵਿਦੇਸ਼ੀ ਗੈਂਗਸਟਰਾਂ ਦੇ ਸੰਪਰਕ 'ਚ ਰਹਿੰਦਿਆਂ ਦੇਸ਼ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਸੀ।

ਗੈਂਗਸਟਰ ਹੈਰੀ ਐਨਕਾਊਂਟਰ ਚ ਢੇਰ... ਅੰਮ੍ਰਿਤਸਰ ਪੁਲਿਸ ਦੀ ਜਵਾਬੀ ਕਾਰਵਾਈ

ਗੈਂਗਸਟਰ ਹੈਰੀ ਐਨਕਾਊਂਟਰ 'ਚ ਢੇਰ... ਅੰਮ੍ਰਿਤਸਰ ਪੁਲਿਸ ਦੀ ਜਵਾਬੀ ਕਾਰਵਾਈ

Follow Us On

ਪੰਜਾਬ ਦੀ ਅੰਮ੍ਰਿਤਸਰ ਪੁਲਿਸ ਨੇ ਬੁੱਧਵਾਰ ਦੇਰ ਰਾਤ ਇੱਕ ਮੁਕਾਬਲੇ ‘ਚ ਬਦਨਾਮ ਗੈਂਗਸਟਰ ਹਰਜਿੰਦਰ ਸਿੰਘ ਉਰਫ਼ ਹੈਰੀ ਨੂੰ ਢੇਰ ਕਰ ਦਿੱਤਾ। ਹੈਰੀ ਨੂੰ ਗੰਭੀਰ ਹਾਲਤ ‘ਚ ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਉਸ ਦਾ ਇੱਕ ਸਾਥੀ, ਜਿਸ ਦੀ ਪਛਾਣ ਸੰਨੀ ਵਜੋਂ ਹੋਈ ਹੈ ਤੇ ਅਟਾਰੀ ਦਾ ਰਹਿਣ ਵਾਲਾ ਹੈ, ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ, ਹਰਜਿੰਦਰ ਸਿੰਘ ਉਰਫ਼ ਹੈਰੀ, ਲਗਭਗ 32 ਸਾਲ ਦਾ ਸੀ ਤੇ ਉਸ ਵਿਰੁੱਧ ਵੱਖ-ਵੱਖ ਥਾਣਿਆਂ ‘ਚ ਲਗਭਗ ਪੰਜ ਅਪਰਾਧਿਕ ਮਾਮਲੇ ਦਰਜ ਸਨ, ਜਿਨ੍ਹਾਂ ‘ਚੋਂ ਇੱਕ ਪਠਾਨਕੋਟ ‘ਚ ਵੀ ਸੀ।

ਜਾਂਚ ਤੋਂ ਪਤਾ ਲੱਗਾ ਕਿ ਹੈਰੀ 7 ਨਵੰਬਰ ਨੂੰ ਜ਼ਮਾਨਤ ‘ਤੇ ਜੇਲ੍ਹ ਤੋਂ ਰਿਹਾਅ ਹੋਇਆ ਸੀ। ਪੁਲਿਸ ਦੇ ਅਨੁਸਾਰ, ਜਦੋਂ ਵੀ ਹਰਜਿੰਦਰ ਸਿੰਘ ਉਰਫ਼ ਹੈਰੀ ਨੂੰ ਰਿਹਾਅ ਕੀਤਾ ਜਾਂਦਾ ਸੀ, ਉਹ ਤੁਰੰਤ ਆਪਣੇ ਪੁਰਾਣੇ ਗੈਂਗ ਮੈਂਬਰਾਂ ਤੇ ਅਪਰਾਧਿਕ ਸੰਪਰਕਾਂ ਨਾਲ ਜੁੜ ਜਾਂਦਾ ਸੀ। ਉਸ ਦੇ ਸਾਰੇ ਪੁਰਾਣੇ ਸਥਾਨ ਵੇਰਵੇ, ਕਾਲ ਰਿਕਾਰਡ ਤੇ ਸੰਪਰਕ ਬਿੰਦੂਆਂ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਅੱਜ ਦੇ ‘ਫਾਸਟ ਮੂਵਿੰਗ ਕ੍ਰਾਈਮ ਮੋਡ’ ‘ਚ ਤਕਨਾਲੋਜੀ ਦੀ ਵਿਆਪਕ ਤੌਰ ‘ਤੇ ਦੁਰਵਰਤੋਂ ਕੀਤੀ ਜਾ ਰਹੀ ਹੈ।

ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਿਹਾ ਸੀ

ਜਿਵੇਂ ਡਰੋਨ ਰਾਹੀਂ ਪਾਕਿਸਤਾਨ ਤੋਂ ਭਾਰਤ ਨੂੰ ਨਸ਼ੀਲੇ ਪਦਾਰਥ ਤੇ ਹਥਿਆਰ ਭੇਜੇ ਜਾਂਦੇ ਹਨ, ਇਹ ਦੋਸ਼ੀ ਵੀ ਆਪਣੇ ਨੈੱਟਵਰਕ ਦੀ ਮਦਦ ਨਾਲ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਇਹ ਪੂਰੀ ਯੋਜਨਾ ਵਰਚੁਅਲ ਨੰਬਰਾਂ, ਜਾਅਲੀ ਪ੍ਰੋਫਾਈਲਾਂ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਕੇ ਗੁਪਤ ਢੰਗ ਨਾਲ ਕੀਤੀ ਗਈ ਸੀ। ਜਾਂਚ ‘ਚ ਇਹ ਵੀ ਸਾਹਮਣੇ ਆਇਆ ਕਿ ਦੋਸ਼ੀ, ਹਰਜਿੰਦਰ ਸਿੰਘ ਉਰਫ ਹੈਰੀ, ਜੋ ਕਿ ਜੱਜ ਨਗਰ ਮੋਹਕਮਪੁਰਾ ਦਾ ਰਹਿਣ ਵਾਲਾ ਹੈ, ਕਈ ਮਾਮਲਿਆਂ ‘ਚ ਜੇਲ੍ਹ ਵਿੱਚ ਬੰਦ ਸੀ।

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਕੀ ਕਿਹਾ?

ਘਟਨਾ ਦਾ ਵੇਰਵਾ ਦਿੰਦੇ ਹੋਏ, ਅੰਮ੍ਰਿਤਸਰ ਪੁਲਿਸ ਕਮਿਸ਼ਨਰ ਜੀਪੀਐਸ ਭੁੱਲਰ ਨੇ ਕਿਹਾ ਕਿ ਬੁੱਧਵਾਰ ਦੇਰ ਸ਼ਾਮ, ਐਂਟੀ-ਗੈਂਗਸਟਰ ਆਪ੍ਰੇਸ਼ਨ ਸੈੱਲ ਨੂੰ ਸੂਚਨਾ ਮਿਲੀ ਕਿ ਹਾਲ ਹੀ ‘ਚ ਜੇਲ੍ਹ ਤੋਂ ਰਿਹਾਅ ਹੋਇਆ, ਹਰਜਿੰਦਰ ਸਿੰਘ ਉਰਫ ਹੈਰੀ ਤੇ ਉਸਦਾ ਸਾਥੀ ਇੱਕ ਵੱਜੀ ਸ਼ਖਸੀਅਤ ਦਾ ਕਤਲ ਕਰਨ ਦੀ ਯੋਜਨਾ ਬਣਾ ਰਹੇ ਹਨ। ਜਾਣਕਾਰੀ ਮਿਲਣ ‘ਤੇ, ਪੁਲਿਸ ਹਰਕਤ ‘ਚ ਆ ਗਈ। ਖੁਫੀਆ ਜਾਣਕਾਰੀ ਦੇ ਆਧਾਰ ‘ਤੇ, ਪੁਲਿਸ ਨੇ ਦੋਵਾਂ ਅਪਰਾਧੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ, ਪੁਲਿਸ ਨੂੰ ਦੇਖ ਕੇ, ਅਪਰਾਧੀਆਂ ਨੇ ਗੋਲੀਬਾਰੀ ਕੀਤੀ।

ਹੈਰੀ ਮੁਕਾਬਲੇ ‘ਚ ਮਾਰਿਆ ਗਿਆ

ਪੁਲਿਸ ਨੇ ਜਵਾਬੀ ਕਾਰਵਾਈ ਕੀਤੀ, ਜਿਸ ‘ਚ ਹੈਰੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਇਸ ਦੌਰਾਨ, ਹੈਰੀ ਦਾ ਸਾਥੀ ਮੌਕੇ ਤੋਂ ਭੱਜਣ ‘ਚ ਕਾਮਯਾਬ ਹੋ ਗਿਆ। ਪੁਲਿਸ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਹੈਰੀ ਪਾਕਿਸਤਾਨ ਦੀ ਖੁਫੀਆ ਏਜੰਸੀ, ਆਈਐਸਆਈ ਤੇ ਵਿਦੇਸ਼ਾਂ ‘ਚ ਸਥਿਤ ਗੈਂਗਸਟਰਾਂ ਦੇ ਸੰਪਰਕ ‘ਚ ਸੀ। ਉਹ ਉਨ੍ਹਾਂ ਦੀ ਅਗਵਾਈ ਹੇਠ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਸੀ।

ਉਸ ਵਿਰੁੱਧ ਪਠਾਨਕੋਟ ਤੇ ਅੰਮ੍ਰਿਤਸਰ ‘ਚ ਮਾਮਲੇ ਦਰਜ ਹਨ। ਪੁਲਿਸ ਨੇ ਦੱਸਿਆ ਕਿ ਉਸ ਦਾ ਸਾਥੀ, ਸੰਨੀ, ਜੋ ਕਿ ਅਟਾਰੀ ਦਾ ਰਹਿਣ ਵਾਲਾ ਸੀ, ਮੌਕੇ ਤੋਂ ਭੱਜ ਗਿਆ। ਉਸ ਨੂੰ ਫੜਨ ਲਈ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਹ ਵਿਅਕਤੀ ਡਰੋਨ ਰਾਹੀਂ ਪਾਕਿਸਤਾਨ ਤੋਂ ਹਥਿਆਰਾਂ ਦੀ ਖੇਪ ਮੰਗਵਾਉਂਦ ਸਨ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਤੋਂ ਦੋ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ।