328 ਪਾਵਨ ਸਰੂਪ ਮਾਮਲਾ: SGPC ਦੇ 7 ਮੈਂਬਰ ਬਿਆਨ ਦਰਜ ਕਰਵਾਉਣ ਪਹੁੰਚੇ ਪੁਲਿਸ ਕਮਿਸ਼ਨਰ ਦਫ਼ਤਰ, 40 ਲੋਕਾਂ ਨੂੰ ਭੇਜਿਆ ਗਿਆ ਸੀ ਸੰਮਨ
ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨਬੀਰ ਸਿੰਘ ਸਿਆਲੀ ਨੇ ਦੱਸਿਆ ਕਿ ਇਹ ਸਾਰੇ ਅਧਿਕਾਰੀ ਤੇ ਮੁਲਾਜ਼ਮ ਉਹੀ ਹਨ, ਜਿਨ੍ਹਾਂ ਦੇ ਬਿਆਨ ਪਹਿਲਾਂ ਡਾ. ਈਸ਼ਰ ਸਿੰਘ ਵੱਲੋਂ ਬਣਾਈ ਗਈ ਜਾਂਚ ਕਮੇਟੀ ਵੱਲੋਂ ਦਰਜ ਕੀਤੇ ਜਾ ਚੁੱਕੇ ਹਨ। ਉਸ ਸਮੇਂ ਦੀ ਪੜਤਾਲ ਰਿਪੋਰਟ ਪੂਰੀ ਤਰ੍ਹਾਂ ਜਨਤਕ ਵੀ ਕੀਤੀ ਗਈ ਸੀ। ਹੁਣ FIR ਦਰਜ ਹੋਣ ਤੋਂ ਬਾਅਦ, SIT ਵੱਲੋਂ ਕਾਨੂੰਨੀ ਪ੍ਰਕਿਰਿਆ ਤਹਿਤ ਉਨ੍ਹਾਂ ਦੇ ਬਿਆਨ ਦੁਬਾਰਾ ਰਿਕਾਰਡ ਕੀਤੇ ਜਾ ਰਹੇ ਹਨ।
328 ਪਾਵਨ ਸਰੂਪ ਮਾਮਲਾ: SGPC ਦੇ 7 ਮੈਂਬਰ ਬਿਆਨ ਦਰਜ ਕਰਵਾਉਣ ਪਹੁੰਚੇ ਪੁਲਿਸ ਕਮਿਸ਼ਨਰ ਦਫ਼ਤਰ, 40 ਲੋਕਾਂ ਨੂੰ ਭੇਜਿਆ ਗਿਆ ਸੀ ਸੰਮਨ
ਅੰਮ੍ਰਿਤਸਰ ‘ਚ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਚੱਲ ਰਹੀ ਪੁਲਿਸ ਜਾਂਚ ਦੇ ਤਹਿਤ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਲੀਗਲ ਐਡਵਾਈਜ਼ਰ ਅਮਨਬੀਰ ਸਿੰਘ ਸਿਆਲੀ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੇ। ਉਨ੍ਹਾਂ ਦੇ ਨਾਲ SGPC ਦੇ ਮੌਜੂਦਾ ਅਧਿਕਾਰੀ ਤੇ ਕੁੱਲ ਸੱਤ ਮੈਂਬਰ ਵੀ ਮੌਜੂਦ ਸਨ, ਜਿਨ੍ਹਾਂ ਨੇ FIR ਨੰਬਰ 168 ਦੀ ਜਾਂਚ ਸਬੰਧੀ ਆਪਣੇ ਬਿਆਨ ਦਰਜ ਕਰਵਾਏ।
ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨਬੀਰ ਸਿੰਘ ਸਿਆਲੀ ਨੇ ਦੱਸਿਆ ਕਿ ਇਹ ਸਾਰੇ ਅਧਿਕਾਰੀ ਤੇ ਮੁਲਾਜ਼ਮ ਉਹੀ ਹਨ, ਜਿਨ੍ਹਾਂ ਦੇ ਬਿਆਨ ਪਹਿਲਾਂ ਡਾ. ਈਸ਼ਰ ਸਿੰਘ ਵੱਲੋਂ ਬਣਾਈ ਗਈ ਜਾਂਚ ਕਮੇਟੀ ਵੱਲੋਂ ਦਰਜ ਕੀਤੇ ਜਾ ਚੁੱਕੇ ਹਨ। ਉਸ ਸਮੇਂ ਦੀ ਪੜਤਾਲ ਰਿਪੋਰਟ ਪੂਰੀ ਤਰ੍ਹਾਂ ਜਨਤਕ ਵੀ ਕੀਤੀ ਗਈ ਸੀ। ਹੁਣ FIR ਦਰਜ ਹੋਣ ਤੋਂ ਬਾਅਦ, SIT ਵੱਲੋਂ ਕਾਨੂੰਨੀ ਪ੍ਰਕਿਰਿਆ ਤਹਿਤ ਉਨ੍ਹਾਂ ਦੇ ਬਿਆਨ ਦੁਬਾਰਾ ਰਿਕਾਰਡ ਕੀਤੇ ਜਾ ਰਹੇ ਹਨ।
ਸਿਆਲੀ ਨੇ ਕਿਹਾ ਕਿ ਪੁਲਿਸ ਵੱਲੋਂ ਕੁੱਲ 40 SGPC ਮੈਂਬਰਾਂ ਤੇ ਅਧਿਕਾਰੀਆਂ ਨੂੰ ਸੰਮਨ ਜਾਰੀ ਕੀਤੇ ਗਏ ਸਨ, ਜਿਨ੍ਹਾਂ ‘ਚੋਂ ਅੱਜ ਸੱਤ ਮੌਜੂਦਾ ਮੈਂਬਰ ਹਾਜ਼ਰ ਹੋਏ। ਜਿਹੜੇ ਅਧਿਕਾਰੀ ਰਿਟਾਇਰ ਹੋ ਚੁੱਕੇ ਹਨ ਜਾਂ ਜਿਹੜੇ ਮੌਜੂਦਾ ਸਮੇਂ ਚ ਸੇਵਾ ‘ਚ ਨਹੀਂ ਹਨ, ਉਨ੍ਹਾਂ ਦੀ ਹਾਜ਼ਰੀ ਜਾਂ ਬਿਆਨਾਂ ਬਾਰੇ ਫੈਸਲਾ ਜਾਂਚ ਏਜੰਸੀ ਵੱਲੋਂ ਕੀਤਾ ਜਾਵੇਗਾ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ SGPC ਵੱਲੋਂ ਜਾਂਚ ‘ਚ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਤੇ ਕਮੇਟੀ ਨੂੰ ਕਿਸੇ ਵੀ ਤਰ੍ਹਾਂ ਦੀ ਜਾਂਚ ਤੋਂ ਘਬਰਾਹਟ ਨਹੀਂ। ਸੱਚ ਸਾਹਮਣੇ ਲਿਆਉਣ ਲਈ ਕਾਨੂੰਨੀ ਪ੍ਰਕਿਰਿਆ ਦਾ ਸਤਿਕਾਰ ਕਰਨਾ ਜ਼ਰੂਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲੀ ਪੜਤਾਲ ਦੌਰਾਨ ਵੀ ਸਾਰੇ ਤੱਥ ਤੇ ਦਸਤਾਵੇਜ਼ ਜਾਂਚ ਟੀਮ ਦੇ ਸਾਹਮਣੇ ਰੱਖੇ ਗਏ ਸਨ ਤੇ ਹੁਣ ਵੀ ਪੁਲਿਸ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਉਥੇ ਹੀ, ਇਸ ਮਾਮਲੇ ‘ਚ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ 328 ਪਾਵਨ ਸਰੂਪ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਜਾਰੀ ਹੈ ਤੇ ਸਾਰੇ ਪੱਖਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।