ਪਰਮਾਤਮਾ ਦੀ ਨਿਆਮਤ ਹੈ ਪਾਣੀ... ਵੱਧ-ਫੁੱਲ ਰਿਹਾ ਬਾਜ਼ਾਰ, ਆਓ...ਕੁਦਰਤੀ ਸੋਮਿਆਂ ਨੂੰ ਬਚਾਉਣ ਦਾ ਲਈਏ ਅਹਿਦ | packed water is being marketing on large level wide market try to save natural water know full detail in punjabi Punjabi news - TV9 Punjabi

ਕੁਦਰਤ ਦੀ ਨਿਆਮਤ ਹੈ ਪਾਣੀ… ਵੱਧ-ਫੁੱਲ ਰਿਹਾ ਬਾਜ਼ਾਰ, ਆਓ…ਕੁਦਰਤੀ ਸੋਮਿਆਂ ਨੂੰ ਬਚਾਉਣ ਦਾ ਲਈਏ ਅਹਿਦ

Updated On: 

13 Jun 2024 19:18 PM

ਅੱਤ ਦੀ ਇਸ ਗਰਮੀ ਦੌਰਾਨ ਦਿੱਲੀ ਵਿੱਚ ਪਾਣੀ ਦੇ ਸੰਕਟ ਦੀ ਜੰਗ ਸੁਪਰੀਮ ਕੋਰਟ ਵਿੱਚ ਪਹੁੰਚ ਚੁੱਕੀ ਹੈ। ਅੱਧੀ ਤੋਂ ਜਿਆਦਾ ਦਿੱਲੀ ਪਾਣੀ ਦੀ ਇੱਕ-ਇੱਕ ਬੂੰਦ ਲਈ ਤਰਸ ਰਹੀ ਹੈ। ਪਾਣੀ ਦੀ ਇੱਕ-ਇੱਕ ਬਾਲਟੀ ਲਈ ਜੰਗ ਲੜਣ ਵਾਲੇ ਇਹ ਲੋਕ ਬਹੁੰਤ ਚੰਗੀ ਤਰ੍ਹਾਂ ਜਾਣਦੇ ਹਨ ਕਿ ਪਾਣੀ ਦੀ ਜ਼ਿੰਦਗੀ ਵਿੱਚ ਕੀ ਅਹਿਮੀਅਤ ਹੈ। ਇਸਦੀ ਇੱਕ-ਇੱਕ ਬੂੰਦ ਲਈ ਇਨ੍ਹਾਂ ਨੂੰ ਕਿੰਨੀ ਜੱਦੋ-ਜਹਿਦ ਕਰਨੀ ਪੈ ਰਹੀ ਹੈ, ਇਹ ਤਾਂ ਉਹੀ ਲੋਕ ਜਾਣਦੇ। ਲੋਕਾਂ ਦੀ ਇਸੇ ਮਜਬੂਰੀ ਦਾ ਫਾਇਦਾ ਬਾਜ਼ਾਰ ਚੁੱਕ ਰਿਹਾ ਹੈ। ਬਾਜ਼ਾਰ ਵਿੱਚ ਪਾਣੀ ਦੀ ਡਿਮਾਂਡ ਏਨੀ ਜਿਆਦਾ ਵੱਧ ਚੁੱਕੀ ਹੈ ਕਿ ਕੰਪਨੀਆਂ ਦੀ ਪੌਂ-ਬਾਰ੍ਹਾ ਹੋ ਰਹੀ ਹੈ। ਲੋਕ ਜੰਮ ਕੇ ਬੋਤਲਬੰਦ ਪਾਣੀ ਨੂੰ ਖਰੀਦ ਵੀ ਰਹੇ ਹਨ।

ਕੁਦਰਤ ਦੀ ਨਿਆਮਤ ਹੈ ਪਾਣੀ... ਵੱਧ-ਫੁੱਲ ਰਿਹਾ ਬਾਜ਼ਾਰ, ਆਓ...ਕੁਦਰਤੀ ਸੋਮਿਆਂ ਨੂੰ ਬਚਾਉਣ ਦਾ ਲਈਏ ਅਹਿਦ

'ਜਲ ਹੈ ਤਾਂ ਕੱਲ੍ਹ ਹੈ'

Follow Us On

ਕਹਿਰ ਦੀ ਇਸ ਗਰਮੀ ਵਿੱਚ ਸਭ ਤੋਂ ਪਹਿਲਾਂ ਜਿਸਦਾ ਧਿਆਨ ਆਉਂਦਾ ਹੈ ਉਹ ਹੈ ਪਾਣੀ। ਪਾਣੀ ਹੀ ਜੀਵਨ ਹੈ, ਬਿਨ ਪਾਣੀ ਸਭ ਸੂਣ ਵਰਗੀਆਂ ਕਈ ਕਹਾਵਤਾਂ ਗਰਮੀਆਂ ਵਿਚ ਮਨ ਵਿਚ ਆਉਂਦੀਆਂ ਹਨ। ਪਾਣੀ ਮਨੁੱਖ ਦੀ ਮੁੱਢਲੀ ਲੋੜ ਹੈ। ਜੇਕਰ ਤੁਸੀਂ ਦਿੱਲੀ NCR, ਹਰਿਆਣਾ ਜਾਂ ਪੰਜਾਬ ‘ਚ ਰਹਿੰਦੇ ਹੋ ਤਾਂ ਤੁਸੀਂ ਆਪਣੇ ਘਰ ‘ਚ ਪੀਣ ਵਾਲੇ ਪਾਣੀ ਦੀ ਵੱਡੀ ਬੋਤਲ ਜ਼ਰੂਰ ਮੰਗਵਾਈ ਹੋਵੇਗੀ।ਤੁਹਾਡੇ ਘਰ ਜਿਹੜਾ ਸ਼ਖਸ ਪਾਣੀ ਦੀ ਇਹ ਬੋਤਲ ਦੇ ਕੇ ਜਾਂਦਾ ਹੈ, ਉਹ ਤੁਹਾਡੇ ਤੋਂ ਰੋਜਾਨਾ ਜਾਂ ਹਰ ਮਹੀਨੇ ਦੇ ਹਿਸਾਬ ਨਾਲ ਪੈਸੇ ਵੀ ਲੈਂਦਾ ਹੈ। ਤੁਸੀਂ ਉਸਨੂੰ ਆਪਣੇ ਬਜਟ ਚੋਂ ਕੱਢ ਕੇ ਪੈਸੇ ਦੇ ਵੀ ਦਿੰਦੇ ਹੋ, ਪਰ ਕਦੇ ਤੁਸੀਂ ਸੋਚਿਆ ਹੈ ਆਖਿਰ ਇਸ ਪਾਣੀ ਦੇ ਕਾਰੋਬਾਰ ਤੋਂ ਕਿੰਨੀ ਕਮਾਈ ਹੋ ਰਹੀ ਹੈ।

ਕਿਹੜੀਆਂ ਕੰਪਨੀਆਂ ਹਨ ਮਾਰਕੀਟ ਵਿੱਚ

ਭਾਰਤ ਵਿੱਚ ਬੋਤਲਬੰਦ ਪਾਣੀ ਦਾ ਕਾਰੋਬਾਰ ਕਰਨ ਵਾਲੇ ਬਹੁਤ ਸਾਰੇ ਵੱਡੇ ਨਾਮ ਹਨ, ਜਿਨ੍ਹਾਂ ਵਿੱਚੋਂ ਬਿਸਲੇਰੀ ਪਹਿਲੇ ਨੰਬਰ ‘ਤੇ ਹੈ। ਇਸ ਤੋਂ ਇਲਾਵਾ ਕਿਨਲੇ, ਐਕਵਾਫੀਨਾ, ਬੇਲੀ ਵਰਗੀਆਂ ਕਈ ਕੰਪਨੀਆਂ ਵੀ ਇਸ ਦੌੜ ਵਿਚ ਸ਼ਾਮਲ ਹਨ। ਇਸਤੋਂ ਇਲਾਵਾ ਜੇਕਰ ਤੁਸੀਂ ਟਰੇਨ ਵਿੱਚ ਸਫ਼ਰ ਕਰਦੇ ਹੋ ਤਾਂ ਤੁਹਾਨੂੰ ਰੇਲ ਨੀਰ ਬ੍ਰਾਂਡ ਦੇ ਪਾਣੀ ਦੀ ਬੋਤਲ ਵੀ ਵੇਖਣ ਨੂੰ ਮਿਲ ਜਾਂਦੀ ਹੈ। ਦੇਸ਼ ਵਿੱਚ ਬੋਤਲਬੰਦ ਪਾਣੀ ਦਾ ਕਾਰੋਬਾਰ ਅਰਬਾਂ ਰੁਪਏ ਦਾ ਹੈ। ਕੁਝ ਸਮਾਂ ਪਹਿਲਾਂ ਤੱਕ ਬੋਤਲ ਬੰਦ ਪਾਣੀ ਸਿਰਫ਼ ਅਮੀਰ ਲੋਕਾਂ ਦੀ ਪਸੰਦ ਹੁੰਦਾ ਸੀ ਪਰ ਹੁਣ ਦ੍ਰਿਸ਼ ਬਦਲ ਗਿਆ ਹੈ। ਹੁਣ ਤਾਂ ਆਮ ਆਦਮੀ ਵੀ ਬੋਤਲ ਬੰਦ ਪਾਣੀ ਦੀ ਵਰਤੋਂ ਕਰਨ ਤੋਂ ਪਿੱਛੇ ਨਹੀਂ ਹਟਦਾ, ਭਾਵੇਂ ਉਸ ਨੂੰ ਇਸ ਦੀ ਵੱਡੀ ਕੀਮਤ ਹੀ ਕਿਉਂ ਨਾ ਚੁਕਾਉਣੀ ਪਵੇ।

ਬੋਤਲਬੰਦ ਪਾਣੀ ਦੀ ਮਾਰਕੀਟ 2021 ਵਿੱਚ ਲਗਭਗ 20 ਹਜ਼ਾਰ ਕਰੋੜ ਰੁਪਏ ਦੀ ਸੀ, ਜਿਸ ਵਿੱਚ ਬਿਸਲੇਰੀ ਦੀ ਹਿੱਸੇਦਾਰੀ ਲਗਭਗ 4 ਤੋਂ 5 ਹਜ਼ਾਰ ਕਰੋੜ ਰੁਪਏ ਸੀ। ਬਿਸਲੇਰੀ ਦੇਸ਼ ਦੀ ਸਭ ਤੋਂ ਵੱਡੀ ਪੈਕਡ ਵਾਟਰ ਕੰਪਨੀ ਹੈ। ਲਗਭਗ 122 ਓਪਰੇਸ਼ਨ ਪਲਾਂਟਸ ਵਾਲੀ ਇਹ ਕੰਪਨੀ ਮੂਲ ਰੂਪ ਵਿੱਚ ਇਟਲੀ ਦੀ ਸੀ ਅਤੇ ਉਸ ਸਮੇਂ ਇਹ ਇੱਕ ਫਾਰਮਾ ਕੰਪਨੀ ਸੀ ਯਾਨੀ ਦਵਾਈਆਂ ਵੇਚਣ ਵਾਲੀ ਕੰਪਨੀ ਸੀ। ਜਦੋਂ ਇਹ ਕੰਪਨੀ 60 ਦੇ ਦਹਾਕੇ ਵਿੱਚ ਭਾਰਤ ਆਈ ਤਾਂ ਬੋਤਲਬੰਦ ਪਾਣੀ ਵੇਚਣਾ ਅਤੇ ਇਸਦੀ ਕੀਮਤ ਅਦਾ ਕਰਨਾ ਇੱਕ ਵੱਡੀ ਗੱਲ ਹੋਇਆ ਕਰਦੀ ਸੀ। ਬਦਲਦੇ ਸਮੇਂ ਦੇ ਨਾਲ, ਬਿਸਲੇਰੀ ਨੇ ਭਾਰਤ ਵਿੱਚ ਆਪਣੇ ਪੈਰ ਜਮਾ ਲਏ ਅਤੇ ਬੋਤਲਬੰਦ ਪਾਣੀ ਦੇ ਬਾਜ਼ਾਰ ਵਿੱਚ ਦੇਸ਼ ਦੀ ਨੰਬਰ ਇੱਕ ਕੰਪਨੀ ਬਣ ਗਈ।

ਜੇਕਰ ਅਸੀਂ ਦੁਨੀਆ ਭਰ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਕਿਨਲੇ ਕੋਲ ਬੋਤਲਬੰਦ ਪਾਣੀ ਦਾ ਸਭ ਤੋਂ ਵੱਡਾ ਬਾਜ਼ਾਰ ਹੈ। ਜਦੋਂ ਕਿ ਕਿਨਲੇ ਦੀ ਮਾਰਕੀਟ ਦੁਨੀਆ ਵਿੱਚ 19 ਪ੍ਰਤੀਸ਼ਤ ਹੈ, ਬਿਸਲੇਰੀ ਦੀ ਸਿਰਫ 8 ਪ੍ਰਤੀਸ਼ਤ ਹੈ। ਇਸੇ ਤਰ੍ਹਾਂ ਐਕਵਾਫਿਨਾ ਕੋਲ 7 ਫੀਸਦੀ, ਦਾਸਾਨੀ ਕੋਲ 5 ਫੀਸਦੀ, ਬੇਲੀ ਕੋਲ 3 ਫੀਸਦੀ ਅਤੇ ਆਕਸੀਰਿਚ ਕੋਲ 1 ਫੀਸਦੀ ਮਾਰਕੀਟ ਹੈ। ਇਸ ਦੇ ਨਾਲ ਹੀ ਬਾਕੀ ਸਾਰੀਆਂ ਕੰਪਨੀਆਂ ਦਾ ਵਿਸ਼ਵਵਿਆਪੀ ਬਾਜ਼ਾਰ ਮਿਲਾ ਕੇ 51 ਫੀਸਦੀ ਹੈ। ਬੋਤਲਬੰਦ ਇਹ ਮਿਨਰਲ ਵਾਟਰ ਆਮ ਪਾਣੀ ਨਾਲੋਂ ਥੋੜ੍ਹਾ ਵੱਖਰਾ ਹੁੰਦਾ ਹੈ ਕਿਉਂਕਿ ਇਸ ਵਿੱਚ ਖਣਿਜ ਗੈਸਾਂ ਘੁਲ ਜਾਂਦੀਆਂ ਹਨ। ਇਸ ਵਿੱਚ ਕੈਲਸ਼ੀਅਮ ਕਾਰਬੋਨੇਟ, ਮੈਗਨੀਸ਼ੀਅਮ ਸਲਫੇਟ, ਪੋਟਾਸ਼ੀਅਮ ਅਤੇ ਸੋਡੀਅਮ ਸਲਫੇਟ ਜ਼ਿਆਦਾ ਹੁੰਦਾ ਹੈ।

ਕਿਵੇਂ ਵਧਿਆ ਬਾਜ਼ਾਰ?

ਗੰਦਾ ਪਾਣੀ ਪੀਣ ਨਾਲ ਸਿਹਤ ਖ਼ਰਾਬ ਹੁੰਦੀ ਹੈ। ਵਧਦੇ ਉਦਯੋਗੀਕਰਨ, ਵਧਦੀ ਆਬਾਦੀ ਅਤੇ ਹੋਰ ਕਈ ਕਾਰਨਾਂ ਕਰਕੇ ਪਾਣੀ ਵਿੱਚ ਪ੍ਰਦੂਸ਼ਣ ਦਾ ਪੱਧਰ ਵਧ ਰਿਹਾ ਹੈ। ਸ਼ੁੱਧ ਪਾਣੀ ਮਿਲਣਾ ਔਖਾ ਹੁੰਦਾ ਜਾ ਰਿਹਾ ਹੈ ਅਤੇ ਇਨ੍ਹਾਂ ਸਾਰੇ ਕਾਰਨਾਂ ਕਰਕੇ ਬੋਤਲਬੰਦ ਪਾਣੀ ਦਾ ਕਾਰੋਬਾਰ ਬਹੁਤ ਵਧ ਗਿਆ ਹੈ। ਅੱਜ ਹਾਲਾਤ ਇਹ ਹਨ ਕਿ ਵੱਡੀਆਂ ਕੰਪਨੀਆਂ ਦੇ ਨਾਵਾਂ ਨਾਲ ਮਿਲਦੇ ਜੁਲਦੇ ਨਾਂ ਵਰਤ ਕੇ ਵੀ ਪਾਣੀ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ। ਲੋਕਾਂ ਨੇ ਬੋਤਲਬੰਦ ਪਾਣੀ ‘ਤੇ ਇੰਨਾ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਪਾਣੀ ਨਾਲ ਜੁੜੀ ਹਰ ਸਮੱਸਿਆ ਦਾ ਇੱਕੋ ਇੱਕ ਹੱਲ ਨਜ਼ਰ ਆਉਂਦਾ ਹੈ, ਇਹ ਬੋਤਲਬੰਦ ਪਾਣੀ।

ਆਰਥਿਕ ਮਾਹਿਰ ਆਲੋਕ ਕੁਮਾਰ ਦਾ ਕਹਿਣਾ ਹੈ ਕਿ ਸਾਲ 2021 ‘ਚ ਭਾਰਤੀ ਬੋਤਲਬੰਦ ਪਾਣੀ ਦਾ ਬਾਜ਼ਾਰ 19,315 ਕਰੋੜ ਰੁਪਏ ਤੋਂ ਜ਼ਿਆਦਾ ਸੀ। ਭਾਰਤ ਵਿੱਚ ਬੋਤਲਬੰਦ ਪਾਣੀ ਦਾ ਬਾਜ਼ਾਰ ਇੰਨੀ ਤੇਜ਼ੀ ਨਾਲ ਵੱਧ ਰਿਹਾ ਹੈ ਕਿ ਭਾਰਤ ਦੱਖਣੀ ਕੋਰੀਆ ਤੋਂ ਬਾਅਦ ਦੁਨੀਆ ਵਿੱਚ ਦੂਜਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਬੋਤਲਬੰਦ ਪਾਣੀ ਦਾ ਬਾਜ਼ਾਰ ਹੈ। ਭਾਰਤ ਬੋਤਲਬੰਦ ਪਾਣੀ ਦਾ 12ਵਾਂ ਸਭ ਤੋਂ ਵੱਡਾ ਖਪਤਕਾਰ ਬਾਜ਼ਾਰ ਬਣ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ 8,000 ਕਰੋੜ ਰੁਪਏ ਦੀ ਬੋਤਲਬੰਦ ਪਾਣੀ ਦੀ ਮਾਰਕੀਟ ਵਿੱਚ ਬਿਸਲੇਰੀ ਦੀ ਹਿੱਸੇਦਾਰੀ ਲਗਭਗ 32 ਪ੍ਰਤੀਸ਼ਤ ਹੈ।

ਪਾਣੀ ਦੀ ਬਰਾਮਦ

ਭਾਰਤ ਵਿੱਚ, ਪੈਕਡ ਵਾਟਰ ਦੀ ਮਾਰਕੀਟ ਵਿੱਚ ਲਗਭਗ 80 ਪ੍ਰਤੀਸ਼ਤ ਕੰਪਨੀਆਂ ਦੇਸੀ ਹਨ। ਬੋਤਲਬੰਦ ਪਾਣੀ ਦੀ ਸਭ ਤੋਂ ਵੱਧ ਵਰਤੋਂ ਕਰਨ ਵਾਲੇ ਦੇਸ਼ਾਂ ਵਿੱਚੋਂ ਇੱਕ ਹੋਣ ਦੇ ਬਾਵਜੂਦ, ਸਾਡੇ ਦੇਸ਼ ਦੀ ਇੱਕ ਵੱਡੀ ਆਬਾਦੀ ਪਾਣੀ ਦੀ ਹਰ ਬੂੰਦ ਲਈ ਤਰਸਦੀ ਹੈ। ਦੇਸ਼ ਵਿੱਚ ਪੀਣ ਵਾਲੇ ਪਾਣੀ ਦਾ ਸੰਕਟ ਭਾਵੇਂ ਕੋਈ ਵੀ ਹੋਵੇ, ਸਰਕਾਰ ਦੂਜੇ ਦੇਸ਼ਾਂ ਨੂੰ ਪਾਣੀ ਵੇਚ ਕੇ ਚੰਗੀ ਕਮਾਈ ਕਰਦੀ ਹੈ। ਲੋਕ ਸਭਾ ਵਿੱਚ ਵਰੁਣ ਗਾਂਧੀ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਤਤਕਾਲੀ ਵਣਜ ਅਤੇ ਉਦਯੋਗ ਰਾਜ ਮੰਤਰੀ ਹਰਦੀਪ ਪੁਰੀ ਨੇ ਕਿਹਾ ਸੀ ਕਿ 2015-16 ਤੋਂ 2020-21 ਦੇ ਅਪ੍ਰੈਲ ਤੋਂ ਨਵੰਬਰ ਤੱਕ ਭਾਰਤ ਨੇ ਕੁੱਲ 38, 50,431 ਲੀਟਰ ਪਾਣੀ ਬਾਹਰ ਭੇਜਿਆ। ਇਸ ਪਾਣੀ ਵਿੱਚ ਮਿਨਰਲਾਈਜ਼ਡ ਵਾਟਰ ਯਾਨੀ ਖਣਿਜ ਪਾਣੀ, ਏਰੀਏਟਿਡ ਵਾਟਰ ਯਾਨੀ ਕਿ ਵਾਯੂ ਪਾਣੀ ਅਤੇ ਕੁਦਰਤੀ ਪਾਣੀ ਸਮੇਤ ਹੋਰ ਪਾਣੀ ਸ਼ਾਮਲ ਹਨ। ਇਸ ਦੌਰਾਨ ਭਾਰਤ ਨੇ 23,78,227 ਲੀਟਰ ਮਿਨਰਲ ਵਾਟਰ, 6,02,389 ਲੀਟਰ ਏਰੇਟਿਡ ਵਾਟਰ ਅਤੇ 8,69,815 ਲੀਟਰ ਕੁਦਰਤੀ ਅਤੇ ਹੋਰ ਪਾਣੀ ਦੂਜੇ ਦੇਸ਼ਾਂ ਨੂੰ ਬਰਾਮਦ ਕੀਤੇ।

ਮਾਹਿਰਾਂ ਦਾ ਮੰਨਣਾ ਹੈ ਕਿ ਜਿੱਥੇ ਇੱਕ ਪਾਸੇ ਭਾਰਤ ਪਾਣੀ ਦਾ ਨਿਰਯਾਤ ਕਰ ਰਿਹਾ ਹੈ, ਉੱਥੇ ਦੂਜੇ ਪਾਸੇ ਇਸ ਦੀਆਂ ਦੇਸ਼ ਦੀਆਂ ਲੋੜਾਂ ਵੀ ਪੂਰੀਆਂ ਨਹੀਂ ਹੋ ਰਹੀਆਂ ਹਨ। ਦੇਸ਼ ਦੀ ਵੱਡੀ ਆਬਾਦੀ ਕੋਲ ਪੀਣ ਵਾਲਾ ਪਾਣੀ ਨਹੀਂ ਹੈ। ਇਸ ਦੇ ਲਈ ਭਾਰਤ ਸਰਕਾਰ ਨੇ ਪੇਂਡੂ ਖੇਤਰਾਂ ਨੂੰ ਪਾਣੀ ਮੁਹੱਈਆ ਕਰਵਾਉਣ ਲਈ ਜਲਜੀਵਨ ਮਿਸ਼ਨ ਸ਼ੁਰੂ ਕੀਤਾ ਸੀ, ਜਿਸ ਤਹਿਤ ਹਰੇਕ ਪੇਂਡੂ ਪਰਿਵਾਰ ਨੂੰ ਪ੍ਰਤੀ ਵਿਅਕਤੀ 55 ਲੀਟਰ ਪਾਣੀ ਸਪਲਾਈ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਹ ਮਿਸ਼ਨ 15 ਅਗਸਤ 2019 ਨੂੰ ਸ਼ੁਰੂ ਕੀਤਾ ਗਿਆ ਸੀ ਤਾਂ ਜੋ 2024 ਤੱਕ ਹਰੇਕ ਪੇਂਡੂ ਪਰਿਵਾਰ ਨੂੰ ਸ਼ੁੱਧ ਅਤੇ ਲੋੜੀਂਦਾ ਪਾਣੀ ਮੁਹੱਈਆ ਕਰਵਾਇਆ ਜਾ ਸਕੇ ਅਤੇ ਸਰਕਾਰ ਨੇ ਇਸ ਮਿਸ਼ਨ ਲਈ ਲਗਭਗ 2.87 ਲੱਖ ਕਰੋੜ ਰੁਪਏ ਦੀ ਰਾਸ਼ੀ ਵੀ ਅਲਾਟ ਕੀਤੀ। ਹਾਲਾਂਕਿ ਯੋਜਨਾ ਦਾ ਅਸਰ ਤਾਂ ਹੋਇਆ, ਪਰ ਓਨਾ ਨਹੀਂ, ਜਿਨੇ ਦੀ ਉਮੀਦ ਕੀਤੀ ਜਾ ਰਹੀ ਸੀ।

ਪਾਣੀ ਦੀ ਲੋਕਲ ਮਾਰਕੀਟ

ਕੁਦਰਤ ਦੇ ਇਸ ਅਨਮੋਲ ਤੋਹਫ਼ੇ ਅਰਥਾਤ ਪਾਣੀ ਦੇ ਬਾਜ਼ਾਰ ਵਿੱਚ ਵੱਡੀਆਂ-ਵੱਡੀਆਂ ਕੰਪਨੀਆਂ ਹੀ ਨਹੀਂ ਅੱਜ ਕੱਲ੍ਹ ਲੋਕ ਹਰ ਸ਼ਹਿਰ ਦੇ ਹਰ ਗਲੀ ਵਿੱਚ ਪਾਣੀ ਦੀਆਂ ਦੁਕਾਨਾਂ ਲਗਾ ਰਹੇ ਹਨ। ਨੋਇਡਾ ਵਿੱਚ ਇੱਕ ਸੁਸਾਇਟੀ ਵਿੱਚ ਹਾਲ ਹੀ ਵਿੱਚ ਪਾਣੀ ਦੀ ਭਾਰੀ ਕਿੱਲਤ ਹੋ ਗਈ, ਜਿਸ ਤੋਂ ਬਾਅਦ ਸਥਿਤੀ ਇਹ ਬਣ ਗਈ ਕਿ ਪਾਣੀ ਦੀਆਂ ਛੋਟੀਆਂ ਬੋਤਲਾਂ ਤੋਂ ਲੈ ਕੇ ਪਾਣੀ ਦੇ ਵੱਡੇ ਕੈਨ ਤੱਕ ਸਾਰੀਆਂ ਦੁਕਾਨਾਂ ਤੋਂ ਪਲ ਭਰ ਵਿੱਚ ਖਤਮ ਹੋ ਗਏ। ਜਿਨ੍ਹਾਂ ਨੇ ਸਮੇਂ ਸਿਰ ਪਾਣੀ ਖਰੀਦਿਆ ਸੀ, ਉਨ੍ਹਾਂ ਦੀ ਹਾਲਤ ਤਾਂ ਠੀਕ ਸੀ ਪਰ ਜਿਹੜੇ ਲੋਕ ਇਸ ਤੋਂ ਖੁੰਝ ਗਏ ਸਨ, ਉਨ੍ਹਾਂ ਨੂੰ ਪਾਣੀ ਲੈਣ ਲਈ ਲੰਬੀ ਦੂਰੀ ਦਾ ਸਫ਼ਰ ਕਰਨਾ ਪਿਆ।

ਲੋਕ ਸ਼ੁੱਧ ਪਾਣੀ ਲਈ ਆਰਓ ਦੀ ਵਰਤੋਂ ਕਰਦੇ ਹਨ, ਪਰ ਇਸ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਬਰਬਾਦੀ ਹੁੰਦੀ ਹੈ ਅਤੇ ਇਹ ਮਹਿੰਗਾ ਵੀ ਹੁੰਦਾ ਹੈ, ਇਸ ਲਈ ਬਹੁਤ ਸਾਰੇ ਲੋਕ ਘਰ ਵਿੱਚ 20 ਲੀਟਰ ਦੇ ਕੈਨ ਮੰਗਵਾਉਂਦੇ ਹਨ। ਇਨ੍ਹਾਂ ਵਾਟਰ ਕੈਨ ਦੀ ਸਪਲਾਈ ਅਤੇ ਮੰਗ ਇੰਨੀ ਜ਼ਿਆਦਾ ਹੈ ਕਿ ਸੁਣ ਕੇ ਕੋਈ ਵੀ ਹੈਰਾਨ ਰਹਿ ਜਾਵੇ। ਇਸ 20 ਲੀਟਰ ਦੀ ਆਪਣੀ ਮਾਰਕੀਟ ਅਤੇ ਆਪਣੇ ਗਾਹਕ ਹਨ। ਇਹ ਬੋਤਲਾਂ ਸਵੇਰ ਤੋਂ ਦੇਰ ਰਾਤ ਤੱਕ ਸਪਲਾਈ ਕੀਤੀਆਂ ਜਾਂਦੀਆਂ ਹਨ। ਹੁੰਦਾ ਤਾਂ ਇਹ ਵੀ ਬੋਤਲ ਬੰਦ ਪਾਣੀ ਹੀ ਹੈ ਪਰ ਇਸ ਦੀ ਸ਼ੁੱਧਤਾ ਦੀ ਕੋਈ ਗਾਰੰਟੀ ਨਹੀਂ ਹੁੰਦੀ ਹੈ। ਕਈ ਵਾਰ ਆਮ ਪਾਣੀ ਨੂੰ ਮਿਨਰਲ ਵਾਟਰ ਵਜੋਂ ਵੇਚਿਆ ਜਾਂਦਾ ਹੈ। ਪਾਣੀ ਭਾਵੇਂ ਖਣਿਜ ਹੋਵੇ ਜਾਂ ਸਾਧਾਰਨ, ਵਿਕਦਾ ਅੰਨੇਵਾਹ ਹੀ ਹੈ।

ਪਾਣੀ ਕੁਦਰਤ ਦਾ ਅਜਿਹਾ ਤੋਹਫਾ ਹੈ ਜੋ ਆਸਾਨੀ ਨਾਲ ਮਿਲ ਜਾਂਦਾ ਹੈ ਪਰ ਲਗਾਤਾਰ ਹੋ ਰਹੀ ਲੁੱਟ ਕਾਰਨ ਹਾਲਾਤ ਅਜਿਹੇ ਬਣ ਗਏ ਕਿ ਪਾਣੀ ਦਾ ਵਪਾਰ ਹੋਣ ਲੱਗਾ। ਅਸੀਂ ਜਾਣੇ-ਅਣਜਾਣੇ ਵਿਚ ਕਿੰਨਾ ਪਾਣੀ ਬਰਬਾਦ ਕਰਦੇ ਹਾਂ, ਇਸ ਦੀ ਕੀਮਤ ਤਾਂ ਬੋਤਲ ਬੰਦ ਪਾਣੀ ਖਰੀਦਣ ‘ਤੇ ਹੀ ਪਤਾ ਲੱਗ ਜਾਂਦੀ ਹੈ। ਸ਼ੁੱਧ ਪਾਣੀ ਦੀ ਘਾਟ ਨੇ ਇਸ ਬਾਜ਼ਾਰ ਨੂੰ ਵੱਡਾ ਬਣਾ ਦਿੱਤਾ ਹੈ। ਹੁਣ ਲੋੜ ਇਸ ਗੱਲ ਦੀ ਹੈ ਕਿ ਅਸੀਂ ਪਾਣੀ ਦੀ ਕੀਮਤ ਨੂੰ ਸਮਝੀਏ ਅਤੇ ਬੋਤਲਬੰਦ ਪਾਣੀ ਦੀ ਬਜਾਏ ਕੁਦਰਤੀ ਪਾਣੀ ਨੂੰ ਬਚਾਉਣ ਵੱਲ ਧਿਆਨ ਦੇਈਏ।

Exit mobile version