1984 ਸਿੱਖ ਕਤਲੇਆਮ ਮਾਮਲੇ 'ਚ ਜਗਦੀਸ਼ ਟਾਈਟਲਰ 'ਤੇ ਦੋਸ਼ ਆਇਦ, ਚੱਲੇਗਾ ਕਤਲ ਦਾ ਮੁਕੱਦਮਾ | jagdish-tytler-charges-framed-in-1984-sikh-riots-delhi-rouse-avenue-court more detail in punjabi Punjabi news - TV9 Punjabi

1984 ਸਿੱਖ ਕਤਲੇਆਮ ਮਾਮਲੇ ‘ਚ ਜਗਦੀਸ਼ ਟਾਈਟਲਰ ‘ਤੇ ਦੋਸ਼ ਆਇਦ, ਚੱਲੇਗਾ ਕਤਲ ਦਾ ਮੁਕੱਦਮਾ

Updated On: 

30 Aug 2024 17:04 PM

ਕਾਂਗਰਸੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਭੀੜ ਨੂੰ ਸਿੱਖਾਂ ਨੂੰ ਮਾਰਨ ਲਈ ਉਕਸਾਇਆ ਸੀ, ਗਵਾਹ ਨੇ ਆਰੋਪ ਲਾਇਆ ਹੈ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਸਾਡੀ ਮਾਂ ਦਾ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਸਮੇਤ ਕਈ ਹਿੱਸਿਆਂ 'ਚ ਹਿੰਸਾ ਦੇਖਣ ਨੂੰ ਮਿਲੀ ਸੀ।

1984 ਸਿੱਖ ਕਤਲੇਆਮ ਮਾਮਲੇ ਚ ਜਗਦੀਸ਼ ਟਾਈਟਲਰ ਤੇ ਦੋਸ਼ ਆਇਦ, ਚੱਲੇਗਾ ਕਤਲ ਦਾ ਮੁਕੱਦਮਾ

ਜਗਦੀਸ਼ ਟਾਈਟਲਰ

Follow Us On

1984 ਦੇ ਸਿੱਖ ਕਤਲੇਆਮ ਮਾਮਲੇ ‘ਚ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ‘ਤੇ ਦੋਸ਼ ਆਇਦ ਕਰ ਦਿੱਤੇ ਹਨ। ਅਦਾਲਤ ਨੇ ਕਾਂਗਰਸੀ ਆਗੂ ਖ਼ਿਲਾਫ਼ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਦੋਸ਼ ਆਇਦ ਕੀਤੇ ਹਨ। ਸੀਬੀਆਈ ਨੇ 20 ਮਈ 2023 ਨੂੰ ਇਸ ਮਾਮਲੇ ਵਿੱਚ ਟਾਈਟਲਰ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ।

ਇਸ ਤੋਂ ਪਹਿਲਾਂ 19 ਜੁਲਾਈ ਨੂੰ ਵਿਸ਼ੇਸ਼ ਜੱਜ ਰਾਕੇਸ਼ ਸਿਆਲ ਨੇ ਇਸ ਮਾਮਲੇ ਵਿੱਚ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਮਾਮਲੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਇਕ ਗਵਾਹ ਨੇ ਆਰੋਪ ਲਾਇਆ ਸੀ ਕਿ ਟਾਈਟਲਰ 1 ਨਵੰਬਰ 1984 ਨੂੰ ਗੁਰਦੁਆਰਾ ਪੁਲ ਬੰਗਸ਼ ਦੇ ਸਾਹਮਣੇ ਅੰਬੈਸਡਰ ਕਾਰ ਤੋਂ ਉਤਰੇ ਅਤੇ ਭੀੜ ਨੂੰ ਸਿੱਖਾਂ ਦੇ ਕਤਲ ਲਈ ਉਕਸਾਇਆ।

ਸੀਬੀਆਈ ਨੇ ਇਹ ਕੀਤਾ ਸੀ ਦਾਅਵਾ

ਸੀਬੀਆਈ ਨੇ ਆਪਣੀ ਚਾਰਜਸ਼ੀਟ ਵਿੱਚ ਕਿਹਾ ਸੀ ਕਿ ਸਿੱਖ ਦੰਗਿਆਂ ਦੌਰਾਨ ਪੁਲ ਬੰਗਸ਼ ਗੁਰਦੁਆਰੇ ਦੇ ਆਜ਼ਾਦ ਮਾਰਕੀਟ ਇਲਾਕੇ ਵਿੱਚ ਮੌਜੂਦ ਜਗਦੀਸ਼ ਟਾਈਟਲਰ ਨੇ ਭੀੜ ਨੂੰ ਭੜਕਾਇਆ ਸੀ, ਜਿਸ ਤੋਂ ਬਾਅਦ ਗੁਰਦੁਆਰੇ ਨੂੰ ਅੱਗ ਲਗਾ ਦਿੱਤੀ ਗਈ ਸੀ। ਇਸ ਹਿੰਸਾ ਵਿੱਚ ਠਾਕੁਰ ਸਿੰਘ, ਬਾਦਲ ਸਿੰਘ ਅਤੇ ਗੁਰਚਰਨ ਸਿੰਘ ਮਾਰੇ ਗਏ ਸਨ। ਸੀਬੀਆਈ ਨੇ ਟਾਈਟਲਰ ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 147 (ਦੰਗੇ), 109 (ਉਕਸਾਉਣ) ਅਤੇ 302 (ਕਤਲ) ਦੇ ਤਹਿਤ ਦੋਸ਼ੀ ਠਹਿਰਾਇਆ ਸੀ।

ਸੀਬੀਆਈ ਨੂੰ 39 ਸਾਲਾਂ ਬਾਅਦ ਮਿਲੇ ਸਨ ਨਵੇਂ ਸਬੂਤ

ਸੀਬੀਆਈ ਨੂੰ ਘਟਨਾ ਦੇ 39 ਸਾਲ ਬਾਅਦ ਟਾਈਟਲਰ ਖ਼ਿਲਾਫ਼ ਨਵੇਂ ਸਬੂਤ ਮਿਲੇ ਸਨ। ਸੀਬੀਆਈ ਨੇ ਟਾਈਟਲਰ ਦੇ ਭਾਸ਼ਣ ਦੀ ਆਡੀਓ ਕਲਿੱਪ ਜਾਂਚ ਲਈ ਸੀਐਫਐਸਐਲ ਲੈਬ ਨੂੰ ਭੇਜੀ ਸੀ। ਸੀਐਫਐਸਐਲ ਲੈਬ ਵਿੱਚ ਟਾਈਟਲਰ ਦੀਆਂ ਆਡੀਓ ਕਲਿੱਪਾਂ ਦਾ ਮੇਲ ਕੀਤਾ ਗਿਆ ਸੀ। ਮੰਨਿਆ ਜਾਂਦਾ ਹੈ ਕਿ ਕਿਸੇ ਵੀ ਵਿਅਕਤੀ ਦੀ ਆਵਾਜ਼ ਕਈ ਸਾਲਾਂ ਬਾਅਦ ਵੀ ਉਹ ਜਿਹੀ ਹੀ ਰਹਿੰਦੀ ਹੈ।

ਆਵਾਜ਼ ਵਿੱਚ ਸਮੱਸਿਆ ਉਦੋਂ ਹੀ ਆਉਂਦੀ ਹੈ ਜਦੋਂ ਖਰਾਬ ਸਿਹਤ ਕਾਰਨ ਵੋਕਲ ਕੋਰਡ ਖਰਾਬ ਹੋ ਜਾਂਦੀ ਹੈ। ਨਹੀਂ ਤਾਂ ਆਵਾਜ਼ ਵਿੱਚ ਬਦਲਾਅ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਲਈ ਜਦੋਂ ਦੰਗਿਆਂ ਦੇ 39 ਸਾਲਾਂ ਬਾਅਦ ਟਾਈਟਲਰ ਦੀ ਆਵਾਜ਼ ਮੇਲ ਖਾਦੀ ਤਾਂ ਸਥਿਤੀ ਸਪੱਸ਼ਟ ਹੋ ਗਈ। 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਸ ਦੇ ਸਿੱਖ ਅੰਗ ਰੱਖਿਅਕਾਂ ਵੱਲੋਂ ਹੱਤਿਆ ਕਰਨ ਤੋਂ ਬਾਅਦ ਦਿੱਲੀ ਅਤੇ ਹੋਰ ਇਲਾਕਿਆਂ ਵਿੱਚ ਸਿੱਖ ਭਾਈਚਾਰੇ ‘ਤੇ ਹਮਲੇ ਹੋਏ ਸਨ। ਕੁਝ ਹੀ ਸਮੇਂ ਵਿਚ ਇਸ ਨੇ ਹਿੰਸਾ ਦਾ ਰੂਪ ਧਾਰਨ ਕਰ ਲਿਆ ਸੀ।

ਪੀੜਤ ਪਰਿਵਾਰ ਬੋਲਿਆ- ਹੁਣ ਇੱਕ ਉਮੀਦ ਜਾਗੀ ਹੈ

ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 13 ਸਤੰਬਰ ਨੂੰ ਹੋਵੇਗੀ। ਪੀੜਤ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਹੁਣ ਇੱਕ ਉਮੀਦ ਜਾਗੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ਼ ਮਿਲੇ। ਇਸ ਦੌਰਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਹ 40 ਸਾਲਾਂ ਦੀ ਲੜਾਈ ਦਾ ਵੱਡਾ ਸੰਘਰਸ਼ ਸੀ ਅਤੇ ਇਸ ਸੰਘਰਸ਼ ਦੌਰਾਨ ਕਈ ਲੋਕ ਆਏ ਅਤੇ ਕਈ ਲੋਕ ਇਸ ਜ਼ਿੰਦਗੀ ਤੋਂ ਚਲੇ ਗਏ। ਅਸੀਂ ਇਹ ਲੜਾਈ ਲਗਾਤਾਰ ਲੜ ਰਹੇ ਸੀ ਅਤੇ ਅੱਜ ਮਿਲੀ ਰਾਹਤ ਪੀੜਤ ਪਰਿਵਾਰ ਲਈ ਵੱਡੀ ਆਸ ਦੀ ਕਿਰਨ ਹੈ। ਆਉਣ ਵਾਲੇ ਸਮੇਂ ਵਿੱਚ ਇਹ ਤੈਅ ਹੈ ਕਿ ਜਗਦੀਸ਼ ਟਾਈਟਲਰ ਵੀ ਸੱਜਣ ਕੁਮਾਰ ਵਾਂਗ ਸਲਾਖਾਂ ਪਿੱਛੇ ਹੋਣਗੇ।

Exit mobile version