ਭਾਰਤ ਦੇ 6 ਸ਼ਹਿਰ ਦਿੱਲੀ ਤੋਂ ਵੱਧ ਪ੍ਰਦੂਸ਼ਿਤ, ਚੰਡੀਗੜ੍ਹ ‘ਚ ਕਿਵੇਂ ਹੈ ਹਵਾ ਦੀ ਗੁਣਵੱਤਾ ਜਾਣੋ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦੇਸ਼ ਦੇ 10 ਸਾਫ਼ ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਬੋਰਡ ਨੇ ਕਿਹਾ ਕਿ ਦੇਸ਼ ਦੇ ਕਈ ਅਜਿਹੇ ਛੋਟੇ ਸ਼ਹਿਰਾਂ ਦੀ ਹਵਾ ਮਹਾਨਗਰਾਂ ਤੋਂ ਵੀ ਖਰਾਬ ਹੈ। ਇਨ੍ਹਾਂ ਵਿੱਚ ਰਾਜਸਥਾਨ ਦੇ ਝੁੰਝੁਨੂ ਅਤੇ ਹਰਿਆਣਾ ਦੇ ਫਤਿਹਾਬਾਦ ਅਤੇ ਮਾਨੇਸਰ ਸ਼ਹਿਰ ਸ਼ਾਮਲ ਹਨ। ਇਸ ਰਿਪੋਰਟ ਵਿੱਚ ਪ੍ਰਦੂਸ਼ਣ ਬੋਰਡ ਨੇ ਦਿੱਲੀ ਦੀ ਹਵਾ ਨੂੰ ਤਸੱਲੀਬਖਸ਼ ਦੱਸਿਆ ਹੈ।
ਪ੍ਰਦੂਸ਼ਣ ਦੀ ਸਮੱਸਿਆ ਦੇਸ਼ ਦੇ ਵੱਡੇ ਸ਼ਹਿਰਾਂ ਦੀ ਹੀ ਨਹੀਂ ਸਗੋਂ ਛੋਟੇ ਸ਼ਹਿਰ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਪ੍ਰਦੂਸ਼ਨ ਨੂੰ ਲੈ ਕੇ ਕਈ ਛੋਟੇ ਸ਼ਹਿਰਾਂ ਦੀ ਹਾਲਤ ਬਹੁਤ ਮਾੜੀ ਹੈ। ਦਿੱਲੀ ਅਤੇ ਮੁੰਬਈ ਵਰਗੇ ਮਹਾਨਗਰਾਂ ਨਾਲੋਂ ਇਨ੍ਹਾਂ ਛੋਟੇ ਸ਼ਹਿਰਾਂ ‘ਚ ਜ਼ਿਆਦਾ ਪ੍ਰਦੂਸ਼ਣ ਹੈ। ਇਨ੍ਹਾਂ ਵਿੱਚ ਰਾਜਸਥਾਨ ਦਾ ਝੁੰਝੁਨੂ, ਹਰਿਆਣਾ ਦਾ ਮਾਨੇਸਰ, ਫਤਿਹਾਬਾਦ ਅਤੇ ਉੱਤਰ ਪ੍ਰਦੇਸ਼ ਦਾ ਗ੍ਰੇਟਰ ਨੋਇਡਾ ਸ਼ਾਮਲ ਹਨ। ਇਹ ਖੁਲਾਸਾ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ 27 ਸਤੰਬਰ ਨੂੰ ਜਾਰੀ ਰਿਪੋਰਟ ਵਿੱਚ ਹੋਇਆ ਹੈ।
ਇਸ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਦਿੱਲੀ ‘ਚ ਹਵਾ ਦੀ ਗੁਣਵੱਤਾ 129 ਹੈ, ਜੋ ਕਿ ਗੁਣਵੱਤਾ ਮਾਮਲੇ ‘ਚ ਮੱਧਮ ਸ਼੍ਰੇਣੀ ਆਉਂਦੀ ਹੈ। ਰਾਜਸਥਾਨ ਦੇ ਝੁੰਝੁਨੂ ‘ਚ ਹਵਾ ਗੁਣਵੱਤਾ ਸੂਚਕ ਅੰਕ 208 ਤੋਂ ਪਾਰ ਹੈ, ਸਿਹਤ ਪੱਖੋਂ ਇਸ ਨੂੰ ਮਾੜਾ ਮੰਨਿਆ ਗਿਆ ਹੈ। ਇਸੇ ਤਰ੍ਹਾਂ ਗ੍ਰੇਟਰ ਨੋਇਡਾ ‘ਚ AQI 280, ਮਾਨੇਸਰ ‘ਚ 201, ਫਤਿਹਾਬਾਦ ‘ਚ 236 ਅਤੇ ਬਰਨੀਹਾਟ ‘ਚ 257 ਹੈ। ਇਹ ਸਾਰੇ ਸ਼ਹਿਰ ਮਾੜੀ ਗੁਣਵੱਤਾ ਦੀ ਸ਼੍ਰੇਣੀ ‘ਚ ਆਉਂਦੇ ਹਨ।
ਚੰਡੀਗੜ੍ਹ ਦੀ ਹਵਾ ਦਾ ਹਾਲ
ਕੇਂਦਰੀ ਪ੍ਰਦੂਸ਼ਣ ਬੋਰਡ ਦੀ ਰਿਪੋਰਟ ਮੁਤਾਬਕ ਇਸ ਸਮੇਂ ਲਖਨਊ, ਚੇਨਈ, ਹੈਦਰਾਬਾਦ, ਜੈਪੁਰ, ਚੰਡੀਗੜ੍ਹ, ਪਟਨਾ ਅਤੇ ਦਿੱਲੀ ‘ਚ ਪ੍ਰਦੂਸ਼ਣ ਤੋਂ ਕਾਫੀ ਰਾਹਤ ਮਿਲੀ ਹੈ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ‘ਚ ਪ੍ਰਦੂਸ਼ਣ ਦਾ ਪੱਧਰ 76 AQI ਹੈ, ਜਦੋਂ ਕਿ ਚੇਨਈ ‘ਚ ਇਹ 84, ਹੈਦਰਾਬਾਦ ‘ਚ 77 ਅਤੇ ਜੈਪੁਰ ‘ਚ 104 ਹੈ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ AQI 79, ਪਟਨਾ ‘ਚ 144 ਅਤੇ ਦਿੱਲੀ ‘ਚ 129 ਦਰਜ ਕੀਤਾ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਆਪਣੀ ਰਿਪੋਰਟ ‘ਚ ਕੁਝ ਸ਼ਹਿਰਾਂ ਦੀ ਸੂਚੀ ਵੀ ਜਾਰੀ ਕੀਤੀ ਹੈ ਜਿੱਥੇ ਹਵਾ ਸਾਫ਼ ਹੈ।
ਕੀ ਹੈ ਹਵਾ ਦੀ ਗੁਣਵੱਤਾ ਦਾ ਮਿਆਰ?
ਇਨ੍ਹਾਂ ਸ਼ਹਿਰਾਂ ਵਿੱਚ ਅਮਰਾਵਤੀ, ਭਿਲਾਈ, ਬਾਰੀਪਾੜਾ, ਬੰਗਲੌਰ, ਚਾਮਰਾਜ ਨਗਰ, ਰਿਸ਼ੀਕੇਸ਼, ਬਾਗਲਕੋਟ, ਕੋਲਕਾਤਾ, ਬਰੇਲੀ ਤੋਂ ਇਲਾਵਾ ਸ੍ਰੀਨਗਰ, ਤਿਰੂਵਨੰਤਪੁਰਮ, ਅਰਿਆਲੁਰ ਅਤੇ ਵਾਰਾਣਸੀ ਆਦਿ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ ਬੋਰਡ ਨੇ ਹਵਾ ਦੀ ਗੁਣਵੱਤਾ ਦਾ ਪਤਾ ਲਗਾਉਣ ਲਈ ਇੱਕ ਮਿਆਰ ਬਣਾਇਆ ਹੈ। ਇਸ ਵਿੱਚ 0 ਤੋਂ 50 AQI ਨੂੰ ਚੰਗਾ ਮੰਨਿਆ ਜਾਂਦਾ ਹੈ। ਜਦੋਂ ਕਿ 50 ਤੋਂ 100 AQI ਨੂੰ ਤਸੱਲੀਬਖਸ਼ ਮੰਨਿਆ ਗਿਆ ਹੈ। 101 ਤੋਂ 200 AQI ਨੂੰ ਮੱਧਮ ਮੰਨਿਆ ਜਾਂਦਾ ਹੈ ਅਤੇ 201 ਤੋਂ 300 AQI ਨੂੰ ਮਾੜਾ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਇਸ ਤੋਂ ਵੱਧ AQI ਨੂੰ ਬਹੁਤ ਖਰਾਬ ਅਤੇ ਚਿੰਤਾਜਨਕ ਦੱਸਿਆ ਗਿਆ ਹੈ।