ਸ਼ਾਹਰੁਖ ਖਾਨ ਨੂੰ ਧਮਕੀ ਦੇਣ ਵਾਲਾ ਫੈਜ਼ਾਨ ਗ੍ਰਿਫਤਾਰ, ਪੁਲਿਸ ਕਰੇਗੀ ਰਿਮਾਂਡ ਦੀ ਮੰਗ
Shahrukh Khan Threat: ਸ਼ਾਹਰੁਖ ਖਾਨ ਨੂੰ ਧਮਕੀ ਦੇਣ ਦੇ ਮਾਮਲੇ 'ਚ ਮੁੰਬਈ ਪੁਲਿਸ ਨੇ ਆਰੋਪੀ ਫੈਜ਼ਾਨ ਖਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਹੁਣ ਉਸ ਨੂੰ ਰਾਏਪੁਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਵੱਲੋਂ ਉਸ ਨੂੰ ਨੋਟਿਸ ਦਿੱਤਾ ਗਿਆ ਸੀ ਪਰ ਉਹ ਪੁੱਛਗਿੱਛ ਲਈ ਨਹੀਂ ਆਇਆ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ। ਹੁਣ ਪੁਲਿਸ ਉਸ ਨੂੰ ਰਿਮਾਂਡ 'ਤੇ ਲੈਣ ਦੀ ਮੰਗ ਕਰੇਗੀ।
ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਹਾਲ ਹੀ ‘ਚ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਪੂਰੀ ਇੰਡਸਟਰੀ ‘ਚ ਤਰਥੱਲੀ ਮਚ ਗਈ ਸੀ। ਬਾਂਦਰਾ ਪੁਲਿਸ ਨੂੰ ਸ਼ਾਹਰੁਖ ਖਾਨ ਨੂੰ ਇਕ ਕਾਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਾਂਚ ‘ਚ ਲੱਗੀ ਹੋਈ ਹੈ। ਹੁਣ ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਫੈਜ਼ਾਨ ਖ਼ਾਨ ਨੂੰ ਮੰਗਲਵਾਰ ਸਵੇਰੇ ਗ੍ਰਿਫ਼ਤਾਰ ਕਰ ਲਿਆ।
ਮਹਾਰਾਸ਼ਟਰ ਪੁਲਿਸ ਨੇ ਮੁਲਜ਼ਮ ਨੂੰ ਛੱਤੀਸਗੜ੍ਹ, ਰਾਏਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਫੈਜ਼ਾਨ ਨੂੰ ਅੱਜ ਮੰਗਲਵਾਰ ਨੂੰ ਰਾਏਪੁਰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਮਹਾਰਾਸ਼ਟਰ ਪੁਲਿਸ ਨੇ ਫੈਜ਼ਾਨ ਖਾਨ ਦੇ ਨਾਂ ‘ਤੇ ਪਿਛਲੇ ਹਫਤੇ ਨੋਟਿਸ ਜਾਰੀ ਕੀਤਾ ਸੀ। ਮੁੰਬਈ ਪੁਲਿਸ ਨੇ ਪਹਿਲੀ ਵਾਰ ਫੈਜ਼ਾਨ ਤੋਂ ਦੋ ਘੰਟੇ ਤੱਕ ਪੁੱਛਗਿੱਛ ਕੀਤੀ ਸੀ। ਪੁੱਛਗਿੱਛ ਦੌਰਾਨ ਫੈਜ਼ਾਨ ਨੇ ਸਪੱਸ਼ਟ ਕੀਤਾ ਸੀ ਕਿ ਉਸ ਦੇ ਜਿਸ ਨੰਬਰ ਤੋਂ 50 ਲੱਖ ਰੁਪਏ ਦੀ ਫਿਰੌਤੀ ਦੇ ਨਾਲ ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਲਈ ਲਈ ਵਰਤਿਆ ਗਿਆ ਸੀ। ਉਹ ਮੋਬਾਈਲ ਧਮਕੀ ਭਰੀ ਕਾਲ ਤੋਂ 5 ਦਿਨ ਪਹਿਲਾਂ ਹੀ ਗੁੰਮ ਹੋ ਗਿਆ ਸੀ।
ਰਿਮਾਂਡ ‘ਤੇ ਲੈਣ ਦੀ ਮੰਗ ਕਰੇਗੀ ਪੁਲਿਸ
ਫੈਜ਼ਾਨ ਨੇ ਅੱਗੇ ਦੱਸਿਆ ਕਿ ਉਸ ਨੇ ਰਾਏਪੁਰ ਦੇ ਖਮਾਰਡੀਹ ਥਾਣੇ ‘ਚ ਵੀ ਮੋਬਾਈਲ ਗੁਆਚਣ ਦੀ ਸੂਚਨਾ ਵੀ ਦਿੱਤੀ ਸੀ। ਮੁੰਬਈ ਪੁਲਿਸ ਵੱਲੋਂ ਫੈਜ਼ਾਨ ਖਾਨ ਨੂੰ ਨੋਟਿਸ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਅੱਜ ਸਵੇਰੇ ਉਸ ਨੂੰ ਪੁੱਛਗਿੱਛ ਲਈ ਪੰਡਾ਼ਰੀ ਥਾਣੇ ਬੁਲਾਇਆ ਗਿਆ, ਪਰ ਜਦੋਂ ਫੈਜ਼ਾਨ ਨੋਟਿਸ ‘ਤੇ ਪੁੱਛਗਿੱਛ ਲਈ ਨਹੀਂ ਪਹੁੰਚਿਆ ਤਾਂ ਉਸ ਨੂੰ ਘਰੋਂ ਹੀ ਹਿਰਾਸਤ ‘ਚ ਲੈ ਲਿਆ ਗਿਆ। ਜਾਣਕਾਰੀ ਮੁਤਾਬਕ ਹੁਣ ਪੁਲਿਸ ਉਸ ਨੂੰ ਰਾਏਪੁਰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈਣ ਦੀ ਕੋਸ਼ਿਸ਼ ਕਰੇਗੀ।
5 ਨਵੰਬਰ ਨੂੰ ਦਿੱਤੀ ਸੀ ਜਾਨੋਂ ਮਾਰਨ ਦੀ ਧਮਕੀ
ਇੱਕ ਕਾਲ ਰਾਹੀਂ 5 ਨਵੰਬਰ ਨੂੰ ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਧਮਕੀ ਭਰੇ ਕਾਲ ‘ਤੇ ਕਿਹਾ ਗਿਆ ਸੀ ਕਿ ਜੇਕਰ ਸ਼ਾਹਰੁਖ ਖਾਨ ਨੇ 50 ਲੱਖ ਰੁਪਏ ਨਹੀਂ ਦਿੱਤੇ ਤਾਂ ਉਨ੍ਹਾਂ ਨੂੰ ਮਾਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜਦੋਂ ਫੋਨ ਕਰਨ ਵਾਲੇ ਨੂੰ ਉਸ ਦੀ ਪਛਾਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਂ ਹਿੰਦੁਸਤਾਨੀ ਲਿਖਣ ਲਈ ਕਿਹਾ। ਇਸ ਤੋਂ ਬਾਅਦ ਪੁਲਿਸ ਨੇ ਕਾਲ ਟਰੇਸ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਇਨਪੁਟ-ਰਾਜੀਵ/ਅਮਿਤ ਮਿਸ਼ਰਾ