AIFF 2025: ਸਾਈ ਪਰਾਂਜਪੇ ਨੂੰ ਪਦਮਪਾਣੀ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲੇਗਾ
ਇਸ ਸਾਲ, ਫੈਸਟੀਵਲ ਦਾ ਸਭ ਤੋਂ ਵੱਕਾਰੀ ਸਨਮਾਨ - ਪਦਮਪਾਣੀ, ਲਾਈਫਟਾਈਮ ਅਚੀਵਮੈਂਟ ਅਵਾਰਡ ਪ੍ਰਸਿੱਧ ਨਿਰਦੇਸ਼ਕ, ਪਟਕਥਾ ਲੇਖਕ, ਨਿਰਮਾਤਾ ਅਤੇ ਨਾਟਕਕਾਰ, ਸਾਈ ਪਰਾਂਜਾਪੇ ਨੂੰ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਅਮੁੱਲ ਯੋਗਦਾਨ ਲਈ ਪ੍ਰਦਾਨ ਕੀਤਾ ਜਾਵੇਗਾ। ਪਿੱਛਲੀ ਸਾਲ ਜਾਵੇਦ ਅਖ਼ਤਰ ਨੂੰ ਇਸ ਵੱਕਰਾੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ।
AIFF 2025: ਭਾਰਤ ਅਤੇ ਦੁਨੀਆ ਭਰ ਦੀਆਂ ਵਿਲੱਖਣ ਫਿਲਮਾਂ ਦਾ ਸਾਲਾਨਾ ਜਸ਼ਨ, 10ਵਾਂ ਅਜੰਤਾ-ਏਲੋਰਾ ਇੰਟਰਨੈਸ਼ਨਲ ਫਿਲਮ ਫੈਸਟੀਵਲ (ਏਆਈਐਫਐਫ 2025) 15 ਤੋਂ 19 ਜਨਵਰੀ, 2025 ਤੱਕ ਛਤਰਪਤੀ ਸੰਭਾਜੀਨਗਰ ਵਿਖੇ ਆਯੋਜਿਤ ਕੀਤਾ ਗਿਆ ਹੈ। ਇਸ ਸਾਲ, ਫੈਸਟੀਵਲ ਦਾ ਸਭ ਤੋਂ ਵੱਕਾਰੀ ਸਨਮਾਨ – ਪਦਮਪਾਣੀ, ਲਾਈਫਟਾਈਮ ਅਚੀਵਮੈਂਟ ਅਵਾਰਡ ਪ੍ਰਸਿੱਧ ਨਿਰਦੇਸ਼ਕ, ਪਟਕਥਾ ਲੇਖਕ, ਨਿਰਮਾਤਾ ਅਤੇ ਨਾਟਕਕਾਰ, ਸਾਈ ਪਰਾਂਜਾਪੇ ਨੂੰ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਅਮੁੱਲ ਯੋਗਦਾਨ ਲਈ ਪ੍ਰਦਾਨ ਕੀਤਾ ਜਾਵੇਗਾ।
ਇਹ ਐਲਾਨ ਅੱਜ ਇੱਥੇ ਏਆਈਐਫਐਫ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਨੰਦਕਿਸ਼ੋਰ ਕਾਗਲੀਵਾਲ, ਮੁੱਖ ਸਰਪ੍ਰਸਤ ਅੰਕੁਸ਼ਰਾਓ ਕਦਮ ਤੇ ਏਆਈਐਫਐਫ ਦੇ ਆਨਰੇਰੀ ਪ੍ਰਧਾਨ, ਡਾਇਰੈਕਟਰ ਆਸ਼ੂਤੋਸ਼ ਗੋਵਾਰੀਕਰ ਨੇ ਕੀਤਾ। ਪਦਮਪਾਣੀ ਪੁਰਸਕਾਰ ਚੋਣ ਕਮੇਟੀ ਵਿੱਚ ਮਸ਼ਹੂਰ ਫਿਲਮ ਆਲੋਚਕ ਲਤਿਕਾ ਪਡਗਾਓਂਕਰ (ਚੇਅਰ), ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ, ਸੁਨੀਲ ਸੁਕਥਨਕਰ ਅਤੇ ਚੰਦਰਕਾਂਤ ਕੁਲਕਰਨੀ ਸ਼ਾਮਲ ਹਨ। ਪੁਰਸਕਾਰ ਵਿੱਚ ਪਦਮਪਾਣੀ ਯਾਦਗਾਰੀ ਚਿੰਨ੍ਹ, ਪ੍ਰਸ਼ੰਸਾ ਪੱਤਰ ਅਤੇ 2 ਲੱਖ ਰੁਪਏ ਦਾ ਨਕਦ ਇਨਾਮ ਸ਼ਾਮਲ ਹੈ।
15 ਜਨਵਰੀ ਨੂੰ ਹੋਵੇਗਾ ਪ੍ਰੋਗਰਾਮ
ਪਦਮਪਾਣੀ ਲਾਈਫਟਾਈਮ ਅਚੀਵਮੈਂਟ ਅਵਾਰਡ ਬੁੱਧਵਾਰ, 15 ਜਨਵਰੀ, 2025 ਨੂੰ ਸ਼ਾਮ 6 ਵਜੇ ਰੁਕਮਣੀ ਆਡੀਟੋਰੀਅਮ, ਐਮਜੀਐਮ ਯੂਨੀਵਰਸਿਟੀ ਕੈਂਪਸ, ਛਤਰਪਤੀ ਸੰਭਾਜੀਨਗਰ ਵਿਖੇ ਉਤਸਵ ਦੇ ਉਦਘਾਟਨੀ ਸਮਾਰੋਹ ਦੌਰਾਨ ਸਾਈਂ ਪਰਾਂਜਪੇ ਨੂੰ ਪ੍ਰਦਾਨ ਕੀਤਾ ਜਾਵੇਗਾ। ਇਹ ਸਮਾਰੋਹ ਵੱਖ-ਵੱਖ ਖੇਤਰਾਂ ਤੋਂ ਵੱਖ-ਵੱਖ ਰਾਸ਼ਟਰੀ ਤੇ ਅੰਤਰਰਾਸ਼ਟਰੀ ਕਲਾਕਾਰਾਂ, ਉੱਘੀਆਂ ਸ਼ਖਸੀਅਤਾਂ ਅਤੇ ਫਿਲਮ ਪ੍ਰੇਮੀਆਂ ਦੀ ਸ਼ਾਨਦਾਰ ਹਾਜ਼ਰੀ ਵਿੱਚ ਹੋਵੇਗਾ। ਇਹ ਫਿਲਮ ਫੈਸਟੀਵਲ ਅਗਲੇ ਪੰਜ ਦਿਨਾਂ ਤੱਕ ਪੀਵੀਆਰ ਆਈਨੌਕਸ, ਪ੍ਰੋਜ਼ੋਨ ਮਾਲ ਵਿਖੇ ਚੱਲੇਗਾ।
ਸਾਈ ਪਰਾਂਜਾਪੇ ਮਸ਼ਹੂਰ ਹਸਤੀ
ਸਾਈ ਪਰਾਂਜਾਪੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਭਾਰਤੀ ਸਿਨੇਮਾ ਵਿੱਚ ਇੱਕ ਪ੍ਰਮੁੱਖ ਹਸਤੀ ਰਹੀ ਹੈ। ਉਨ੍ਹਾਂ ਦੀਆਂ ਪ੍ਰਭਾਵਸ਼ਾਲੀ ਹਿੰਦੀ ਫਿਲਮਾਂ ਨੇ ਭਾਰਤੀ ਸਿਨੇਮਾ ਨੂੰ ਇੱਕ ਵਿਲੱਖਣ ਪਛਾਣ ਦਿੱਤੀ ਹੈ। ਉਨ੍ਹਾਂ ਦੀਆਂ ਫਿਲਮਾਂ ਮਨੁੱਖੀ ਰਿਸ਼ਤਿਆਂ ‘ਤੇ ਡੂੰਘੇ ਭਾਵਨਾਤਮਕ ਛੋਹ ਅਤੇ ਸੂਝ-ਬੂਝ ਵਾਲੀ ਟਿੱਪਣੀ ਲਈ ਜਾਣੀਆਂ ਜਾਂਦੀਆਂ ਹਨ।
ਉਨ੍ਹਾਂ ਦੀਆਂ ਕੁਝ ਪ੍ਰਸਿੱਧ ਰਚਨਾਵਾਂ ਵਿੱਚ ਸਪ੍ਰਸ਼ (1980), ਚਸ਼ਮੇ ਬੱਦੂਰ (1981), ਕਥਾ (1983), ਦਿਸ਼ਾ (1990), ਚੂੜੀਆਂ (1993) ਅਤੇ ਸਾਜ਼ (1997) ਸ਼ਾਮਲ ਹਨ। ਫਿਲਮ ਨਿਰਦੇਸ਼ਨ ਤੋਂ ਇਲਾਵਾ ਸ਼੍ਰੀਮਤੀ ਪਰਾਂਜਪੇ ਨੇ ਕਈ ਮਹੱਤਵਪੂਰਨ ਨਾਟਕਾਂ ਅਤੇ ਬਾਲ ਨਾਟਕਾਂ ਦਾ ਨਿਰਦੇਸ਼ਨ ਕੀਤਾ ਹੈ। ਉਨ੍ਹਾਂ ਨੇ ਮਰਾਠੀ ਸਾਹਿਤ, ਖਾਸ ਕਰਕੇ ਬਾਲ ਸਾਹਿਤ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਇਹ ਵੀ ਪੜ੍ਹੋ