ਗੈਂਗਸਟਰ ਲੰਡਾ ਦੇ 12 ਗੁਰਗੇ ਹਥਿਆਰਾਂ ਸਮੇਤ ਗ੍ਰਿਫਤਾਰ, ਕਾਰੋਬਾਰੀ ਤੋਂ ਮੰਗੀ ਸੀ 2 ਕਰੋੜ ਦੀ ਫਿਰੌਤੀ | Kapurthala police arrested 12 associates of gangster Lakbir landa alongwith weapon know full detail in punjabi Punjabi news - TV9 Punjabi

ਗੈਂਗਸਟਰ ਲੰਡਾ ਦੇ 12 ਗੁਰਗੇ ਹਥਿਆਰਾਂ ਸਮੇਤ ਗ੍ਰਿਫਤਾਰ, ਕਾਰੋਬਾਰੀ ਤੋਂ ਮੰਗੀ ਸੀ 2 ਕਰੋੜ ਦੀ ਫਿਰੌਤੀ

Updated On: 

15 Apr 2024 19:32 PM

Gangster Associates Arrested: ਫੜੇ ਗਏ ਸਾਰੇ ਮੁਲਜ਼ਮ 19 ਤੋਂ 22 ਸਾਲ ਦੀ ਉਮਰ ਦੇ ਨੌਜਵਾਨ ਹਨ। ਮੁੱਖ ਮੁਲਜ਼ਮ ਜੱਸਾ ਜਲੰਧਰ, ਕਪੂਰਥਲਾ, ਸੁਲਤਾਨਪੁਰ ਲੋਧੀ, ਫਗਵਾੜਾ, ਹੁਸ਼ਿਆਰਪੁਰ ਵਿੱਚ ਦਰਜ ਲੁੱਟ-ਖੋਹ ਅਤੇ ਅਸਲਾ ਐਕਟ ਦੇ ਅੱਠ ਕੇਸਾਂ ਵਿੱਚ ਵਾਂਟੇਂਡ ਹੈ। ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਸਾਰਿਆਂ ਦੀ ਗ੍ਰਿਫ਼ਤਾਰੀ ਨਾਲ ਪੰਜ ਕੇਸ ਟਰੇਸ ਹੋ ਗਏ ਹਨ।

ਗੈਂਗਸਟਰ ਲੰਡਾ ਦੇ 12 ਗੁਰਗੇ ਹਥਿਆਰਾਂ ਸਮੇਤ ਗ੍ਰਿਫਤਾਰ, ਕਾਰੋਬਾਰੀ ਤੋਂ ਮੰਗੀ ਸੀ 2 ਕਰੋੜ ਦੀ ਫਿਰੌਤੀ

ਕਪੂਰਥਲਾ ਦੀ ਐਸਐਸਪੀ ਵਤਸਲਾ ਗੁਪਤਾ

Follow Us On

ਕਪੂਰਥਲਾ ਪੁਲਿਸ ਨੇ ਅਮਰੀਕਾ ਵਿੱਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ 12 ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ। ਲੰਡਾ ਅਤੇ ਉਸ ਦੇ ਯੂਕੇ ਵਿਚ ਰਹਿ ਰਹੇ ਸਾਥੀ ਹਰਜੀਤ ਸਿੰਘ ਭੰਡਾਲ ਦੇ ਕਹਿਣ ‘ਤੇ ਇਨ੍ਹਾਂ ਲੋਕਾਂ ਨੇ ਸੁਲਤਾਨਪੁਰ ਲੋਧੀ ‘ਚ ਇਕ ਵਪਾਰੀ ਦੇ ਘਰ ਦੇ ਬਾਹਰ ਗੋਲੀਬਾਰੀ ਕਰਕੇ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ।

ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ ਅਤੇ ਅਸਲਾ ਐਕਟ ਦੇ ਕਈ ਕੇਸ ਦਰਜ ਹਨ। ਪੁਲਿਸ ਨੇ ਇਨ੍ਹਾਂ ਕੋਲੋਂ ਇੱਕ 7.65 ਬੋਰ ਦੀ ਪਿਸਤੌਲ, ਇੱਕ ਦੇਸੀ ਰਿਵਾਲਵਰ 32 ਬੋਰ, ਇੱਕ ਦੇਸੀ ਪਿਸਤੌਲ 7.62 ਬੋਰ, 26 ਪਿਸਤੌਲ ਅਤੇ 2 ਲਗਜ਼ਰੀ ਬਾਈਕ ਬਰਾਮਦ ਕੀਤੇ ਹਨ।

ਪੁਲਿਸ ਲਾਈਨ ਕਪੂਰਥਲਾ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਵਤਸਲਾ ਗੁਪਤਾ ਨੇ ਦੱਸਿਆ ਕਿ 10 ਮਾਰਚ ਨੂੰ ਕਪੂਰਥਲਾ ਨਾਲ ਸਬੰਧਤ ਇੱਕ ਅਮੀਰ ਵਿਅਕਤੀ ਦੇ ਘਰ ਦੇ ਬਾਹਰ ਗੋਲੀ ਚਲਾ ਕੇ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਮਾਮਲਾ ਪੁਲਿਸ ਕੋਲ ਪੁੱਜਣ ਤੋਂ ਬਾਅਦ ਸੀਆਈਏ ਸਟਾਫ਼ ਕਪੂਰਥਲਾ, ਡੀਐਸਪੀ-ਡੀ ਅਤੇ ਕਾਊਂਟਰ ਇੰਟੈਲੀਜੈਂਸ ਜਲੰਧਰ ਦੀ ਟੀਮ ਨਾਲ ਸਾਂਝੇ ਤੌਰ ਤੇ ਕਾਰਵਾਈ ਕੀਤੀ ਗਈ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਅਮਰੀਕਾ ਵਿੱਚ ਬੈਠਾ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਵਾਸੀ ਹਰੀਕੇ ਜ਼ਿਲ੍ਹਾ ਤਰਨਤਾਰਨ ਆਪਣੇ ਬਰਤਾਨੀਆ ਵਿੱਚ ਰਹਿੰਦੇ ਸਾਥੀ ਹਰਜੀਤ ਸਿੰਘ ਭੰਡਾਲ ਵਾਸੀ ਪਿੰਡ ਚਿੱਟੀ, ਥਾਣਾ ਲਾਂਬੜਾ, ਜ਼ਿਲ੍ਹਾ ਜਲੰਧਰ ਰਾਹੀਂ ਜ਼ਿਲ੍ਹਾ ਕਪੂਰਥਲਾ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਦੇ ਅਮੀਰ ਲੋਕਾਂ ਅਤੇ ਪਰਵਾਸੀ ਭਾਰਤੀਆਂ ਨੂੰ ਡਰਾ ਧਮਕਾ ਕੇ ਪੈਸੇ ਦੀ ਵਸੂਲੀ ਦੀ ਮੰਗ ਕਰਦਾ ਸੀ। ਇਸ ‘ਤੇ ਅਪਰੇਸ਼ਨ ਟੀਮ ਨੇ ਇਨਪੁਟਸ ਅਤੇ ਟੈਕਨਾਲੋਜੀ ਦੇ ਆਧਾਰ ‘ਤੇ ਸੁਲਤਾਨਪੁਰ ਲੋਧੀ, ਤਰਨਤਾਰਨ, ਸੰਗਰੂਰ, ਜਲੰਧਰ ਅਤੇ ਸ਼ਾਹਕੋਟ ਤੋਂ ਜਾਲ ਵਿਛਾ ਕੇ 12 ਗੁਰਗਿਆਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ।

ਪਹਿਲਾਂ ਮੁੱਖ ਮੁਲਜ਼ਮ ਜਸਵੀਰ ਸਿੰਘ ਉਰਫ ਜੱਸਾ ਵਾਸੀ ਪਿੰਡ ਗਿੱਲ ਨਕੋਦਰ, ਯੂਕੇ ਵਿੱਚ ਰਹਿ ਰਹੇ ਹਰਜੀਤ ਸਿੰਘ ਦੇ ਭਰਾ ਮਨਿੰਦਰ ਸਿੰਘ ਵਾਸੀ ਪਿੰਡ ਚਿੱਟੀ ਜਲੰਧਰ, ਗੁਰਜੀਤ ਸਿੰਘ ਉਰਫ ਗਿਆਨੀ ਵਾਸੀ ਨਕੋਦਰ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪੁੱਛਗਿੱਛ ਤੋਂ ਬਾਅਦ ਯੁਵਰਾਜ ਕੁਮਾਰ ਉਰਫ਼ ਕਾਲੂ ਵਾਸੀ ਨਕੋਦਰ, ਅੰਗਰੇਜ਼ ਸਿੰਘ ਉਰਫ਼ ਗੇਜ਼ੀ ਵਾਸੀ ਸੰਗਰੂਰ, ਮਨਪ੍ਰੀਤ ਸਿੰਘ ਉਰਫ਼ ਗੋਲਡੀ ਵਾਸੀ ਸੰਗਰੂਰ, ਪਰਵਿੰਦਰ ਸਿੰਘ ਉਰਫ਼ ਅਮਲੀ ਵਾਸੀ ਨਕੋਦਰ, ਜਸਪ੍ਰੀਤ ਸਿੰਘ ਉਰਫ਼ ਜੱਸਾ ਵਾਸੀ ਸੰਗਰੂਰ, ਬਲਵਿੰਦਰ ਸਿੰਘ ਉਰਫ਼ ਬਿੱਲਾ ਵਾਸੀ ਸੁਤਲਾਨਪੁਰ ਲੋਧੀ, ਸੁਖਪ੍ਰੀਤ ਸਿੰਘ ਵਾਸੀ ਸ਼ਾਹਕੋਟ, ਹਰਜੀਤ ਸਿੰਘ ਵਾਸੀ ਸ਼ਾਹਕੋਟ ਅਤੇ ਵਿਸ਼ਾਲ ਉਰਫ਼ ਬਿੱਲੀ ਵਾਸੀ ਸ਼ਾਹਕੋਟ ਨੂੰ ਕਾਬੂ ਕੀਤਾ ਗਿਆ | ਐਸਐਸਪੀ ਨੇ ਦੱਸਿਆ ਕਿ ਇਹ ਸਾਰੇ ਇੱਕ ਦੂਜੇ ਤੋਂ ਜਾਣੂ ਨਹੀਂ ਹਨ। ਇਨ੍ਹਾਂ ਨੂੰ ਵਿਦੇਸ਼ ਤੋਂ ਗਾਈਡ ਕੀਤਾ ਜਾਂਦਾ ਸੀ ਕਿ ਪਿਸਤੌਲ ਕਿੱਥੋਂ ਮਿਲੇਗੀ, ਮੋਟਰ ਸਾਈਕਲ ਕਿੱਥੋਂ ਲਿਆਉਣੀ ਹੈ ਅਤੇ ਕਿਸ ਵਿਅਕਤੀ ਨੂੰ ਨਿਸ਼ਾਨਾ ਬਣਾਉਣਾ ਹੈ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਦੋ ਟਾਰਗੇਟ ਦੀ ਗੱਲ ਸਾਹਮਣੇ ਆਈ ਹੈ। ਇਕ ਮਾਮਲੇ ਵਿਚ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੂਜੇ ਤੋਂ ਪੁੱਛਗਿੱਛ ਜਾਰੀ ਹੈ। ਸੁਲਤਾਨਪੁਰ ਲੋਧੀ ਦੇ ਇੱਕ ਕਾਰੋਬਾਰੀ ਤੋਂ ਵਿਦੇਸ਼ੀ ਕਾਲਾਂ ਰਾਹੀਂ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਲੰਡਾ ਅਤੇ ਹਰਜੀਤ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਦੇ ਕਈ ਹੋਰ ਮੈਂਬਰ ਜਲਦੀ ਹੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ।

ਐਸਐਸਪੀ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਚਾਰ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਮੌਕੇ ਐਸਪੀ-ਡੀ ਸਰਬਜੀਤ ਰਾਏ, ਡੀਐਸਪੀ-ਡੀ ਗੁਰਮੀਤ ਸਿੰਘ, ਸੀਆਈਏ ਸਟਾਫ਼ ਇੰਚਾਰਜ ਜਰਨੈਲ ਸਿੰਘ, ਸੁਲਤਾਨਪੁਰ ਲੋਧੀ ਥਾਣੇ ਦੇ ਐਸਐਚਓ ਹਰਗੁਰਦੇਵ ਸਿੰਘ ਆਦਿ ਹਾਜ਼ਰ ਸਨ।

ਫਾਇਰਿੰਗ ਦਾ ਵੀਡੀਓ ਪਰੂਫ ਭੇਜਦੇ ਸਨ ਵਿਦੇਸ਼

ਐਸਐਸਪੀ ਵਤਸਲਾ ਗੁਪਤਾ ਨੇ ਇਸ ਗਰੋਹ ਦੀ ਕਾਰਜਸ਼ੈਲੀ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਇਹ ਸਾਰੇ ਬਹੁਤ ਹੁਸ਼ਿਆਰ ਅਤੇ ਪੇਸ਼ੇਵਰ ਹਨ। ਪਿਸਤੌਲ ਅਤੇ ਬਾਈਕ ਦਾ ਇੰਤਜ਼ਾਮ ਕਰਨ ਤੋਂ ਬਾਅਦ ਇੱਕ ਵਿਅਕਤੀ ਟਾਰਗੇਟ ਦੇ ਘਰ ਦੇ ਬਾਹਰ ਫਾਇਰ ਕਰਦਾ ਸੀ, ਦੂਜਾ ਮੋਬਾਈਲ ਤੋਂ ਵੀਡੀਓ ਬਣਾ ਲੈਂਦਾ ਸੀ ਅਤੇ ਤੀਜਾ ਭੱਜਣ ਲਈ ਬਾਈਕ ਨੂੰ ਚਾਲੂ ਰੱਖਦਾ ਸੀ। ਇਨ੍ਹਾਂ ਲੋਕਾਂ ਲਈ ਵਿਦੇਸ਼ਾਂ ਵਿੱਚ ਬੈਠੇ ਆਪਣੇ ਆਕਾਵਾਂ ਨੂੰ ਕਾਰਵਾਈ ਦਾ ਸਬੂਤ ਦੇਣਾ ਲਾਜ਼ਮੀ ਸੀ। ਵੀਡੀਓ ਭੇਜਣ ਤੋਂ ਬਾਅਦ ਉਹ ਉਸ ਵੀਡੀਓ ਨੂੰ ਵਟਸਐਪ ਤੋਂ ਡਿਲੀਟ ਕਰ ਦਿੰਦੇ ਸਨ।

ਪੰਜਾਬ ਵਿੱਚ ਹੀ ਨਹੀਂ ਸਗੋਂ ਹਰਿਆਣਾ ਵਿੱਚ ਵੀ ਕਰਦੇ ਸਨ ਅਪਰਾਧ

ਐਸਐਸਪੀ ਅਨੁਸਾਰ ਮੁਲਜ਼ਮ ਪੰਜਾਬ ਵਿੱਚ ਹੀ ਨਹੀਂ ਸਗੋਂ ਹਰਿਆਣਾ ਵਿੱਚ ਵੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਫਿਰ ਵਿਦੇਸ਼ ਵਿੱਚ ਬੈਠੇ ਆਪਣੇ ਆਕਾ ਤੋਂ ਮਿਲੇ ਟਾਰਗੇਟ ਤੋਂ ਜਬਰੀ ਪੈਸੇ ਵਸੂਲਣ ਲਈ ਉਸ ਨੂੰ ਗੋਲੀ ਮਾਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਜਦੋਂ ਪੰਜਾਬ ਵਿੱਚ ਪੁਲਿਸ ਨੂੰ ਇਨ੍ਹਾਂ ਦੇ ਖਿਲਾਫ ਅਲਰਟ ਹੋ ਜਾਂਦੀ ਤਾਂ ਉਹ ਸਾਰੇ ਹਰਿਆਣਾ ਵਿੱਚ ਜਾ ਕੇ ਲੁਕ ਜਾਂਦੇ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜੇਲ੍ਹ ਵਿੱਚ ਬੰਦ ਵਿਅਕਤੀ ਉਨ੍ਹਾਂ ਦੇ ਕਿਸੇ ਹੋਰ ਸੂਬੇ ਵਿੱਚ ਰਹਿਣ ਦਾ ਪ੍ਰਬੰਧ ਕਰਦਾ ਸੀ। ਜਿਸ ਕਾਰਨ ਇਹ ਲੋਕ ਵਾਰਦਾਤ ਤੋਂ ਬਾਅਦ ਜਲੰਧਰ ਅਤੇ ਸੰਗਰੂਰ ਆਦਿ ਥਾਵਾਂ ‘ਤੇ ਪਨਾਹ ਲੈਂਦੇ ਸਨ। ਉਨ੍ਹਾਂ ਨੂੰ ਪਨਾਹ ਦੇਣ ਵਾਲਿਆਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ। ਜਲਦ ਹੀ ਕੁਝ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਵਾਰਦਾਤ ਤੋਂ ਬਾਅਦ ਵਿਦੇਸ਼ ਭੱਜਣ ਦੀ ਯੋਜਨਾ ਬਣਾ ਰਿਹਾ ਸੀ ਜੱਸਾ

ਐਸਐਸਪੀ ਨੇ ਦੱਸਿਆ ਕਿ ਜੱਸਾ ਬਹੁਤ ਹੁਸ਼ਿਆਰ ਹੈ ਅਤੇ ਇਹ ਫਿਰੌਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਵਿਦੇਸ਼ ਭੱਜਣ ਦੀ ਯੋਜਨਾ ਬਣਾ ਰਿਹਾ ਸੀ। ਪੁਲਿਸ ਨੇ ਉਸ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਹੈ। ਇਸਨੂੰ ਵਿਦੇਸ਼ ਵਿਚ ਵਸਣ ਦਾ ਵੀ ਲਾਲਚ ਦਿੱਤਾ ਗਿਆ ਸੀ।

70 ਹਜ਼ਾਰ ਦੇ ਕੰਮ ਵਿੱਚੋਂ ਮਿਲੇ ਸਿਰਫ਼ ਸੱਤ ਹਜ਼ਾਰ

ਐਸਐਸਪੀ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਗੋਲੀਬਾਰੀ ਕਰਕੇ ਦਹਿਸ਼ਤ ਫੈਲਾਉਣ ਅਤੇ ਫਿਰ ਪੈਸੇ ਵਸੂਲਣ ਦੇ ਬਦਲੇ ਸਿਰਫ਼ 70 ਹਜ਼ਾਰ ਰੁਪਏ ਦਿੱਤੇ ਗਏ ਸਨ। ਨਿਯਮਾਂ ਮੁਤਾਬਕ ਉਨ੍ਹਾਂ ਨੂੰ ਵੀਡੀਓ ਪਰੂਫ ਦੇਣਾ ਹੁੰਦਾ ਸੀ, ਜਿਸ ਤੋਂ ਬਾਅਦ ਇਹ ਰਕਮ ਆਨਲਾਈਨ ਦਿੱਤੀ ਜਾਂਦੀ ਸੀ। ਹੁਣ ਤੱਕ ਇਨ੍ਹਾਂ ਨੂੰ ਸਿਰਫ਼ ਸੱਤ ਹਜ਼ਾਰ ਰੁਪਏ ਮਿਲੇ ਸਨ। ਬਾਕੀ ਰਕਮ ਕੰਮ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਦੇ ਖਾਤੇ ‘ਚ ਭੇਜੀ ਜਾਣੀ ਸੀ, ਪਰ ਇਸ ਤੋਂ ਪਹਿਲਾਂ ਹੀ ਉਹ ਪੁਲਿਸ ਦੇ ਸ਼ਿਕੰਜੇ ‘ਚ ਫਸ ਗਏ।

Exit mobile version