SBI ਯੂਥ ਫੈਲੋਸ਼ਿਪ ਪ੍ਰੋਗਰਾਮ 2026 ਲਈ ਰਜਿਸਟ੍ਰੇਸ਼ਨ ਪ੍ਰਕ੍ਰਿਰਿਆ ਸ਼ੁਰੂ, ਜਾਣੋ ਕਿੰਨਾ ਮਿਲੇਗਾ ਸਟਾਈਪੈਂਡ ਤੇ ਹੋਰ ਭੱਤੇ

Updated On: 

19 Feb 2026 10:47 AM IST

SBI Youth Fellowship: ਗ੍ਰਾਮੀਣ ਭਾਰਤ ਵਿੱਚ ਵੱਡਾ ਬਦਲਾਅ ਲਿਆਉਣ ਦਾ ਸੁਪਨਾ ਦੇਖਣ ਵਾਲੇ ਨੌਜਵਾਨਾਂ ਲਈ ਇੱਕ ਬਹੁਤ ਹੀ ਮਹੱਤਵਪੂਰਨ ਖ਼ਬਰ ਹੈ। ਐਸ.ਬੀ.ਆਈ. ਫਾਊਂਡੇਸ਼ਨ ਨੇ ਆਪਣੀ ਵੱਕਾਰੀ 'ਯੂਥ ਫਾਰ ਇੰਡੀਆ ਫੈਲੋਸ਼ਿਪ' ਦੇ 14ਵੇਂ ਬੈਚ ਲਈ ਅਧਿਕਾਰਤ ਤੌਰ 'ਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

SBI ਯੂਥ ਫੈਲੋਸ਼ਿਪ ਪ੍ਰੋਗਰਾਮ 2026 ਲਈ ਰਜਿਸਟ੍ਰੇਸ਼ਨ ਪ੍ਰਕ੍ਰਿਰਿਆ ਸ਼ੁਰੂ, ਜਾਣੋ ਕਿੰਨਾ ਮਿਲੇਗਾ ਸਟਾਈਪੈਂਡ ਤੇ ਹੋਰ ਭੱਤੇ

Image Credit source: Freepik

ਗ੍ਰਾਮੀਣ ਭਾਰਤ ਵਿੱਚ ਵੱਡਾ ਬਦਲਾਅ ਲਿਆਉਣ ਦਾ ਸੁਪਨਾ ਦੇਖਣ ਵਾਲੇ ਨੌਜਵਾਨਾਂ ਲਈ ਇੱਕ ਬਹੁਤ ਹੀ ਮਹੱਤਵਪੂਰਨ ਖ਼ਬਰ ਹੈ। ਐਸ.ਬੀ.ਆਈ. ਫਾਊਂਡੇਸ਼ਨ ਨੇ ਆਪਣੀ ਵੱਕਾਰੀ ‘ਯੂਥ ਫਾਰ ਇੰਡੀਆ ਫੈਲੋਸ਼ਿਪ’ ਦੇ 14ਵੇਂ ਬੈਚ ਲਈ ਅਧਿਕਾਰਤ ਤੌਰ ‘ਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਫੈਲੋਸ਼ਿਪ ਦੇਸ਼ ਦੇ ਪੜ੍ਹੇ-ਲਿਖੇ ਅਤੇ ਉਤਸ਼ਾਹੀ ਨੌਜਵਾਨਾਂ ਨੂੰ ਪਿੰਡਾਂ ਵਿੱਚ ਵਿਕਾਸ ਪ੍ਰੋਜੈਕਟਾਂ ‘ਤੇ ਕੰਮ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਦੀ ਹੈ।

ਇਸ ਪ੍ਰੋਗਰਾਮ ਤਹਿਤ ਚੁਣੇ ਗਏ ਉਮੀਦਵਾਰ ਵੱਖ-ਵੱਖ ਰਾਜਾਂ ਵਿੱਚ ਤਜਰਬੇਕਾਰ ਗੈਰ-ਸਰਕਾਰੀ ਸੰਗਠਨਾਂ (NGOs) ਨਾਲ ਮਿਲ ਕੇ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਮਹਿਲਾ ਸਸ਼ਕਤੀਕਰਨ ਵਰਗੇ ਅਹਿਮ ਖੇਤਰਾਂ ਵਿੱਚ ਕੰਮ ਕਰਦੇ ਹਨ। ਇਹ ਪ੍ਰੋਗਰਾਮ ਨਾ ਸਿਰਫ਼ ਸਮਾਜਿਕ ਅਨੁਭਵ ਦਿੰਦਾ ਹੈ, ਸਗੋਂ ਨੌਜਵਾਨਾਂ ਵਿੱਚ ਲੀਡਰਸ਼ਿਪ ਦੀ ਸਮਰੱਥਾ ਅਤੇ ਜ਼ਮੀਨੀ ਪੱਧਰ ਦੀ ਸਮਝ ਨੂੰ ਵੀ ਮਜ਼ਬੂਤ ਬਣਾਉਂਦਾ ਹੈ। ਇੱਛੁਕ ਉਮੀਦਵਾਰ ਨਿਰਧਾਰਤ ਯੋਗਤਾ ਅਨੁਸਾਰ ਆਨਲਾਈਨ ਅਰਜ਼ੀ ਦੇ ਸਕਦੇ ਹਨ।

ਫੈਲੋਸ਼ਿਪ ਦੀ ਮਿਆਦ ਅਤੇ ਮੁੱਖ ਉਦੇਸ਼

ਇਹ ਇੱਕ 13 ਮਹੀਨਿਆਂ ਦਾ ਫੁੱਲ-ਟਾਈਮ ਫੈਲੋਸ਼ਿਪ ਪ੍ਰੋਗਰਾਮ ਹੈ, ਜਿਸ ਵਿੱਚ ਚੁਣੇ ਗਏ ਨੌਜਵਾਨਾਂ ਨੂੰ ਦੇਸ਼ ਦੇ ਦੂਰ-ਦੁਰਾਡੇ ਦੇ ਪੇਂਡੂ ਇਲਾਕਿਆਂ ਵਿੱਚ ਭੇਜਿਆ ਜਾਂਦਾ ਹੈ। ਉੱਥੇ ਉਹ ਤਜਰਬੇਕਾਰ ਐਨ.ਜੀ.ਓਜ਼ ਦੇ ਸਹਿਯੋਗ ਨਾਲ ਵਿਕਾਸ ਕਾਰਜਾਂ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਹਨ। ਇਸ ਫੈਲੋਸ਼ਿਪ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਪੇਂਡੂ ਜੀਵਨ ਦੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਨੂੰ ਸਮਝਣ ਅਤੇ ਉਹਨਾਂ ਦੇ ਸਥਾਈ ਹੱਲ ਲੱਭਣ ਲਈ ਪ੍ਰੇਰਿਤ ਕਰਨਾ ਹੈ।

ਕੌਣ ਕਰ ਸਕਦਾ ਹੈ ਅਪਲਾਈ?

ਇਸ ਫੈਲੋਸ਼ਿਪ ਲਈ ਅਪਲਾਈ ਕਰਨ ਵਾਲਾ ਉਮੀਦਵਾਰ ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਓ.ਸੀ.ਆਈ. (OCI), ਨੇਪਾਲ ਅਤੇ ਭੂਟਾਨ ਦੇ ਨਾਗਰਿਕ ਵੀ ਇਸ ਦੇ ਪਾਤਰ ਹਨ। ਬਿਨੈਕਾਰ ਦੀ ਉਮਰ 21 ਤੋਂ 32 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਡਿਗਰੀ ਹੋਣੀ ਲਾਜ਼ਮੀ ਹੈ ਅਤੇ ਇਹ ਡਿਗਰੀ 1 ਅਕਤੂਬਰ 2026 ਤੱਕ ਪੂਰੀ ਹੋ ਜਾਣੀ ਚਾਹੀਦੀ ਹੈ। ਫੈਲੋਸ਼ਿਪ ਦੌਰਾਨ ਨੌਜਵਾਨਾਂ ਨੂੰ ਸਿੱਖਿਆ, ਸਿਹਤ, ਵਾਤਾਵਰਣ, ਪੇਂਡੂ ਉੱਦਮਤਾ ਅਤੇ ਮਹਿਲਾ ਸਸ਼ਕਤੀਕਰਨ ਸਮੇਤ ਲਗਭਗ 12 ਪ੍ਰਮੁੱਖ ਖੇਤਰਾਂ ਵਿੱਚ ਕੰਮ ਕਰਨ ਦਾ ਵਿਆਪਕ ਮੌਕਾ ਦਿੱਤਾ ਜਾਂਦਾ ਹੈ।

ਆਰਥਿਕ ਸਹਾਇਤਾ ਅਤੇ ਮਿਲਣ ਵਾਲੀਆਂ ਸਹੂਲਤਾਂ

ਫੈਲੋਸ਼ਿਪ ਦੌਰਾਨ ਉਮੀਦਵਾਰਾਂ ਨੂੰ ਵਿੱਤੀ ਤੌਰ ‘ਤੇ ਮਜ਼ਬੂਤ ਰੱਖਣ ਲਈ ਕਈ ਤਰ੍ਹਾਂ ਦੇ ਭੱਤੇ ਦਿੱਤੇ ਜਾਂਦੇ ਹਨ। ਰਹਿਣ ਅਤੇ ਰੋਜ਼ਾਨਾ ਖਰਚਿਆਂ ਲਈ ਹਰ ਮਹੀਨੇ 16,000 ਰੁਪਏ ਦਾ ਭੱਤਾ ਦਿੱਤਾ ਜਾਵੇਗਾ। ਯਾਤਰਾ ਅਤੇ ਸਥਾਨਕ ਆਵਾਜਾਈ ਲਈ 2,000 ਰੁਪਏ ਪ੍ਰਤੀ ਮਹੀਨਾ ਵੱਖਰੇ ਮਿਲਣਗੇ। ਇਸ ਤੋਂ ਇਲਾਵਾ, ਪ੍ਰੋਜੈਕਟ ਨਾਲ ਸਬੰਧਤ ਕੰਮਾਂ ਲਈ 2,000 ਰੁਪਏ ਅਤੇ ਪ੍ਰੋਫੈਸ਼ਨਲ ਟ੍ਰੇਨਿੰਗ ਲਈ 1,000 ਰੁਪਏ ਦੀ ਮਾਸਿਕ ਸਹਾਇਤਾ ਦਿੱਤੀ ਜਾਵੇਗੀ। ਫੀਲਡ ਵਿੱਚ ਕੰਮ ਦੌਰਾਨ ਭਾਸ਼ਾ ਸਬੰਧੀ ਸਹਾਇਤਾ ਦੀ ਵਿਸ਼ੇਸ਼ ਸਹੂਲਤ ਵੀ ਉਪਲਬਧ ਹੋਵੇਗੀ। ਫੈਲੋਸ਼ਿਪ ਦੇ ਸਫਲਤਾਪੂਰਵਕ ਮੁਕੰਮਲ ਹੋਣ ‘ਤੇ ਉਮੀਦਵਾਰ ਨੂੰ 1,10,000 ਰੁਪਏ ਦਾ ਇੱਕਮੁਸ਼ਤ ਸਮਾਪਤੀ ਭੱਤਾ ਪ੍ਰਦਾਨ ਕੀਤਾ ਜਾਵੇਗਾ।

ਚੋਣ ਪ੍ਰਕਿਰਿਆ ਦੇ ਤਿੰਨ ਪੜਾਅ

ਉਮੀਦਵਾਰਾਂ ਦੀ ਚੋਣ ਤਿੰਨ ਪੜਾਵਾਂ ਦੀ ਪ੍ਰਕਿਰਿਆ ਰਾਹੀਂ ਹੋਵੇਗੀ: ਪਹਿਲੇ ਪੜਾਅ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਅਤੇ ਮੁਢਲਾ ਮੁਲਾਂਕਣ (Assessment) ਹੋਵੇਗਾ। ਦੂਜੇ ਪੜਾਅ ਵਿੱਚ ਸ਼ਾਰਟਲਿਸਟ ਕੀਤੇ ਗਏ ਉਮੀਦਵਾਰਾਂ ਦਾ ਇੰਟਰਵਿਊ ਲਿਆ ਜਾਵੇਗਾ ਅਤੇ ਅੰਤ ਵਿੱਚ ਫਾਈਨਲ ਸਿਲੈਕਸ਼ਨ ਲਿਸਟ ਜਾਰੀ ਕੀਤੀ ਜਾਵੇਗੀ। ਇਹ ਫੈਲੋਸ਼ਿਪ ਮਹਿਜ਼ ਇੱਕ ਨੌਕਰੀ ਨਹੀਂ, ਸਗੋਂ ਦੇਸ਼ ਦੇ ਵਿਕਾਸ ਵਿੱਚ ਸਿੱਧਾ ਯੋਗਦਾਨ ਪਾਉਣ ਦਾ ਇੱਕ ਵੱਡਾ ਸਮਾਜਿਕ ਅਨੁਭਵ ਹੈ।

Follow Us