ਅਮਰੀਕੀ ਟੈਰਿਫ ‘ਚ ਮਾਰਕੀਟ ਹੋਇਆ ਲਾਲ, FPI ਕੱਢ ਲਏ ਇੰਨੇ ਕਰੋੜ
ਅਮਰੀਕਾ ਵੱਲੋਂ ਭਾਰਤ 'ਤੇ ਲਗਾਏ ਗਏ ਰੈਸੀਪਰੋਕਲ ਟੈਰਿਫ ਦਾ ਦਬਾਅ ਘਰੇਲੂ ਸ਼ੇਅਰ ਬਾਜ਼ਾਰ 'ਤੇ ਦੇਖਿਆ ਜਾ ਰਿਹਾ ਹੈ। ਆਖਰੀ ਕਾਰੋਬਾਰੀ ਦਿਨ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ। FPIs ਨੇ ਪਿਛਲੇ 4 ਕਾਰੋਬਾਰੀ ਦਿਨਾਂ ਵਿੱਚ ਭਾਰੀ ਵਿਕਰੀ ਕੀਤੀ ਹੈ।
ਸ਼ੇਅਰ ਬਜਾਰ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2 ਅਪ੍ਰੈਲ ਨੂੰ ਦੁਨੀਆ ਦੇ ਕਈ ਦੇਸ਼ਾਂ ‘ਤੇ ਜਵਾਬੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਵਿਸ਼ਵ ਪੱਧਰ ‘ਤੇ ਤਣਾਅ ਦਾ ਮਾਹੌਲ ਹੈ। ਟਰੰਪ ਦੇ ਟੈਰਿਫ ਦਾ ਅਸਰ ਭਾਰਤੀ ਬਾਜ਼ਾਰ ‘ਤੇ ਦਿਖਾਈ ਦੇ ਰਿਹਾ ਹੈ। FPIs ਨੇ ਪਿਛਲੇ ਚਾਰ ਵਪਾਰਕ ਸੈਸ਼ਨਾਂ ਵਿੱਚ ਭਾਰਤੀ ਸ਼ੇਅਰ ਬਾਜ਼ਾਰ ਤੋਂ 10,355 ਕਰੋੜ ਰੁਪਏ ਕਢਵਾ ਲਏ ਹਨ।
ਡਿਪਾਜ਼ਟਰੀ ਦੇ ਅੰਕੜਿਆਂ ਦੇ ਅਨੁਸਾਰ, FPIs ਨੇ 21 ਮਾਰਚ ਤੋਂ 28 ਮਾਰਚ ਤੱਕ ਛੇ ਵਪਾਰਕ ਸੈਸ਼ਨਾਂ ਵਿੱਚ ਭਾਰਤੀ ਬਾਜ਼ਾਰ ਵਿੱਚ 30,927 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਇਸ ਪ੍ਰਵਾਹ ਦੇ ਕਾਰਨ, ਮਾਰਚ ਮਹੀਨੇ ਵਿੱਚ ਉਨ੍ਹਾਂ ਦੀ ਕੁੱਲ ਨਿਕਾਸੀ ਘਟ ਕੇ 3,973 ਕਰੋੜ ਰੁਪਏ ਰਹਿ ਗਈ ਹੈ। ਇਸ ਤੋਂ ਪਹਿਲਾਂ ਫਰਵਰੀ ‘ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਭਾਰਤੀ ਸ਼ੇਅਰਾਂ ‘ਚੋਂ 34,574 ਕਰੋੜ ਰੁਪਏ ਕੱਢ ਲਏ ਸਨ, ਜਦਕਿ ਜਨਵਰੀ ‘ਚ ਉਨ੍ਹਾਂ ਦੀ ਨਿਕਾਸੀ 78,027 ਕਰੋੜ ਰੁਪਏ ਸੀ।
ਬੀਡੀਓ ਇੰਡੀਆ ਦੇ ਪਾਰਟਨਰ ਤੇ ਲੀਡਰ ਮਨੋਜ ਪੁਰੋਹਿਤ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ, ਬਾਜ਼ਾਰ ਭਾਗੀਦਾਰ ਇਸ ਹਫਤੇ ਹੋਣ ਵਾਲੀ ਅਮਰੀਕੀ ਟੈਰਿਫ ਤੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਮੁਦਰਾ ਸਮੀਖਿਆ ਮੀਟਿੰਗ ਦੇ ਲੰਬੇ ਸਮੇਂ ਦੇ ਪ੍ਰਭਾਵ ‘ਤੇ ਨਜ਼ਰ ਰੱਖਣਗੇ। ਬਾਜ਼ਾਰ ਨੂੰ ਉਮੀਦ ਹੈ ਕਿ ਕੇਂਦਰੀ ਬੈਂਕ ਰੈਪੋ ਰੇਟ ‘ਚ ਕਟੌਤੀ ਕਰੇਗਾ। ਇਹ ਵਿਕਾਸ ਆਉਣ ਵਾਲੇ ਦਿਨਾਂ ਵਿੱਚ ਨਿਵੇਸ਼ ਰਣਨੀਤੀਆਂ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
FPI ਵੇਚਿਆ ਗਿਆ
ਅੰਕੜਿਆਂ ਦੇ ਅਨੁਸਾਰ, FPIs ਨੇ ਪਿਛਲੇ ਚਾਰ ਵਪਾਰਕ ਸੈਸ਼ਨਾਂ (1 ਅਪ੍ਰੈਲ ਤੋਂ 4 ਅਪ੍ਰੈਲ ਤੱਕ) ਵਿੱਚ ਭਾਰਤੀ ਸ਼ੇਅਰਾਂ ਤੋਂ ਸ਼ੁੱਧ 10,355 ਕਰੋੜ ਰੁਪਏ ਕਢਵਾ ਲਏ ਹਨ। ਇਸ ਨਾਲ 2025 ਵਿੱਚ ਹੁਣ ਤੱਕ ਐਫਪੀਆਈ ਦੀ ਕੁੱਲ ਨਿਕਾਸੀ 1.27 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਜੀਓਜੀਤ ਇਨਵੈਸਟਮੈਂਟਸ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀਕੇ ਵਿਜੇਕੁਮਾਰ ਨੇ ਕਿਹਾ ਕਿ ਯੂਐਸ ਟੈਰਿਫ ਉਮੀਦ ਤੋਂ ਵੱਧ ਹਨ, ਜਿਸ ਨਾਲ ਉਸ ਦੇ ਕਾਰੋਬਾਰ ‘ਤੇ ਅਸਰ ਪਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤ ਤੇ ਹੋਰ ਦੇਸ਼ਾਂ ‘ਤੇ ਜਵਾਬੀ ਡਿਊਟੀ ਲਗਾਉਣ ਨਾਲ ਅਮਰੀਕਾ ‘ਚ ਮਹਿੰਗਾਈ ਵਧੇਗੀ।
ਅਮਰੀਕਾ ਨੂੰ ਵੀ ਹੋਇਆ ਨੁਕਸਾਨ
ਭਾਰਤੀ ਸ਼ੇਅਰ ਬਾਜ਼ਾਰ ‘ਤੇ ਅਮਰੀਕੀ ਟੈਰਿਫ ਦਾ ਦਬਾਅ ਦੇਖਿਆ ਜਾ ਰਿਹਾ ਹੈ। ਦੂਜੇ ਪਾਸੇ ਅਮਰੀਕੀ ਬਾਜ਼ਾਰਾਂ ‘ਚ ਵੀ ਬਿਕਵਾਲੀ ਦੇਖਣ ਨੂੰ ਮਿਲੀ ਹੈ। ਸਿਰਫ਼ ਦੋ ਵਪਾਰਕ ਸੈਸ਼ਨਾਂ ਵਿੱਚ, S&P 500 ਅਤੇ Nasdaq ਵਿੱਚ 10 ਫੀਸਦ ਤੋਂ ਵੱਧ ਦੀ ਗਿਰਾਵਟ ਆਈ ਹੈ। ਵਿਜੇਕੁਮਾਰ ਨੇ ਕਿਹਾ ਕਿ ਟੈਰਿਫ ਯੁੱਧ ਦਾ ਅਸਰ ਦੁਨੀਆ ਭਰ ਦੇ ਬਾਜ਼ਾਰਾਂ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ, ਇਸ ਦੌਰਾਨ, ਜਦੋਂ ਡਾਲਰ ਸੂਚਕਾਂਕ 102 ‘ਤੇ ਆ ਗਿਆ ਹੈ, ਤਾਂ ਭਾਰਤ ਵਰਗੀ ਉਭਰਦੀ ਅਰਥਵਿਵਸਥਾ ਲਈ ਸਕਾਰਾਤਮਕ ਸੰਕੇਤ ਹਨ।