ਪੰਜਾਬ ‘ਚ ਵਾਹਨ ਖ਼ਰੀਦਣਾ ਹੋਵੇਗਾ ਮਹਿੰਗਾ, ਸਰਕਾਰ ਨੇ ਗ੍ਰੀਨ ਟੈਕਸ ਕੀਤਾ ਲਾਗੂ
Punjab Government Green Tax: ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਪੈਟਰੋਲ 'ਤੇ ਚੱਲਣ ਵਾਲੇ ਗੈਰ-ਵਪਾਰਕ ਦੋਪਹੀਆ ਵਾਹਨਾਂ 'ਤੇ 500 ਰੁਪਏ ਅਤੇ ਡੀਜ਼ਲ 'ਤੇ ਚੱਲਣ ਵਾਲੇ ਦੋਪਹੀਆ ਵਾਹਨਾਂ 'ਤੇ 1000 ਰੁਪਏ ਸਾਲਾਨਾ ਗ੍ਰੀਨ ਟੈਕਸ ਲਗਾਇਆ ਜਾਵੇਗਾ।
Punjab Government Green Tax: ਪੰਜਾਬ ਸਰਕਾਰ ਨੇ ਸੂਬੇ ‘ਚ ਪੈਟਰੋਲ ਅਤੇ ਡੀਜ਼ਲ ‘ਤੇ ਚੱਲਣ ਵਾਲੇ ਵਾਹਨਾਂ ‘ਤੇ ਗ੍ਰੀਨ ਟੈਕਸ ਲਾਗੂ ਕਰ ਦਿੱਤਾ ਹੈ। ਪੰਜਾਬ ਸਰਕਾਰ ਦੇ ਇੱਕ ਹੁਕਮ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਮੋਟਰ ਵਹੀਕਲ ਟੈਕਸੇਸ਼ਨ ਐਕਟ ਦੀ ਧਾਰਾ 3 ਦੁਆਰਾ ਪ੍ਰਾਪਤ ਸ਼ਕਤੀਆਂ ਨਾਲ ਰਾਜ ਵਿੱਚ ਪੈਟਰੋਲ ਅਤੇ ਡੀਜ਼ਲ ਵਾਹਨਾਂ ‘ਤੇ ਗ੍ਰੀਨ ਟੈਕਸ ਲਗਾਇਆ ਗਿਆ ਹੈ, ਜਿਸ ਨੂੰ ਪੰਜਾਬ ਦੇ ਰਾਜਪਾਲ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ। ਸਰਕਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਜੇਕਰ ਵਾਹਨ ਐੱਲ.ਪੀ.ਜੀ., ਸੀ.ਐੱਨ.ਜੀ., ਬੈਟਰੀ ਜਾਂ ਸੂਰਜੀ ਊਰਜਾ ਨਾਲ ਚੱਲਣ ਵਾਲੇ ਹਨ ਤਾਂ ਉਨ੍ਹਾਂ ‘ਤੇ ਗ੍ਰੀਨ ਟੈਕਸ ਨਹੀਂ ਲਗਾਇਆ ਜਾਵੇਗਾ। ਪੰਜਾਬ ‘ਚ ਵਾਹਨਾਂ ‘ਤੇ 1 ਸਤੰਬਰ ਤੋਂ ਗ੍ਰੀਨ ਟੈਕਸ ਲਾਗੂ ਹੋਵੇਗਾ।
ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਪੈਟਰੋਲ ‘ਤੇ ਚੱਲਣ ਵਾਲੇ ਗੈਰ-ਵਪਾਰਕ ਦੋਪਹੀਆ ਵਾਹਨਾਂ ‘ਤੇ 500 ਰੁਪਏ ਅਤੇ ਡੀਜ਼ਲ ‘ਤੇ ਚੱਲਣ ਵਾਲੇ ਦੋਪਹੀਆ ਵਾਹਨਾਂ ‘ਤੇ 1000 ਰੁਪਏ ਸਾਲਾਨਾ ਗ੍ਰੀਨ ਟੈਕਸ ਲਗਾਇਆ ਜਾਵੇਗਾ। ਇਸ ਦੇ ਨਾਲ ਹੀ 1500 ਸੀਸੀ ਇੰਜਣ ਵਾਲੇ ਚਾਰ ਪਹੀਆ ਗੈਰ-ਵਪਾਰਕ ਪੈਟਰੋਲ ਵਾਹਨਾਂ ‘ਤੇ 3000 ਰੁਪਏ ਅਤੇ ਡੀਜ਼ਲ ਵਾਹਨਾਂ ‘ਤੇ 4000 ਰੁਪਏ ਦਾ ਸਾਲਾਨਾ ਗ੍ਰੀਨ ਟੈਕਸ ਲਗਾਇਆ ਗਿਆ ਹੈ। 1500 ਸੀਸੀ ਤੋਂ ਵੱਧ ਪਾਵਰ ਵਾਲੇ ਪੈਟਰੋਲ ਵਾਹਨਾਂ ‘ਤੇ 4000 ਰੁਪਏ ਸਾਲਾਨਾ ਅਤੇ ਡੀਜ਼ਲ ਵਾਹਨਾਂ ‘ਤੇ 6000 ਰੁਪਏ ਸਾਲਾਨਾ ਦਾ ਗ੍ਰੀਨ ਟੈਕਸ ਲਗਾਇਆ ਗਿਆ ਹੈ।
ਹਾਲਾਂਕਿ ਪੰਜਾਬ ਸਰਕਾਰ ਨੇ ਕਮਰਸ਼ੀਅਲ ਵਾਹਨਾਂ ‘ਤੇ ਗ੍ਰੀਨ ਟੈਕਸ ਲਗਾਉਣ ‘ਚ ਕੁਝ ਰਿਆਇਤਾਂ ਦਿੱਤੀਆਂ ਹਨ। ਟਰਾਂਸਪੋਰਟ ਵਾਹਨਾਂ ‘ਤੇ 8 ਸਾਲ ਬਾਅਦ ਦੋਪਹੀਆ ਵਾਹਨਾਂ ‘ਤੇ 250 ਰੁਪਏ ਪ੍ਰਤੀ ਸਾਲ, ਤਿੰਨ ਪਹੀਆ ਵਾਹਨਾਂ ‘ਤੇ 300 ਰੁਪਏ ਪ੍ਰਤੀ ਸਾਲ ਅਤੇ ਮੋਟਰ ਕੈਬ ‘ਤੇ 500 ਰੁਪਏ ਪ੍ਰਤੀ ਸਾਲ ਗ੍ਰੀਨ ਟੈਕਸ ਵਸੂਲਿਆ ਜਾਵੇਗਾ। ਹਲਕੀ ਮਾਲ ਗੱਡੀਆਂ ਅਤੇ ਯਾਤਰੀ ਵਾਹਨਾਂ ‘ਤੇ 1500 ਰੁਪਏ ਸਾਲਾਨਾ, ਮੱਧਮ ਮਾਲ ਅਤੇ ਯਾਤਰੀ ਵਾਹਨਾਂ ‘ਤੇ 2000 ਰੁਪਏ ਅਤੇ ਭਾਰੀ ਮਾਲ ਗੱਡੀਆਂ ਅਤੇ ਯਾਤਰੀ ਵਾਹਨਾਂ ‘ਤੇ 2500 ਰੁਪਏ ਸਾਲਾਨਾ ਗ੍ਰੀਨ ਟੈਕਸ ਵਸੂਲਿਆ ਜਾਵੇਗਾ।