Sikh in America: ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ‘ਚ ਸਰਦਾਰ ਹੈ ਕਿੰਨਾ ਅਸਰਦਾਰ ?
America Election: ਅਮਰੀਕਾ ਦੀਆਂ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਡੋਨਾਲਡ ਟਰੰਪ ਨੂੰ ਸਿੱਖਾਂ ਵੱਲੋਂ ਕਾਫੀ ਸਮਰਥਨ ਮਿਲ ਰਿਹਾ ਹੈ। ਪਿਛਲੀ ਵਾਰ ਵੀ ਸਿੱਖ ਜਥੇਬੰਦੀਆਂ ਨੇ ਖੁੱਲ੍ਹ ਕੇ ਟਰੰਪ ਦਾ ਸਮਰਥਨ ਕੀਤਾ ਸੀ। ਇਸ ਵਾਰ ਦੇਖਣਾ ਹੋਵੇਗਾ ਕਿ ਸਿੱਖ ਭਾਈਚਾਰੇ ਦਾ ਸਮਰਥਨ ਟਰੰਪ ਨੂੰ ਦੂਜੀ ਵਾਰ ਦੇਸ਼ ਦਾ ਰਾਸ਼ਟਰਪਤੀ ਬਣਨ 'ਚ ਮਦਦ ਕਰੇਗਾ ਜਾਂ ਨਹੀਂ।
ਅਮਰੀਕਾ ‘ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਦੇਸ਼ ‘ਚ ਚੋਣ ਪਾਰਾ ਚੜ੍ਹਿਆ ਹੋਇਆ ਹੈ, ਮੌਜੂਦਾ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਰਾਸ਼ਟਰਪਤੀ ਅਹੁਦੇ ਲਈ ਸਖਤ ਮੁਕਾਬਲਾ ਹੈ।
ਡੈਮੋਕ੍ਰੇਟਿਕ ਪਾਰਟੀ ਅਤੇ ਰਿਪਬਲਿਕਨ ਪਾਰਟੀ ਦੋਵਾਂ ਦੇ ਉਮੀਦਵਾਰ ਦੇਸ਼ ਦੇ ਹਰ ਛੋਟੇ-ਵੱਡੇ ਭਾਈਚਾਰੇ ਨੂੰ ਆਪਣੇ ਪਾਲੇ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਮਰੀਕਾ ਵਿਚ ਭਾਰਤੀ ਮੂਲ ਦੇ ਲੋਕ ਵੀ ਵੱਡੀ ਗਿਣਤੀ ਵਿਚ ਰਹਿੰਦੇ ਹਨ। ਹਾਲ ਹੀ ਵਿੱਚ ਸਿੱਖ ਅਮਰੀਕਨ ਫਾਰ ਟਰੰਪ ਦੇ ਮੁਖੀ ਨੇ ਟਰੰਪ ਦੀ ਜਿੱਤ ਦਾ ਦਾਅਵਾ ਕੀਤਾ ਹੈ।
ਅਮਰੀਕਾ ਵਿਚ ਸਿੱਖਾਂ ਦੀ ਆਬਾਦੀ 3 ਤੋਂ 5 ਲੱਖ ਦੇ ਕਰੀਬ ਹੈ ਪਰ ਦੇਸ਼ ਦੇ ਤਿੰਨ ਵੱਡੇ ਸ਼ਹਿਰਾਂ ਕੈਲੀਫੋਰਨੀਆ, ਨਿਊਯਾਰਕ ਅਤੇ ਵਾਸ਼ਿੰਗਟਨ ਵਿਚ ਉਨ੍ਹਾਂ ਦਾ ਕਾਫੀ ਪ੍ਰਭਾਵ ਹੈ।
ਮੈਰੀਲੈਂਡ ਵਿੱਚ ਅਗਲੇ ਹਫ਼ਤੇ ਹੋਣ ਜਾ ਰਹੇ ਮਿਲਵਾਕੀ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ (ਆਰਐਨਸੀ) ਦੇ ਮੱਦੇਨਜ਼ਰ ਸਿੱਖ ਭਾਈਚਾਰੇ ਦੇ ਆਗੂ ਜੱਸੀ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਸਾਡਾ ਭਾਈਚਾਰਾ ਟਰੰਪ ਦਾ ਸਮਰਥਨ ਕਰੇਗਾ। ਜਸਦੀਪ ਸਿੰਘ ਜੱਸੀ ਨੇ ਅੱਗੇ ਕਿਹਾ ਕਿ ਸਾਰੇ ਰਾਸ਼ਟਰਪਤੀ ਬਾਈਡੇਨ ਦੀਆਂ ਸਿਹਤ ਸਮੱਸਿਆਵਾਂ ਬਾਰੇ ਜਾਣੂ ਹਨ, ਉਹ ਮਾਨਸਿਕ ਅਤੇ ਸਰੀਰਕ ਤੌਰ ‘ਤੇ ਕਮਜ਼ੋਰ ਹੋ ਗਏ ਹਨ।
ਇਹ ਵੀ ਪੜ੍ਹੋ
ਉੱਧਰ ਟਰੰਪ ਦੇ ਮੰਚ ਤੋਂ ਵੀ ਸਿੱਖਾਂ ਨੂੰ ਲੁਭਾਉਣ ਦੀਆਂ ਕੋਸ਼ਿਸ਼ਾਂ ਵੀ ਸ਼ੁਰੂ ਹੋ ਗਈਆਂ ਹਨ। ਭਾਰਤੀ-ਅਮਰੀਕੀ ਸਿੱਖ ਰਿਪਬਲਿਕਨ ਪਾਰਟੀ ਦੀ ਆਗੂ ਹਰਮੀਤ ਕੌਰ ਢਿੱਲੋਂ ਨੇ ਸੋਮਵਾਰ ਨੂੰ ਮਿਲਵਾਕੀ ਵਿੱਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੌਰਾਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਦੀ ਮੌਜੂਦਗੀ ਵਿੱਚ ਅਰਦਾਸ ਪੜ੍ਹੀ, ਜਿਸਨੂੰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਕੀਤਾ ਜਾ ਰਿਹਾ ਹੈ।
ਟਰੰਪ ਨੂੰ ਮਿਲੇਗਾ ਸਿੱਖ ਸਮਰਥਨ ਦਾ ਫਾਇਦਾ?
2020 ਵਿੱਚ ਹੋਈਆਂ ਚੋਣਾਂ ਵਿੱਚ ਭਾਰਤੀ ਭਾਈਚਾਰੇ ਨੇ ਟਰੰਪ ਨੂੰ ਨਕਾਰ ਦਿੱਤਾ ਸੀ ਪਰ ਉਸ ਸਮੇਂ ਵੀ ਕਈ ਸਿੱਖ ਜਥੇਬੰਦੀਆਂ ਟਰੰਪ ਦੇ ਨਾਲ ਆਈਆਂ ਸਨ। ਅਮਰੀਕੀ ਸਿੱਖਾਂ ਨੇ 2020 ਵਿੱਚ ਬਾਈਡੇਨ ਦੀ ਚੋਣ ਮੁਹਿੰਮ ਨੂੰ ਉਨ੍ਹਾਂ ਦੀਆਂ ਭਾਵਨਾਵਾਂ ਦੇ ਖ਼ਿਲਾਫ਼ ਦੱਸਿਆ ਸੀ। ਉਸ ਸਮੇਂ ਸਿੱਖ-ਅਮਰੀਕੀ ਵਕੀਲ ਅਤੇ ਲਾਇਰਜ਼ ਫਾਰ ਟਰੰਪ ਦੇ ਕੋ-ਚੇਅਰਮੈਨ ਹਰਮੀਤ ਢਿੱਲੋਂ ਨੇ ਕਿਹਾ ਸੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧਾਰਮਿਕ ਆਜ਼ਾਦੀ ਅਤੇ ਆਜ਼ਾਦੀ ਨੂੰ ਯਕੀਨੀ ਬਣਾਉਣ ਦੀ ਪਹਿਲਕਦਮੀ ਕਾਰਨ ਹੀ ਅੱਜ ਬਹੁਤ ਸਾਰੇ ਸਿੱਖ ਨੌਜਵਾਨ ਅਮਰੀਕੀ ਫੌਜ ਚ ਆਪਣੀ ਦਸਤਾਰ ਅਤੇ ਦਾੜ੍ਹੀ ਨਾਲ ਸੇਵਾ ਕਰ ਰਹੇ ਹਨ।
ਅਮਰੀਕਾ ਦਾ ਸਿੱਖ ਭਾਈਚਾਰਾ ਟਰੰਪ ਦੇ ਕਾਰਜਕਾਲ ਦੌਰਾਨ ਆਈਆਂ ਨੀਤੀਆਂ ਤੋਂ ਖੁਸ਼ ਹੈ ਅਤੇ 2024 ਦੀਆਂ ਚੋਣਾਂ ਵਿੱਚ ਟਰੰਪ ਨੂੰ ਮੁੜ ਅਮਰੀਕਾ ਦੀ ਅਗਵਾਈ ਕਰਦੇ ਦੇਖਣਾ ਚਾਹੁੰਦਾ ਹੈ।
ਸਿੱਖਾਂ ਦਾ ਅਮਰੀਕਾ ਵਿੱਚ ਕਿੰਨਾ ਪ੍ਰਭਾਵ?
ਸਿੱਖਾਂ ਵੱਲੋਂ ਡੋਨਾਲਡ ਟਰੰਪ ਦਾ ਸਮਰਥਨ ਕਰਨ ਦਾ ਕਾਰਨ ਉਨ੍ਹਾਂ ਦੀਆਂ ਨੀਤੀਆਂ ਵੀ ਹਨ ਜਿਨ੍ਹਾਂ ਨੇ ਛੋਟੇ ਕਾਰੋਬਾਰੀਆਂ ਨੂੰ ਉਤਸ਼ਾਹਿਤ ਕੀਤਾ। ਇੱਥੋਂ ਦਾ ਸਿੱਖ ਭਾਈਚਾਰਾ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਅਮਰੀਕਾ ਵਿੱਚ ਸਿੱਖ ਆਪਣੇ ਧਾਰਮਿਕ, ਸੱਭਿਆਚਾਰਕ ਅਤੇ ਸਮਾਜਿਕ ਯੋਗਦਾਨ ਲਈ ਜਾਣੇ ਜਾਂਦੇ ਹਨ।
ਇਸ ਤੋਂ ਇਲਾਵਾ ਅਮਰੀਕੀ ਸਕੂਲਾਂ ਵਿੱਚ ਸਿੱਖ ਸੱਭਿਆਚਾਰ ਨੂੰ ਪੜ੍ਹਾਉਣ ਦੀ ਇਜਾਜ਼ਤ ਦੇਣਾ ਵੀ ਉਨ੍ਹਾਂ ਵਿੱਚੋਂ ਇੱਕ ਸੀ। ਸਿੱਖ 19ਵੀਂ ਸਦੀ ਦੇ ਅਖੀਰ ਅਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਅਮਰੀਕਾ ਪਹੁੰਚੇ ਸਨ। ਬਹੁਤੇ ਸਿੱਖ ਪੰਜਾਬ ਤੋਂ ਇੱਥੇ ਆ ਕੇ ਖੇਤੀ, ਰੇਲਵੇ ਅਤੇ ਮਿੱਲਾਂ ਵਿੱਚ ਕੰਮ ਕਰਨ ਲੱਗੇ।
ਜੇਕਰ ਰਾਜਨੀਤੀ ਦੀ ਗੱਲ ਕਰੀਏ ਤਾਂ ਇਸ ਸਮੇਂ ਅਮਰੀਕੀ ਕਾਂਗਰਸ ਵਿੱਚ ਇੱਕ ਵੀ ਸਿੱਖ ਸੰਸਦ ਮੈਂਬਰ ਨਹੀਂ ਹੈ। ਪਰ ਅਮਰੀਕੀ ਕਾਂਗਰਸ ਵਿੱਚ ਅਮਰੀਕੀ ਸਿੱਖ ਭਾਈਚਾਰੇ ਨੂੰ ਨੁਮਾਇੰਦਗੀ ਦੇਣ ਲਈ ਇੱਕ ਵਿਸ਼ੇਸ਼ ਗਰੁੱਪ ਅਮਰੀਕਨ ਸਿੱਖ ਕਾਂਗਰੇਸ਼ਨਲ ਕਾਕਸ (American Sikh Congressional Caucus) ਦਾ ਗਠਨ ਕੀਤਾ ਗਿਆ ਹੈ।
ਇਹ ਗਰੁੱਪ ਸਿੱਖ ਕੌਮ ਦੇ ਮੁੱਦਿਆਂ ‘ਤੇ ਜਾਗਰੂਕਤਾ ਫੈਲਾਉਣ, ਉਨ੍ਹਾਂ ਦੀ ਆਵਾਜ਼ ਬੁਲੰਦ ਕਰਨ ਅਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਕੰਮ ਕਰਦਾ ਹੈ। ਇਸ ਕਾਕਸ ਦੀ ਨੀਂਹ 2013 ਵਿੱਚ ਰੱਖੀ ਗਈ ਸੀ। ਇਸ ਦਾ ਉਦੇਸ਼ ਸਿੱਖ ਭਾਈਚਾਰੇ ਦੇ ਮੁੱਦਿਆਂ ਜਿਵੇਂ ਕਿ ਵਿਤਕਰੇ, ਹਿੰਸਾ ਅਤੇ ਧੱਕੇਸ਼ਾਹੀ ਨਾਲ ਨਜਿੱਠਣਾ ਹੈ।