Ravindra Jadeja 300 Wicket: ਰਵਿੰਦਰ ਜਡੇਜਾ ਨੇ ਟੈਸਟ ਕ੍ਰਿਕਟ ‘ਚ ਪੂਰੀਆਂ ਕੀਤੀਆਂ 300 ਵਿਕਟਾਂ, ਬਣਾਇਆ ਇਹ ਵੱਡਾ ਰਿਕਾਰਡ
IND VS BAN: ਬੰਗਲਾਦੇਸ਼ ਦੀ ਟੀਮ ਕਾਨਪੁਰ ਟੈਸਟ ਦੀ ਪਹਿਲੀ ਪਾਰੀ 'ਚ 233 ਦੌੜਾਂ 'ਤੇ ਸਿਮਟ ਗਈ। ਇਸ ਪਾਰੀ ਦੌਰਾਨ ਆਲਰਾਊਂਡਰ ਰਵਿੰਦਰ ਜਡੇਜਾ ਨੇ ਟੈਸਟ ਕ੍ਰਿਕਟ 'ਚ 300 ਵਿਕਟਾਂ ਪੂਰੀਆਂ ਕੀਤੀਆਂ। ਜਡੇਜਾ ਨੇ ਇਸ ਨਾਲ ਖਾਸ ਮੁਕਾਮ ਹਾਸਲ ਕਰ ਲਿਆ ਹੈ।
ਰਵਿੰਦਰ ਜਡੇਜਾ ਨੇ ਬੰਗਲਾਦੇਸ਼ ਦੇ ਖਿਲਾਫ ਕਾਨਪੁਰ ਟੈਸਟ ਦੀ ਪਹਿਲੀ ਪਾਰੀ ‘ਚ ਇਕ ਵਿਕਟ ਲਈ ਸੀ ਪਰ ਇਹ ਵਿਕਟ ਬਹੁਤ ਖਾਸ ਸੀ ਕਿਉਂਕਿ ਇਸ ਨਾਲ ਉਨ੍ਹਾਂ ਨੇ ਟੈਸਟ ਕ੍ਰਿਕਟ ‘ਚ 300 ਵਿਕਟਾਂ ਪੂਰੀਆਂ ਕਰ ਲਈਆਂ। ਰਵਿੰਦਰ ਜਡੇਜਾ ਨੇ ਆਪਣੀ ਹੀ ਗੇਂਦ ‘ਤੇ ਖਾਲਿਦ ਅਹਿਮਦ ਦਾ ਕੈਚ ਫੜਿਆ ਅਤੇ ਇਸ ਨਾਲ ਉਨ੍ਹਾਂ ਨੇ ਅਜਿਹਾ ਕਾਰਨਾਮਾ ਕੀਤਾ ਜੋ ਭਾਰਤੀ ਕ੍ਰਿਕਟ ਦੇ ਇਤਿਹਾਸ ‘ਚ ਪਹਿਲੀ ਵਾਰ ਹੋਇਆ ਹੈ। ਰਵਿੰਦਰ ਜਡੇਜਾ ਟੈਸਟ ਕ੍ਰਿਕਟ ਵਿੱਚ 300 ਵਿਕਟਾਂ ਲੈਣ ਵਾਲੇ ਭਾਰਤ ਦੇ ਪਹਿਲੇ ਖੱਬੇ ਹੱਥ ਦੇ ਸਪਿਨਰ ਹਨ।
ਜਡੇਜਾ ਦਾ ਕਮਾਲ
ਰਵਿੰਦਰ ਜਡੇਜਾ ਤੋਂ ਪਹਿਲਾਂ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ 266 ਵਿਕਟਾਂ ਲੈਣ ਵਾਲੇ ਖੱਬੇ ਹੱਥ ਦੇ ਸਪਿਨਰ ਬਿਸ਼ਨ ਸਿੰਘ ਬੇਦੀ ਸਨ। ਪਰ ਹੁਣ ਜਡੇਜਾ ਨੇ 300 ਵਿਕਟਾਂ ਦੇ ਅੰਕੜੇ ਨੂੰ ਛੂਹ ਲਿਆ ਹੈ। ਜਡੇਜਾ ਦੁਨੀਆ ਦੇ ਤੀਜੇ ਖੱਬੇ ਹੱਥ ਦੇ ਸਪਿਨਰ ਵੀ ਹਨ ਜਿਨ੍ਹਾਂ ਦੇ ਨਾਂ 300 ਟੈਸਟ ਵਿਕਟਾਂ ਹਨ। ਸਭ ਤੋਂ ਵੱਧ 433 ਟੈਸਟ ਵਿਕਟਾਂ ਲੈਣ ਵਾਲੇ ਖੱਬੇ ਹੱਥ ਦੇ ਸਪਿਨਰ ਸ਼੍ਰੀਲੰਕਾ ਦੇ ਰੰਗਨਾ ਹੇਰਾਥ ਹਨ। ਜਦਕਿ ਡੇਨੀਅਲ ਵਿਟੋਰੀ ਨੇ 362 ਵਿਕਟਾਂ ਲਈਆਂ ਹਨ। ਹਾਲਾਂਕਿ, ਜਡੇਜਾ ਏਸ਼ੀਆ ਦਾ ਇਕਲੌਤਾ ਲੈਫਟ ਆਰਮ ਸਪਿਨਰ ਹੈ ਜਿਸ ਨੇ ਟੈਸਟ ਵਿੱਚ 3000 ਤੋਂ ਵੱਧ ਦੌੜਾਂ ਬਣਾਉਣ ਤੋਂ ਇਲਾਵਾ 300 ਵਿਕਟਾਂ ਵੀ ਲਈਆਂ ਹਨ।
ਇਮਰਾਨ ਖਾਨ, ਕਪਿਲ ਦੇਵ ਵਰਗੇ ਦਿੱਗਜਾਂ ਨੂੰ ਪਛਾੜ ਦਿੱਤਾ
ਰਵਿੰਦਰ ਜਡੇਜਾ ਨੇ 300 ਵਿਕਟਾਂ ਪੂਰੀਆਂ ਕਰਦੇ ਹੀ ਇਮਰਾਨ ਖਾਨ ਅਤੇ ਕਪਿਲ ਦੇਵ ਵਰਗੇ ਦਿੱਗਜਾਂ ਨੂੰ ਪਛਾੜ ਦਿੱਤਾ। ਦਰਅਸਲ, ਜਡੇਜਾ ਨੇ 74ਵੇਂ ਟੈਸਟ ਵਿੱਚ ਹੀ 3000 ਤੋਂ ਵੱਧ ਦੌੜਾਂ ਅਤੇ 300 ਵਿਕਟਾਂ ਲੈਣ ਦਾ ਕਾਰਨਾਮਾ ਕਰ ਲਿਆ ਹੈ। ਇਮਰਾਨ ਖਾਨ ਨੇ 75 ਟੈਸਟ ਮੈਚਾਂ ‘ਚ ਅਤੇ ਕਪਿਲ ਦੇਵ ਨੇ 83 ਟੈਸਟ ‘ਚ ਇਹ ਉਪਲੱਬਧੀ ਹਾਸਲ ਕੀਤੀ ਸੀ। ਜਡੇਜਾ ਦੇ ਮੁਕਾਬਲੇ 72 ਟੈਸਟ ਮੈਚਾਂ ਵਿੱਚ 3000 ਤੋਂ ਵੱਧ ਦੌੜਾਂ ਬਣਾਉਣ ਅਤੇ 300 ਤੋਂ ਵੱਧ ਵਿਕਟਾਂ ਲੈਣ ਦਾ ਕਾਰਨਾਮਾ ਸਿਰਫ਼ ਇਆਨ ਬੋਥਮ ਨੇ ਹੀ ਹਾਸਲ ਕੀਤਾ ਹੈ।
Congratulations @imjadeja for completing 300 wickets in Test match cricket. Your discipline and consistency with the ball have been pivotal in India’s dominant run in the longest format of the game! 🇮🇳#INDvBAN pic.twitter.com/U8u9eeFuf0
— Jay Shah (@JayShah) September 30, 2024
ਇਹ ਵੀ ਪੜ੍ਹੋ
ਜਡੇਜਾ ਦੇ ਅੰਕੜੇ ਬੇਮਿਸਾਲ
ਜਡੇਜਾ ਦੀ ਖਾਸ ਗੱਲ ਇਹ ਹੈ ਕਿ ਇਸ ਖਿਡਾਰੀ ਨੇ ਅਨੁਭਵੀ ਸਪਿਨਰ ਅਨਿਲ ਕੁੰਬਲੇ ਦੇ ਮੁਕਾਬਲੇ ਬਿਹਤਰ ਗੇਂਦਬਾਜ਼ੀ ਔਸਤ ਨਾਲ 300 ਟੈਸਟ ਵਿਕਟਾਂ ਪੂਰੀਆਂ ਕੀਤੀਆਂ ਹਨ। ਜਡੇਜਾ ਦੀ ਗੇਂਦਬਾਜ਼ੀ ਔਸਤ ਸਿਰਫ਼ 23.99 ਹੈ ਅਤੇ ਅਨਿਲ ਕੁੰਬਲੇ ਨੇ 29.65 ਦੀ ਔਸਤ ਨਾਲ 300 ਵਿਕਟਾਂ ਪੂਰੀਆਂ ਕੀਤੀਆਂ ਸਨ। ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਜਡੇਜਾ ਦੀ ਟੈਸਟ ਔਸਤ ਕੇਐੱਲ ਰਾਹੁਲ ਤੋਂ ਬਿਹਤਰ ਹੈ। ਕੇਐੱਲ ਰਾਹੁਲ ਦੀ ਟੈਸਟ ਬੱਲੇਬਾਜ਼ੀ ਔਸਤ 34.13 ਹੈ ਅਤੇ ਜਡੇਜਾ ਨੇ 36.73 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਸਾਫ਼ ਹੈ ਕਿ ਇਨ੍ਹਾਂ ਅੰਕੜਿਆਂ ਕਾਰਨ ਜਡੇਜਾ ਦੁਨੀਆ ਦੇ ਨੰਬਰ 1 ਟੈਸਟ ਆਲਰਾਊਂਡਰ ਹਨ।