ਸਿੱਖ ਪੰਥ ਦੀ ਪਹਿਲੀ ਸ਼ਹਾਦਤ ਦਾ ਇਤਿਹਾਸ, ਸ਼ਾਂਤੀ ਦੇ ਪੁੰਜ ਤੋਂ ਸ਼ਹੀਦਾਂ ਦੇ ਸਿਰਤਾਜ ਬਣਨ ਦਾ ਸਫ਼ਰ... | sri guru arjun dev ji shaheedi and life history sikhism know full in punjabi Punjabi news - TV9 Punjabi

ਸਿੱਖ ਪੰਥ ਦੀ ਪਹਿਲੀ ਸ਼ਹਾਦਤ ਦਾ ਇਤਿਹਾਸ, ਸ਼ਾਂਤੀ ਦੇ ਪੁੰਜ ਤੋਂ ਸ਼ਹੀਦਾਂ ਦੇ ਸਿਰਤਾਜ ਬਣਨ ਦਾ ਸਫ਼ਰ…

Published: 

10 Jun 2024 06:15 AM

ਸਿੱਖ ਪੰਥ ਦੀ ਚੜਦੀ ਕਲਾ ਅਤੇ ਗੁਰੂ ਪਾਤਸ਼ਾਹ ਪ੍ਰਤੀ ਸੰਗਤਾਂ ਦੇ ਵਧਦੇ ਪਿਆਰ ਨੂੰ ਪੰਥ ਦੇ ਦੋਖੀ ਸਹਾਰ ਨਾ ਸਕੇ। ਉਹ ਖੁਦ ਪੰਥ ਦੇ ਗੁਰੂ ਬਣਨਾ ਚਾਹੁੰਦੇ ਸਨ। ਉਹਨਾਂ ਨੂੰ ਗੁਰਗੱਦੀ ਦਾ ਲਾਲਚ ਸੀ। ਇਸ ਲਈ ਉਹ ਸਮੇਂ ਸਮੇਂ ਤੇ ਮੁਗਲ ਹਾਕਮਾਂ ਨੂੰ ਸ਼ਿਕਾਇਤ ਕਰਦੇ ਗੁਰੂ ਪਾਤਸ਼ਾਹ ਖਿਲਾਫ਼ ਕੰਨ ਭਰਦੇ। ਸ਼ਿਕਾਇਤਾਂ ਮਿਲਣ ਤੋਂ ਬਾਅਦ ਮੁਗਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਕਈ ਗੱਲਾਂ ਮੰਨਣ ਲਈ ਆਖਿਆ। ਇਹ ਗੱਲਾਂ ਗੁਰੂ ਘਰ ਦੇ ਅਸੂਲਾਂ ਦੇ ਖਿਲਾਫ਼ ਸਨ।

ਸਿੱਖ ਪੰਥ ਦੀ ਪਹਿਲੀ ਸ਼ਹਾਦਤ ਦਾ ਇਤਿਹਾਸ, ਸ਼ਾਂਤੀ ਦੇ ਪੁੰਜ ਤੋਂ ਸ਼ਹੀਦਾਂ ਦੇ ਸਿਰਤਾਜ ਬਣਨ ਦਾ ਸਫ਼ਰ...
Follow Us On

ਸਿੱਖਾਂ ਦੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੰਗਤਾਂ ਸ਼ਹੀਦਾਂ ਦੇ ਸਿਰਤਾਜ ਕਹਿਕੇ ਸਤਿਕਾਰ ਦੀਆਂ ਹਨ। ਇਹ ਸਤਿਕਾਰ ਇੰਝ ਹੀ ਮਿਲਦਾ ਉਹਨਾਂ ਦੀ ਕੁਰਬਾਨੀ ਦੁਨੀਆਂ ਦੇ ਹਰ ਇੱਕ ਮਨੁੱਖ ਲਈ ਪ੍ਰੇਰਨਾ ਸ੍ਰੋਤ ਹੈ। ਗੁਰੂ ਪਾਤਸ਼ਾਹ ਨੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮ ਦਾਸ ਸਾਹਿਬ ਜੀ ਦੇ ਹੁਕਮਾਂ ਸਦਕਾ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨਾਂ ਵਿੱਚੋਂ ਇੱਕ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਸੂਫ਼ੀ ਫ਼ਕੀਰ ਸਾਈ ਮੀਆਂ ਮੀਰ ਜੀ ਕੋਲੋਂ ਰੱਖਵਾਈ।

ਗੁਰੂ ਪਾਤਸ਼ਾਹ ਨੇ ਗੁਰਗੱਦੀ ਤੇ ਬੈਠਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਘਰ ਦੀ ਹਰ ਮਰਿਯਾਦਾ ਨੂੰ ਕਾਇਮ ਰੱਖਿਆ। ਚਾਹੇ ਉਹ ਲੰਗਰ ਦੀ ਸੇਵਾ ਹੋਵੇ ਜਾਂ ਗੁਰੂ ਸਾਹਿਬ ਦੀਆਂ ਲਿਖਤਾਂ ਨੂੰ ਸੰਭਾਲਣ ਦੀ। ਸਿੱਖ ਪੰਥ ਦੇ ਦੋਖੀਆਂ ਨੇ ਹਰ ਵੇਲੇ ਗੁਰੂ ਸਾਹਿਬ ਸਾਹਮਣੇ ਨਵੇਂ ਸਮੱਸਿਆਵਾਂ ਖੜੀਆਂ ਕਰਨ ਦਾ ਯਤਨ ਕੀਤਾ। ਕਦੇ ਰਾਜ ਦਰਬਾਰਾਂ ਵਿੱਚ ਸ਼ਿਕਾਇਤਾਂ ਕਰਨੀਆਂ। ਕਦੇ ਗੁਰੂ ਘਰ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਨੂੰ ਤੰਗ ਪ੍ਰੇਸ਼ਾਨ ਕਰਨਾ। ਪਰ ਗੁਰੂ ਜੀ ਗੁਰੂ ਨਾਨਕ ਸਾਹਿਬ ਦੇ ਦਿਖਾਏ ਗਏ ਮਾਰਗ ਤੇ ਨਿਰੰਤਰ ਚੱਲਦੇ ਰਹੇ।

ਗੁਰੂ ਸਾਹਿਬ ਦਾ ਜੀਵਨ ਕਾਲ

ਸਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਜਨਮ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਘਰ ਮਾਤਾ ਭਾਨੀ ਜੀ ਦੇ ਘਰ ਹੋਇਆ। ਆਪ ਜੀ ਬਚਪਨ ਆਪਣੇ ਨਾਨਕੇ ਘਰ ਵਿਖੇ ਬੀਤਿਆ ਜਿੱਥੇ ਉਹਨਾਂ ਨੇ ਆਪਣੇ ਨਾਨਾ ਸ੍ਰੀ ਗੁਰੂ ਅਮਰਦਾਸ ਸਾਹਿਬ ਤੋਂ ਗੁਰਮੁਖੀ ਦੀ ਸਿੱਖਿਆ ਲਈ, ਇਸ ਤੋਂ ਇਲਾਵਾ ਪਿੰਡ ਦੀ ਧਰਮਸ਼ਾਲਾ ਤੋਂ ਦੇਵਨਾਗਰੀ, ਸੰਸਕ੍ਰਿਤ ਪੰਡਿਤ ਬੇਣੀ ਅਤੇ ਗਣਿਤ ਦੀਆਂ ਗਿਆਨ ਮਾਮਾ ਮੋਹਰੀ ਜੀ ਤੋਂ ਲਿਆ।

ਗੁਰੂ ਅਮਰਦਾਸ ਸਾਹਿਬ ਦੇ ਅਕਾਲ ਚਲਾਣੇ ਅਤੇ ਗੁਰੂ ਪਿਤਾ ਨੂੰ ਗੁਰਗੱਦੀ ਮਿਲਣ ਮਗਰੋਂ ਆਪ ਜੀ ਅਜੌਕੇ ਅੰਮ੍ਰਿਤਸਰ ਸਾਹਿਬ ਆ ਗਏ। ਇੱਥੇ ਆਪ ਜੀ ਨੇ ਪੰਥ ਲਈ ਵਡਮੁੱਲੇ ਯੋਗਦਾਨ ਪਾਏ। ਗੁਰੂ ਪਾਤਸ਼ਾਹ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ। ਸੁਖਮਨੀ ਸਾਹਿਬ ਅਤੇ ਬਾਰਾਮਾਂਹ ਵਰਗੀ ਮਹਾਨ ਬਾਣੀ ਦੀ ਰਚਨਾ ਕੀਤੀ।

ਗੁਰੂਘਰ ਦੀ ਮਰਿਯਾਦਾ ਲਈ ਸ਼ਹਾਦਤ

ਸਿੱਖ ਪੰਥ ਦੀ ਚੜਦੀ ਕਲਾ ਅਤੇ ਗੁਰੂ ਪਾਤਸ਼ਾਹ ਪ੍ਰਤੀ ਸੰਗਤਾਂ ਦੇ ਵਧਦੇ ਪਿਆਰ ਨੂੰ ਪੰਥ ਦੇ ਦੋਖੀ ਸਹਾਰ ਨਾ ਸਕੇ। ਉਹ ਖੁਦ ਪੰਥ ਦੇ ਗੁਰੂ ਬਣਨਾ ਚਾਹੁੰਦੇ ਸਨ। ਉਹਨਾਂ ਨੂੰ ਗੁਰਗੱਦੀ ਦਾ ਲਾਲਚ ਸੀ। ਇਸ ਲਈ ਉਹ ਸਮੇਂ ਸਮੇਂ ਤੇ ਮੁਗਲ ਹਾਕਮਾਂ ਨੂੰ ਸ਼ਿਕਾਇਤ ਕਰਦੇ ਗੁਰੂ ਪਾਤਸ਼ਾਹ ਖਿਲਾਫ਼ ਕੰਨ ਭਰਦੇ। ਸ਼ਿਕਾਇਤਾਂ ਮਿਲਣ ਤੋਂ ਬਾਅਦ ਮੁਗਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਕਈ ਗੱਲਾਂ ਮੰਨਣ ਲਈ ਆਖਿਆ। ਇਹ ਗੱਲਾਂ ਗੁਰੂ ਘਰ ਦੇ ਅਸੂਲਾਂ ਦੇ ਖਿਲਾਫ਼ ਸਨ। ਇਸ ਲਈ ਗੁਰੂ ਸਾਹਿਬ ਨੇ ਅਜਿਹੀ ਕੋਈ ਵੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਜੋ ਗੁਰੂ ਘਰ ਦੇ ਖਿਲਾਫ਼ ਹੋਵੇ। ਜਹਾਂਗੀਰ ਨੇ ਇਸ ਨੂੰ ਬਗਾਵਤ ਸਮਝਿਆ ਅਤੇ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਫਰਮਾਨ ਸੁਣਾ ਦਿੱਤਾ।

ਗੁਰੂ ਪਾਤਸ਼ਾਹ ਨੇ ‘ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥੨॥’ ਦੇ ਮਹਾਂਵਾਕ ਅਨੁਸਾਰ ਇਸ ਨੂੰ ਅਕਾਲ ਪੁਰਖ ਦਾ ਭਾਣਾ ਮੰਨਿਆ ਅਤੇ ਸ਼ਹਾਦਤ ਦੇਣ ਦਾ ਫੈਸਲਾ ਲਿਆ।

ਮੁਗਲ ਹਕੂਮਤ ਦੇ ਹੁਕਮਾਂ ਮੁਤਾਬਕ ਗੁਰੂ ਸਾਹਿਬ ਨੂੰ ਲਾਹੌਰ ਵਿਖੇ ਤੱਤੀ ਤਵੀ ਤੇ ਬੈਠਾਇਆ ਗਿਆ। ਜੂਨ ਦੀ ਗਰਮੀ ਵਿੱਚ ਸੀਸ ਉੱਪਰ ਤੱਤੀ ਰੇਤ ਪਾਈ ਗਈ। ਗੁਰੂ ਪਾਤਸ਼ਾਹ ਨੂੰ ਉੱਬਲਦੇ ਪਾਣੀ ਵਿੱਚ ਬੈਠਾਇਆ ਗਿਆ। ਪਰ ਗੁਰੂ ਸਾਹਿਬ ਨੇ ਮੂੰਹੋਂ ਸੀਂ ਨਾ ਉਚਰੀ। ਜਾਲਮਾਂ ਨੇ ਗੁਰੂ ਪਾਤਸ਼ਾਹ ਦੇ ਜਖ਼ਮੀ ਹੋਏ ਸਰੀਰ ਨੂੰ ਰਾਵੀ ਨਦੀ ਦੇ ਕੰਢੇ ਲਿਆਕੇ ਠੰਢੇ ਪਾਣੀ ਵਿੱਚ ਬੈਠਾ ਦਿੱਤਾ। ਪਾਤਸ਼ਾਹ ਰਾਵੀ ਦੇ ਪਾਣੀ ਦੇ ਵਿੱਚ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਸ਼ਹਾਦਤ ਪ੍ਰਾਪਤ ਕਰ ਗਏ। ਗੁਰੂ ਪਾਤਸ਼ਾਹ ਦੇ ਸ਼ਹੀਦੀ ਸਥਾਨ ਤੇ ਗੁਰਦੁਆਰਾ ਡੇਹਰਾ ਸਾਹਿਬ ਸੁਸ਼ੋਭਿਤ ਹੈ।

Exit mobile version