ਗੁਰੂ ਦਾ ਪਿਆਰ ਅਤੇ ਨਰਾਜ਼ਗੀ ਝੱਲਣ ਵਾਲੇ ਗੁਰੂ ਘਰ ਦੇ ਮਹਾਨ ਕੀਰਤਨੀਏ ਸੱਤਾ ਤੇ ਬਲਵੰਡ ਜੀ | satta te balwand bani guru arjun dev sahib sikhism know full in punjabi Punjabi news - TV9 Punjabi

ਗੁਰੂ ਦਾ ਪਿਆਰ ਅਤੇ ਨਰਾਜ਼ਗੀ ਝੱਲਣ ਵਾਲੇ ਗੁਰੂ ਘਰ ਦੇ ਮਹਾਨ ਕੀਰਤਨੀਏ ਸੱਤਾ ਤੇ ਬਲਵੰਡ ਜੀ

Published: 

20 Jul 2024 06:15 AM

ਦਸ ਪਾਤਸ਼ਾਹੀਆਂ ਦੀ ਜਾਗਦੀ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਹਿਬਾਨ ਅਤੇ 15 ਭਗਤਾਂ ਦੀ ਬਾਣੀ ਤੋਂ ਇਲਾਵਾ ਗੁਰੂ ਘਰ ਦੇ ਸਿੱਖਾਂ ਦੀ ਬਾਣੀ ਨੂੰ ਵੀ ਪੰਜਵੇਂ ਸਤਿਗੁਰੂ ਸ਼੍ਰੀ ਅਰਜੁਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਸ਼ਾਮਿਲ ਕੀਤਾ। ਸੱਤਾ ਤੇ ਬਲਵੰਡ ਅਜਿਹੇ ਨਾਮ ਹਨ ਜਿਨ੍ਹਾਂ ਨੂੰ ਪਹਿਲੀ ਪਾਤਸ਼ਾਹੀ ਤੋਂ ਲੈਕੇ ਛੇਵੀਂ ਪਾਤਸ਼ਾਹੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਆਓ ਸਿੱਖ ਇਤਿਹਾਸ ਦੀ ਇਸ ਲੜੀ ਵਿੱਚ ਅੱਜ ਜਾਣਦੇ ਹਾਂ ਸੱਤਾ ਤੇ ਬਲਵੰਡ ਜੀ ਬਾਰੇ।

ਗੁਰੂ ਦਾ ਪਿਆਰ ਅਤੇ ਨਰਾਜ਼ਗੀ ਝੱਲਣ ਵਾਲੇ ਗੁਰੂ ਘਰ ਦੇ ਮਹਾਨ ਕੀਰਤਨੀਏ ਸੱਤਾ ਤੇ ਬਲਵੰਡ ਜੀ

ਗੁਰੂ ਦਾ ਪਿਆਰ ਅਤੇ ਨਰਾਜ਼ਗੀ ਝੱਲਣ ਵਾਲੇ ਗੁਰੂ ਘਰ ਦੇ ਮਹਾਨ ਕੀਰਤਨੀਏ ਸੱਤਾ ਤੇ ਬਲਵੰਡ ਜੀ

Follow Us On

ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ ॥
ਨਾਮੁ ਪਦਾਰਥੁ ਪਾਈਐ ਅਚਿੰਤੁ ਵਸੈ ਮਨਿ ਆਇ ॥

ਸਤਿਗੁਰੂ ਜੀ ਦੀ ਕੀਤੀ ਹੋਈ ਸੇਵਾ ਕਦੇ ਵੀ ਬੇਅਰਥ ਨਹੀਂ ਜਾਂਦੀ। ਜਿਨ੍ਹਾਂ ਨੇ ਵੀ ਮਨ ਚਿੱਤ ਲਾਕੇ ਸੇਵਾ ਕੀਤੀ ਉਹਨਾਂ ਨੂੰ ਹਰ ਮੰਗੀ ਮੁਰਾਦ ਮਿਲੀ। ਸੱਤਾ ਤੇ ਬਲਵੰਡ ਜੀ ਨੇ ਵੀ ਸੱਚੇ ਗੁਰੂ ਦੀ ਸੇਵਾ ਕੀਤੀ ਅਤੇ ਗੁਰੂ ਘਰ ਦੇ ਮਹਾਨ ਕੀਰਤਨੀਏ ਬਣੇ। ਆਪ ਜੀ ਉਹ ਸਖ਼ਸੀਅਤ ਸਨ ਜਿਨ੍ਹਾਂ ਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਤੋਂ ਲੈਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਅਤੇ ਗੁਰੂਘਰ ਦੀ ਸੇਵਾ ਕਰਨ ਸੁਭਾਗ ਅਵਸਰ ਪ੍ਰਾਪਤ ਹੋਇਆ।

ਸੱਤਾ ਤੇ ਬਲਵੰਡ ਜੀ ਦੇ ਜਨਮ ਅਤੇ ਉਹਨਾਂ ਦੇ ਜੀਵਨ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ। ਉਹਨਾਂ ਦੇ ਜੀਵਨ ਨੂੰ ਲੈਕੇ ਇਤਿਹਾਸਕਾਰਾਂ ਅਤੇ ਵਿਦਿਵਾਨਾਂ ਵਿੱਚ ਮਤਭੇਦ ਹਨ। ਕਈ ਵਿਦਿਵਾਨਾਂ ਦਾ ਮੰਨਣਾ ਹੈ ਕਿ ਉਹ ਸਗੇ ਭਰਾ ਸਨ, ਕਈਆਂ ਹੈ ਕਿ ਉਹ ਚਾਚੇ ਤਾਏ ਦੇ ਮੁੰਡੇ ਸਨ। ਕਈ ਵਿਦਿਵਾਨਾਂ ਦਾ ਮੰਨਣਾ ਹੈ ਕਿ ਜਦੋਂ ਭਾਈ ਮਰਦਾਨਾ ਜੀ ਇਸ ਸੰਸਾਰ ਤੋਂ ਚਲੇ ਗਏ ਤਾਂ ਗੁਰੂ ਨਾਨਕ ਸਾਹਿਬ ਨੇ ਕੀਰਤਨ ਜੀ ਜਿੰਮੇਵਾਰੀ ਸੱਤਾ ਤੇ ਬਲਵੰਡ ਜੀ ਨੂੰ ਸੌਂਪ ਦਿੱਤੀ। ਉਸ ਤੋਂ ਬਾਅਦ ਆਪ ਜੀ 6ਵੀਂ ਪਾਤਸ਼ਾਹੀ ਤੱਕ ਇਹ ਸੇਵਾ ਨਿਭਾਉਂਦੇ ਰਹੇ।

ਗੁਰੂ ਸਾਹਿਬ ਤੋਂ ਪੈਸਿਆਂ ਦੀ ਮੰਗ

ਪ੍ਰਚੱਲਿਤ ਕਥਾਵਾਂ ਦੇ ਅਨੁਸਾਰ ਸੱਤਾ ਤੇ ਬਲਵੰਡ ਜੀ ਨੇ ਇੱਕ ਦਿਨ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਕਿ ਉਹਨਾਂ ਦੇ ਘਰ ਬੇਟੀ ਦਾ ਵਿਆਹ ਹੈ। ਉਸ ਕਾਰਜ ਲਈ ਉਹਨਾਂ ਨੂੰ ਪੈਸਿਆਂ ਦੀ ਲੋੜ ਹੈ ਤਾਂ ਕਿਰਪਾ ਕਰਕੇ ਇੱਕ ਦਿਨ ਲਈ ਕੀਰਤਨ ਦੇ ਪੈਸੇ ਉਹਨਾਂ ਨੂੰ ਦੇ ਦਿੱਤੇ ਜਾਣ। ਗੁਰੂ ਸਾਹਿਬ ਨੇ ਸੱਤਾ ਤੇ ਬਲਵੰਡ ਨੂੰ ਕਿਹਾ ਕਿ ਗੁਰੂਘਰ ਦੀ ਸੇਵਾ ਕਰਨ ਵਾਲਿਆਂ ਦੇ ਕਾਰਜ ਸਤਿਗੁਰ ਆਪ ਕਰਦਾ ਹੈ ਤੁਸੀਂ ਫਿਕਰ ਨਾ ਕਰੋ।

ਪਰ ਸੱਤਾ ਅਤੇ ਬਲਵੰਡ ਜੀ ਨਾ ਮੰਨੇ ਤਾਂ ਅਖੀਰ ਗੁਰੂ ਜੀ ਨੇ ਉਹਨਾਂ ਨੂੰ ਆਗਿਆ ਦੇ ਦਿੱਤੀ। ਬੇਸ਼ੱਕ ਗੁਰੂ ਜੀ ਸੰਗਤ ਵੱਲੋਂ ਆਇਆ ਪੈਸਾ ਗੁਰੂਘਰ ਤੋਂ ਇਲਾਵਾ ਹੋਰ ਕਿਤੇ ਖਰਚਿਆਂ ਨਹੀਂ ਕਰਦੇ ਸਨ ਪਰ ਸੇਵਕਾਂ ਦੇ ਪਿਆਰ ਅੱਗੇ ਗੁਰੂ ਵੀ ਝੁਕ ਜਾਂਦਾ ਹੈ।

ਕੀਰਤਨ ਵਿੱਚ ਨਾ ਲੱਗਿਆ ਮਨ

ਜਿਸ ਦਿਨ ਗੁਰੂ ਪਾਤਸ਼ਾਹ ਨੇ ਉਹਨਾਂ ਪੈਸੇ ਲਿਜਾਣ ਦੀ ਆਗਿਆ ਦਿੱਤੀ ਸੀ। ਉਸ ਦਿਨ ਸੱਤਾ ਤੇ ਬਲਵੰਡ ਜੀ ਨੇ ਕੀਰਤਨ ਕਰਨਾ ਸ਼ੁਰੂ ਕੀਤਾ ਪਰ ਉਹਨਾਂ ਦਾ ਮਨ ਨਾ ਲੱਗਿਆ। ਕਿਉਂਕਿ ਉਹਨਾਂ ਦਾ ਧਿਆਨ ਤਾਂ ਪੈਸਿਆਂ ਵਿੱਚ ਸੀ। ਉਹ ਕਦੇ ਰਾਗ ਭੁੱਲ ਜਾਂਦੇ ਕਿਤੇ ਕੁੱਝ। ਜਦੋਂ ਸੱਤਾ ਤੇ ਬਲਵੰਡ ਜੀ ਪੈਸੇ ਲੈਕੇ ਆਪਣੇ ਘਰ ਗਏ ਤਾਂ ਪੈਸੇ ਉਹਨਾਂ ਦੀ ਉਮੀਦ ਨਾਲ ਥੋੜ੍ਹੇ ਨਿਕਲੇ। ਕਿਉਂਕਿ ਉਸ ਦਿਨ ਹਨੇਰੀ ਅਤੇ ਝੱਖੜ ਕਾਰਨ ਸੰਗਤ ਗੁਰੂਘਰ ਆ ਹੀ ਨਹੀਂ ਸੀ ਸਕੀ। ਜਿਸ ਕਰਕੇ ਚੜ੍ਹਾਵਾ ਬਹੁਤ ਘੱਟ ਰਹਿ ਗਿਆ।

ਪ੍ਰਿਥੀਚੰਦ ਨੇ ਭੜਕਾਇਆ

ਜਦੋਂ ਇਹ ਚੜ੍ਹਾਵੇ ਵਾਲੀ ਗੱਲ ਪੰਜਵੇਂ ਸਤਿਗੁਰੂ ਦੇ ਵੱਡੇ ਭਰਾ ਪ੍ਰਿਥੀਚੰਦ ਨੂੰ ਲੱਗੀ ਤਾਂ ਉਹਨਾਂ ਨੇ ਸੱਤਾ ਅਤੇ ਬਲਵੰਡ ਜੀ ਨੂੰ ਗੁਰੂ ਸਾਹਿਬ ਖਿਲਾਫ਼ ਭੜਕਾਉਣ ਸ਼ੁਰੂ ਕਰ ਦਿੱਤਾ। ਪਿਥੀਚੰਦ ਨੇ ਸੱਤਾ ਤੇ ਬਲਵੰਡ ਜੀ ਨੂੰ ਕਿਹਾ ਕਿ ਜਿਸ ਦਿਨ ਤੁਹਾਨੂੰ ਪੈਸੇ ਮਿਲਣੇ ਸੀ ਉਸ ਦਿਨ ਗੁਰੂ ਨੇ ਸੰਗਤਾਂ ਨੂੰ ਮੱਥਾ ਟੇਕਣ ਤੋਂ ਮਨ੍ਹਾ ਕਰ ਦਿੱਤਾ ਸੀ।

ਪ੍ਰਿਥੀਚੰਦ ਨੇ ਕਿਹਾ ਕਿ ਗੁਰੂ ਤੁਹਾਡੇ ਕੀਰਤਨ ਕਾਰਨ ਪੈਸਾ ਕਮਾਉਂਦੇ ਹਨ ਅਤੇ ਤੁਹਾਨੂੰ ਕੁੱਝ ਨਹੀਂ ਮਿਲਦਾ। ਜੇ ਤੁਸੀਂ ਕੀਰਤਨ ਕਰਨਾ ਬੰਦ ਕਰ ਦਿਓ ਤਾਂ ਗੁਰੂ ਕੋਈ ਕਿਸੇ ਨੇ ਪੈਸੇ ਨਹੀਂ ਦੇਣੇ ਫੇਰ ਉਹਨਾਂ ਨੂੰ ਤੁਹਾਡੀ ਕੀਮਤ ਪਤਾ ਲੱਗੇਗੀ। ਸੱਤਾ ਤੇ ਬਲਵੰਡ ਜੀ ਪ੍ਰਿਥੀਚੰਦ ਦੀਆਂ ਗੱਲਾਂ ਵਿੱਚ ਆ ਗਏ ਅਤੇ ਗੁਰੂਘਰ ਨੂੰ ਕੀਰਤਨ ਲਈ ਮਨ੍ਹਾਂ ਕਰ ਦਿੱਤਾ।

ਗੁਰੂ ਦਾ ਮਨਾਉਣ ਆਉਣਾ

ਜਦੋਂ ਸੱਤਾ ਤੇ ਬਲਵੰਡ ਦੀ ਨਰਾਜ਼ਗੀ ਬਾਰੇ ਗੁਰੂ ਅਰਜਨ ਦੇਵ ਜੀ ਨੂੰ ਪਤਾ ਲੱਗਿਆ ਤਾਂ ਉਹਨਾਂ ਕੁੱਝ ਸਿੱਖਾਂ ਨੂੰ ਸੱਤਾ ਤੇ ਬਲਵੰਡ ਜੀ ਕੋਲ ਭੇਜਿਆ ਪਰ ਸੱਤਾ ਤੇ ਬਲਵੰਡ ਜੀ ਨੇ ਮਨ੍ਹਾ ਕਰ ਦਿੱਤਾ। ਦੂਜੀ ਵਾਰ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਨੂੰ ਭੇਜਿਆ ਪਰ ਫਿਰ ਵੀ ਸੱਤਾ ਤੇ ਬਲਵੰਡ ਜੀ ਨੇ ਆਉਣ ਤੋਂ ਇਨਕਾਰ ਕਰ ਦਿੱਤਾ।

ਤੀਜੀ ਵਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਖੁਦ ਚਲਕੇ ਸੱਤਾ ਤੇ ਬਲਵੰਡ ਜੀ ਕੋਲ ਗਏ ਅਤੇ ਕੀਰਤਨ ਕਰਨ ਦੀ ਬੇਨਤੀ ਕੀਤੀ। ਸੱਤਾ ਤੇ ਬਲਵੰਡ ਜੀ ਨੇ ਗੁੱਸੇ ਵਿੱਚ ਆਕੇ ਕਿਹਾ ਕਿ ਗੁਰੂ ਨਾਨਕ ਤੋਂ ਲੈਕੇ ਹੁਣ ਤੱਕ ਅਸੀਂ ਤੁਹਾਨੂੰ ਬਣਾਇਆ ਹੈ ਸਾਥੋਂ ਬਿਨਾਂ ਤੁਸੀਂ ਕੁੱਝ ਨਾ ਹੁੰਦੇ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਸੱਤਾ ਤੇ ਬਲਵੰਡ ਨੂੰ ਕਿਹਾ ਕਿ ਗੁਰੂ ਦੇ ਸਿੱਖ ਆਪਣੇ ਆਪ ਕੀਰਤਨ ਕਰਨਗੇ ਕਿਉਂਕਿ ਅਸੀਂ ਆਪਣੇ ਗੁਰੂ ਨਾਨਕ ਸਾਹਿਬ ਜਾਂ ਹੋਰ ਗੁਰੂ ਸਾਹਿਬਾਨਾਂ ਬਾਰੇ ਅਪਸ਼ਬਦ ਨਹੀਂ ਸੁਣ ਸਕਦੇ। ਜੋ ਸੱਤਾ ਜੀ ਨੇ ਬੋਲ ਦਿੱਤੇ ਸਨ।

ਸੱਤਾ ਤੇ ਬਲਵੰਡ ਦਾ ਬਿਮਾਰ ਹੋਣਾ

ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਕੋਈ ਵੀ ਗੁਰੂ ਦਾ ਸਿੱਖ ਕੀਰਤਨ ਕਰ ਸਕਦਾ ਹੈ। ਗੁਰੂ ਪਾਤਸ਼ਾਹ ਸੱਤਾ ਤੇ ਬਲਵੰਡ ਦੀ ਥਾਂ ਖੁਦ ਕੀਰਤਨ ਦੀ ਸੇਵਾ ਨਿਭਾਉਣ ਲੱਗੇ ਅਤੇ ਸੰਗਤਾਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਕੋਈ ਵੀ ਗੁਰੂ ਦਾ ਸਿੱਖ ਸੱਤਾ ਅਤੇ ਬਲਵੰਡ ਨਾਲ ਕੋਈ ਰਾਬਤਾ ਨਹੀਂ ਰੱਖੇਗਾ। ਜੇਕਰ ਕੋਈ ਉਹਨਾਂ ਦੀ ਮਦਦ ਕਰਦਾ ਪਾਇਆ ਗਿਆ ਤਾਂ ਉਸਦਾ ਮੂੰਹ ਕਾਲਾ ਕਰ ਦਿੱਤਾ ਜਾਵੇਗਾ। ਸਮਾਂ ਪੈਣ ਤੇ ਸੱਤਾ ਬਲਵੰਡ ਜੀ ਬਿਮਾਰ ਹੋ ਗਏ।

ਸੱਤਾ ਅਤੇ ਬਲਵੰਡ ਬੁੱਢੇ ਹੋ ਗਏ ਸਨ ਅਤੇ ਉਹਨਾਂ ਦੇ ਸਰੀਰ ਵਿੱਚ ਬਦਬੂ ਆਉਣ ਲੱਗੀ ਸੀ ਅਤੇ ਕੋਈ ਵੀ ਉਹਨਾਂ ਦੀ ਮਦਦ ਲਈ ਅੱਗੇ ਨਾ ਆਉਂਦੀ। ਅਜਿਹੀ ਸਥਿਤੀ ਵਿੱਚ ਉਹਨਾਂ ਨੇ ਗੁਰੂ ਜੀ ਦੇ ਚਰਨਾਂ ਵਿੱਚ ਜਾਣ ਦੀ ਸੋਚੀ ਕਿਉਂਕਿ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ।

ਗੁਰੂ ਕਦੇ ਨਹੀਂ ਮੋੜਦੇ ਸਿੱਖ ਦੀ ਅਰਦਾਸ

ਆਪ ਜੀ ਨੇ ਲਾਹੌਰ ਦੇ ਇੱਕ ਸਿੱਖ ਨੂੰ ਬੇਨਤੀ ਕੀਤੀ ਕਿ ਉਹ ਗੁਰੂ ਦੇ ਚਰਨਾਂ ਵਿੱਚ ਉਹਨਾਂ ਦੀ ਅਰਦਾਸ ਲੈਕੇ ਜਾਣ ਤਾਂ ਉਹ ਸਿੱਖ ਤਿਆਰ ਹੋ ਗਿਆ। ਉਸ ਨੇ ਆਪਣਾ ਮੂੰਹ ਸਿਰ ਕਾਲਾ ਕੀਤਾ ਅਤੇ ਗਧੇ ਤੇ ਬੈਠਕੇ ਬਜ਼ਾਰ ਵਿੱਚ ਦੀ ਹੁੰਦਿਆਂ ਹੋਇਆ ਗੁਰੂ ਸਾਹਿਬ ਕੋਲ ਪਹੁੰਚੇ। ਗੁਰੂ ਸਾਹਿਬ ਨੇ ਉਹਨਾਂ ਦੀ ਅਜਿਹੀ ਹਾਲਤ ਦਾ ਕਾਰਨ ਪੁੱਛਿਆ। ਤਾਂ ਸਿੱਖ ਨੇ ਨਿਮਾਣਾ ਹੋਕੇ ਕਿਹਾ ਮਹਾਰਾਜ ਤੁਹਾਨੂੰ ਵਚਨ ਨੂੰ ਪੁਗਾ ਰਹੇ ਹਾਂ।

ਸਤਿਗੁਰੂ ਮੈਂ ਸੱਤਾ ਤੇ ਬਲਵੰਡ ਦੀ ਬੇਨਤੀ ਲੈਕੇ ਆਇਆ ਹਾਂ ਕਿਰਪਾ ਕਰੋ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਉਹਨਾਂ ਨੂੰ ਮੁਆਫ਼ ਕਰ ਦਿਓ। ਗੁਰੂ ਪਾਤਸ਼ਾਹ ਨੇ ਕਿਹਾ ਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਬਾਰੇ ਅਪਸ਼ਬਦ ਬੋਲੇ ਹਨ ਪਰ ਸੰਗਤਾਂ ਦੀ ਬੇਨਤੀ ਤੇ ਸਤਿਗੁਰੂ ਨੇ ਆਪਣੀ ਨਦਰਿ ਦੀ ਮਹਿਰ ਸੱਤਾ ਤੇ ਬਲਵੰਡ ਜੀ ਤੇ ਕੀਤੀ। ਉਹ ਹੋਲੀ ਹੋਲੀ ਮੁੜ ਠੀਕ ਹੋ ਗਏ।

ਲਾਹੌਰ ਵਿੱਚ ਹੋਏ ਸਵਰਗਵਾਸ

ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸੱਤਾ ਅਤੇ ਬਲਵੰਡ ਜੀ ਨੂੰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਮੇਂ ਕੀਰਤਨ ਕਰਨ ਦਾ ਮੌਕਾ ਮਿਲਿਆ। ਪਰ ਆਪ ਜੀ ਬਜ਼ੁਰਗ ਹੋ ਗਏ ਸਨ ਅਤੇ ਲਾਹੌਰ ਵਿੱਚ ਹੀ ਦੋਵੇ ਰਬਾਬੀ ਇਸ ਸੰਸਾਰ ਵਿੱਚੋਂ ਵਿਦਾ ਹੋ ਗਏ।

ਸਤਿਗੁਰੂ ਸ਼੍ਰੀ ਅਰਜਨ ਦੇਵ ਜੀ ਨੇ ਪਹਿਲੀ ਪਾਤਸ਼ਾਹੀ ਤੋਂ ਕੀਤੀ ਉਹਨਾਂ ਦੀ ਸੇਵਾ ਨੂੰ ਸਫ਼ਲ ਕਰਦਿਆਂ ਸੱਤਾ ਤੇ ਬਲਵੰਡ ਜੀ ਦੀ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤੀ। ਜਿਸ ਨਾਲ ਸੱਤਾ ਤੇ ਬਲਵੰਡ ਜੀ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ।

Exit mobile version