ਮੀਰੀ ਅਤੇ ਪੀਰੀ ਦਾ ਸਿਧਾਂਤ, ਜਿਸ ਨੇ ਪੁੱਟ ਦਿੱਤੀਆਂ ਜਾਲਮਾਂ ਦੀਆਂ ਜੜ੍ਹਾਂ | miri piri diwas guru hargobind ji sikh history know full in punjabi Punjabi news - TV9 Punjabi

ਮੀਰੀ ਅਤੇ ਪੀਰੀ ਦਾ ਸਿਧਾਂਤ, ਜਿਸ ਨੇ ਪੁੱਟ ਦਿੱਤੀਆਂ ਜਾਲਮਾਂ ਦੀਆਂ ਜੜ੍ਹਾਂ

Updated On: 

17 Jul 2024 11:02 AM

Meeri Peeri Diwas :ਦੁਨੀਆਂ ਭਰ ਵਿੱਚ ਵਸਦੀ ਸਿੱਖ ਸੰਗਤ ਮੀਰੀ ਅਤੇ ਪੀਰੀ ਦਿਹਾੜਾ ਮਨਾ ਰਹੀ ਹੈ। ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਦੋ ਤਲਾਵਾਰਾਂ ਪਹਿਨੀਆਂ ਇੱਕ ਨੂੰ ਮੀਰੀ ਕਿਹਾ ਗਿਆ ਇੱਕ ਨੂੰ ਪੀਰੀ ਕਿਹਾ ਗਿਆ। ਆਓ ਸਿੱਖ ਇਤਿਹਾਸ ਦੀ ਇਸ ਲੜੀ ਵਿੱਚ ਜਾਣਦੇ ਹਾਂ ਮੀਰੀ ਅਤੇ ਪੀਰੀ ਦੇ ਇਤਿਹਾਸ ਬਾਰੇ।

ਮੀਰੀ ਅਤੇ ਪੀਰੀ ਦਾ ਸਿਧਾਂਤ, ਜਿਸ ਨੇ ਪੁੱਟ ਦਿੱਤੀਆਂ ਜਾਲਮਾਂ ਦੀਆਂ ਜੜ੍ਹਾਂ

ਮੀਰੀ ਅਤੇ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ

Follow Us On

ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ॥
ਅਰਜਨ ਕਾਇਆਂ ਪਲਟ ਕੈ ਮੂਰਤ ਹਰਿਗੋਬਿੰਦ ਸਵਾਰੀ॥

ਸਿੱਖ ਪੰਥ ਦੇ ਮਹਾਨ ਲਿਖਾਰੀ ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਸਿਫ਼ਤ ਕਰਦਿਆਂ ਇਹ ਵਾਕ ਲਿਖਦੇ ਹਨ। ਸ਼੍ਰੀ ਹਰਗੋਬਿੰਦ ਸਾਹਿਬ ਦਾ ਜਨਮ 19 ਜੂਨ 1595 ਈਸਵੀ ਨੂੰ ਪਿੰਡ ਗੁਰੂ ਕੀ ਵਡਾਲੀ (ਜ਼ਿਲ੍ਹਾ ਅੰਮ੍ਰਿਤਸਰ) ਵਿਖੇ ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਹੋਇਆ। ਹਰਗੋਬਿੰਦ ਸਾਹਿਬ ਗੁਰੂ ਅਰਜਨ ਸਾਹਿਬ ਅਤੇ ਮਾਤਾ ਗੰਗਾ ਜੀ ਦੇ ਇਕਲੌਤੇ ਪੁੱਤਰ ਸਨ। ਪੰਜਵੇਂ ਸਤਿਗੁਰੂ ਦੀ ਸ਼ਹਾਦਤ ਤੋਂ ਬਾਅਦ ਆਪ ਜੀ ਸੰਨ 1606 ਈਸਵੀ ਵਿੱਚ ਮਹਿਜ਼ 11 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਛੇਵੇਂ ਵਾਰਿਸ ਬਣੇ।

ਮੀਰੀ ਅਤੇ ਪੀਰੀ ਦਾ ਸਿਧਾਂਤ

ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਪਹਿਲਾਂ ਦੇ ਗੁਰੂ ਸਹਿਬਾਨਾਂ ਨੇ ਅਮਨ ਸ਼ਾਂਤੀ ਅਤੇ ਭਾਈਚਾਰੇ ਦਾ ਸੁਨੇਹਾ ਦਿੱਤਾ। ਪਰ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਨੂੰ ਇਹ ਅਹਿਸਾਸ ਹੋਇਆ ਕਿ ਸਿੱਖਾਂ ਨੂੰ ਜੇਕਰ ਹਕੂਮਤਾਂ ਨਾਲ ਟੱਕਰ ਲੈਣੀ ਹੈ ਤਾਂ ਸੈਨਿਕ ਸ਼ਕਤੀ ਵਜੋਂ ਤਾਕਤਵਰ ਹੋਣਾ ਪਵੇਗਾ। ਇਸ ਲਈ ਜਦੋਂ ਛੇਵੇਂ ਪਾਤਸ਼ਾਹ ਗੁਰਗੱਦੀ ਤੇ ਬੈਠੇ ਤਾਂ ਦੋ ਤਲਵਾਰਾਂ ਪਹਿਨੀਆਂ। ਇੱਕ ਨੂੰ ਮੀਰੀ ਆਖਿਆ ਇੱਕ ਨੂੰ ਪੀਰੀ ਆਖਿਆ।

ਮੀਰੀ ਅਤੇ ਪੀਰੀ ਸ਼ਬਦ ਦਾ ਪਿਛੋਕੜ ਅਰਬੀ ਫਾਰਸੀ ਭਾਸ਼ਾ ਨਾਲ ਜਾ ਜੁੜਦਾ ਹੈ। ‘ਮੀਰੀ’ ਦਾ ਸੰਬੰਧ ‘ਮੀਰ’ ਨਾਲ ਹੈ ਜੋ ਅਰਬੀ ਦੇ ‘ਅਮੀਰ’ ਸ਼ਬਦ ਦਾ ਛੋਟਾ ਰੂਪ ਹੈ। ਇਸ ਦਾ ਅਰਥ ਹੁੰਦਾ ਹੈ ਬਾਦਸ਼ਾਹ ਜਾਂ ਸਰਦਾਰ। ਭਾਵ ਮੀਰੀ ਸ਼ਬਦ ਦਾ ਅਰਥ ਬਾਦਸ਼ਾਹਤ ਅਤੇ ਸਰਦਾਰੀ ਨਾਲ ਹੈ। ਇਸ ਤਰ੍ਹਾਂ ‘ਪੀਰੀ’ ਸ਼ਬਦ ਦਾ ਸਬੰਧ ਪੀਰ ਸ਼ਬਦ ਨਾਲ ਜੁੜਦਾ ਹੈ। ਜਿਸ ਦਾ ਅਰਥ ਹੁੰਦਾ ਹੈ ਧਰਮ ਆਗੂ। ਪੀਰੀ ਤੋਂ ਭਾਵ ਹੈ ਧਾਰਮਿਕ ਅਧਿਕਾਰ ਜਾਂ ਗੁਰਤਾ।

ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ

ਸਤਿਗੁਰੂ ਨੇ 2 ਤਲਵਾਰਾਂ ਪਹਿਨਕੇ ਸਿੱਖਾਂ ਨੂੰ ਇੱਕ ਨਵਾਂ ਮੀਰੀ ਅਤੇ ਪੀਰੀ ਦਾ ਸੰਕਲਪ ਦਿੱਤਾ। ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਸੰਗਤਾਂ ਪਿਆਰ ਨਾਲ ਮੀਰੀ ਪੀਰੀ ਦੇ ਮਾਲਕ ਕਹਿਕੇ ਪੁਕਾਰਦੀਆਂ ਹਨ। ਛੇਵੇਂ ਪਾਤਸ਼ਾਹ ਨੇ ਆਪਣੇ ਜੀਵਨ ਵਿੱਚ ਕਈ ਜੰਗਾਂ ਲੜੀਆਂ। ਸਾਲ 1609 ਈਸਵੀ ਵਿੱਚ ਛੇਵੇਂ ਪਾਤਸ਼ਾਹ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ। ਜਿੱਥੇ ਬੈਠਕੇ ਸਤਿਗੁਰੂ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ। ਸ਼੍ਰੀ ਅਕਾਲ ਤਖ਼ਤ ਸਾਹਿਬ ਅੱਜ ਵੀ ਸੁਮੱਚੇ ਖਾਲਸਾ ਪੰਥ ਦੀ ਅਗਵਾਈ ਕਰਦਾ ਹੈ।

Exit mobile version