ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ, ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਨੂੰ ਨੋਟਿਸ
Notice to Raja Waring and Manpreet Badal: ਜ਼ਿਮਨੀ ਚੋਣਾਂ ਦੇ ਪ੍ਰਚਾਰ ਵਿਚਾਲੇ ਚੋਣ ਕਮਿਸ਼ਨ ਨੇ ਐਕਸ਼ਨ ਲੈਂਦਿਆਂ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਅਤੇ ਕਾਂਗਰਸੀ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੋਣ ਜਾਬਤੇ ਦੀ ਉਲੰਘਣਾ ਕਰਨ ਤੇ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ 24 ਘੰਟਿਆਂ ਵਿੱਚ ਦੋਵੇਂ ਲੀਡਰਾਂ ਤੋਂ ਜਵਾਬ ਮੰਗਿਆ ਹੈ।
20 ਨਵੰਬਰ ਨੂੰ ਹੋ ਜਾਣ ਰਹੀ ਜ਼ਿਮਨੀ ਚੋਣ ਦੀ ਵੋਟਿੰਗ ਤੋਂ ਪਹਿਲਾਂ ਅਖਾੜਾ ਭਖਦਾ ਜਾ ਰਿਹਾ ਹੈ। ਚੋਣ ਕਮਿਸ਼ਨ ਨੇ ਡੇਰਾ ਬਾਬਾ ਨਾਨਕ ਦੇ ਡੀ ਐਸ ਪੀ ਨੂੰ ਹਟਾਉਣ ਤੋਂ ਬਾਅਦ ਹੁਣ ਗਿੱਦੜਵਾਹਾ ਤੋਂ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਅਤੇ ਕਾਂਗਰਸੀ ਅੰਮ੍ਰਿਤਾ ਵੜਿੰਗ ਦੇ ਪਤੀ ਅਤੇ ਕਾਂਗਰਸੀ ਸਾਂਸਦ ਰਾਜਾ ਵੜਿੰਗ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੀ ਸ਼ਿਕਾਇਤ ਤੇ ਨੋਟਿਸ ਜਾਰੀ ਕੀਤਾ ਹੈ।
ਕਮਿਸ਼ਨ ਨੇ ਨੋਟਿਸ ਜਾਰੀ ਕਰਦਿਆਂ ਦੋਵੇਂ ਲੀਡਰਾਂ ਤੋਂ 24 ਘੰਟਿਆਂ ਅੰਦਰ ਜਵਾਬ ਮੰਗਿਆ ਹੈ। ਚੋਣ ਕਮਿਸ਼ਨ ਨੂੰ ਮਿਲੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਵੋਟਰਾਂ ਨੂੰ ਵੋਟ ਲਈ ਲਾਲਚ ਦਿੱਤਾ ਹੈ ਤਾਂ ਦੂਜੇ ਪਾਸੇ ਵੜਿੰਗ ਦੇ ਮਸਜਿਦ ਵਿੱਚ ਜਾਕੇ ਪ੍ਰਚਾਰ ਕਰਨ ਦਾ ਇਲਜ਼ਾਮ ਹੈ।
BJP ਨੇ ਕੀਤੀ ਵੜਿੰਗ ਦੀ ਸ਼ਿਕਾਇਤ
ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਰਾਜਾ ਵੜਿੰਗ ਨੇ ਮਸਜਿਦ ਵਿੱਚ ਜਾਕੇ ਚੋਣ ਪ੍ਰਚਾਰ ਕੀਤਾ ਹੈ ਅਤੇ ਆਪਣੀ ਪਾਰਟੀ ਦੇ ਨਿਸ਼ਾਨ ਦਾ ਪ੍ਰਚਾਰ ਕੀਤਾ ਹੈ। ਜਿਸ ਤੋਂ ਬਾਅਦ ਵੜਿੰਗ ਨੇ ਆਪਣੇ ਸ਼ੋਸਲ ਮੀਡੀਆ ਅਕਾਉਂਟ ਤੋਂ ਪੋਸਟ ਸਾਂਝੀ ਕੀਤੀ ਸੀ। ਜਿਸ ਨੂੰ ਭਾਜਪਾ ਨੇ ਆਪਣੀ ਸ਼ਿਕਾਇਤ ਦਾ ਅਧਾਰ ਬਣਾਇਆ।
AAP ਨੇ ਕੀਤੀ ਸੀ ਮਨਪ੍ਰੀਤ ਬਾਦਲ ਦੀ ਸ਼ਿਕਾਇਤ
ਓਧਰ ਆਮ ਆਦਮੀ ਪਾਰਟੀ ਨੇ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਖਿਲਾਫ਼ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਗਈ ਸੀ। ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਾਜਪਾ ਉਮੀਦਵਾਰ ਵੋਟਰਾਂ ਨੂੰ ਨੌਕਰੀਆਂ ਦਾ ਲਾਲਚ ਦੇ ਰਹੇ ਹਨ। ਹਾਲਾਂਕਿ ਬਾਅਦ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਬਿਆਨ ਤੇ ਸਫ਼ਾਈ ਵੀ ਪੇਸ਼ ਕੀਤੀ ਸੀ। ਉਹਨਾਂ ਕਿਹਾ ਕਿ ਉਹ C PYTE ਦੀ ਗੱਲ ਕਰ ਰਹੇ ਹਨ। ਉਹ ਨੌਜਵਾਨਾਂ ਨੂੰ ਕਹਿ ਰਹੇ ਸਨ ਕਿ ਉਹ C PYTE ਕੋਲੋਂ ਤਿਆਰੀ ਕਰਕੇ ਨੌਕਰੀਆਂ ਲੈ ਸਕਦੇ ਹਨ।
ਜ਼ਿਕਰਯੋਗ ਹੈ ਕਿ C PYTE ਇੱਕ ਸਰਕਾਰੀ ਟ੍ਰੇਨਿੰਗ ਦੇਣ ਵਾਲੀ ਸੰਸਥਾ ਹੈ ਜੋਕਿ ਨੌਜਵਾਨਾਂ ਨੂੰ ਪੰਜਾਬ ਪੁਲਿਸ ਅਤੇ ਆਰਮੀ ਦੇ ਵਿੱਚ ਸ਼ਾਮਿਲ ਹੋਣ ਲਈ ਨੌਜਵਾਨਾਂ ਨੂੰ ਟ੍ਰੇਨਿੰਗ ਦਿੰਦੀ ਹੈ ਤਾਂ ਜੋ ਉਹ ਅਸਾਨੀ ਨਾਲ ਪ੍ਰੀਖਿਆਵਾਂ ਨੂੰ ਪਾਸ ਕਰਨ ਸਕਣ।