By Election: ਜ਼ਿਮਨੀ ਚੋਣਾਂ ਦੀ ਜੰਗ, ਡੇਰਾ ਬਾਬਾ ਨਾਨਕ ਵਿੱਚ ਹੋਈ ਝੜਪ, ਓਧਰ ਸਿਆਸੀ ਦਿੱਗਜ਼ਾਂ ਨੇ ਭੁਗਤਾਈ ਵੋਟ
ਪੰਜਾਬ ਵਿੱਚ 4 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ ਹੈ। ਜਿੱਥੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਮੈਦਾਨ ਵਿੱਚ ਨਹੀਂ ਉੱਤਰਿਆ ਹੈ ਤਾਂ ਅਸੀਂ ਸਥਿਤੀ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੀ ਨਜ਼ਰ ਉਸ ਵੋਟ ਬੈਂਕ ਤੇ ਹੈ। ਜੋ ਕਿਸੇ ਵੀ ਉਮੀਦਵਾਰ ਦੀ ਜਿੱਤ ਅਤੇ ਹਾਰ ਦਾ ਕਾਰਨ ਬਣ ਸਕਦਾ ਹੈ।
ਅੱਜ ਆਪਣੇ ਹਲਕੇ ਦਾ ਨੁਮਾਇੰਦਾ ਚੁਣਨ ਲਈ 4 ਹਲਕਿਆਂ ਦੇ ਵੋਟਾਂ ਪਾ ਰਹੇ ਹਨ। ਸਵੇਰੇ ਤੋਂ ਹੀ ਬੜੀ ਤੇਜ਼ੀ ਨਾਲ ਪੋਲਿੰਗ ਹੋ ਰਹੀ ਹੈ। ਹਾਲਾਂਕਿ ਬਾਕੀ ਥਾਵਾਂ ਤੇ ਸਾਂਤੀਪੂਰਵਕ ਵੋਟਿੰਗ ਹੋ ਰਹੀ ਹੈ। ਪਰ ਡੇਰਾ ਬਾਬਾ ਨਾਨਕ ਵਿੱਚ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਝੜਪ ਦੇਖਣ ਨੂੰ ਮਿਲੀ।
ਵੋਟਿੰਗ ਪ੍ਰੀਕ੍ਰਿਆ ਸ਼ੁਰੂ ਹੋਣ ਦੇ ਨਾਲ ਹੀ ਸਿਆਸੀ ਆਗੂਆਂ ਨੇ ਆਪਣੀ ਵੋਟ ਭੁਗਤਾਈ। ਡੇਰਾ ਬਾਬਾ ਨਾਨਕ ਵਿਧਾਨ ਸਭਾ ਸੀਟ ਤੇ ਗੁਰਦਾਸਪੁਰ ਤੋਂ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਅਤੇ ਉਹਨਾਂ ਦੀ ਪਤਨੀ ਤੇ ਕਾਂਗਰਸ ਉਮੀਦਵਾਰ ਜਤਿੰਦਰ ਕੌਰ ਨੇ ਵੀ ਆਪਣੀ ਵੋਟ ਪਾਈ। ਓਧਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਵੀ ਆਪਣੀ ਵੋਟ ਭੁਗਤਾਈ।
ਬਰਨਾਲਾ ਵਿੱਚ ਵੋਟਿੰਗ ਨੇ ਫੜ੍ਹੀ ਰਫ਼ਤਾਰ
ਓਧਰ ਬਰਨਾਲਾ ਵਿੱਚ ਸਾਬਕਾ ਮੰਤਰੀ ਅਤੇ ਸੰਗਰੂਰ ਤੋਂ ਸਾਂਸਦ ਗੁਰਮੀਤ ਸਿੰਘ ਮੀਤ ਹੇਅਰ, ਕਾਂਗਰਸੀ ਉਮੀਦਵਾਰ ਕਾਲਾ ਢਿੱਲੋਂ ਅਤੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਵੀ ਆਪਣੇ ਪਰਿਵਾਰ ਸਮੇਤ ਆਪਣੀ ਵੋਟ ਭੁਗਤਾਈ। ਇਸ ਮੌਕੇ ਸਾਰੇ ਉਮੀਦਵਾਰਾਂ ਨੇ ਆਪਣੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਉਹਨਾਂ ਨੂੰ ਬਰਨਾਲਾ ਦੇ ਲੋਕਾਂ ਦਾ ਭਰਭੂਰ ਸਾਥ ਮਿਲ ਰਿਹਾ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਅਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਨੇ ਵੀ ਪਰਿਵਾਰ ਸਮੇਤ ਵੋਟ ਪਾਈ।
ਬਰਨਾਲਾ ਤੋਂ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਵੋਟ ਪਾਉਣ ਤੋਂ ਪਹਿਲਾਂ ਗਊਸ਼ਾਲਾ ਵਿੱਚ ਜਾਕੇ ਗਾਵਾਂ ਨੂੰ ਚਾਰਾ ਪਾਇਆ। ਇਸ ਤੋਂ ਇਲਾਵਾ ਉਹਨਾਂ ਨੇ ਗੁਰਦੁਆਰੇ ਵੀ ਮੱਥਾ ਟੇਕਿਆ।
ਇਹ ਵੀ ਪੜ੍ਹੋ
ਗਿੱਦੜਵਾਹਾ ਵਿੱਚ ਫ਼ਸਵਾਂ ਮੁਕਾਬਲਾ
ਹਾਈ ਪ੍ਰੋਫਾਇਲ ਸੀਟ ਮੰਨੀ ਜਾ ਰਹੀ ਗਿੱਦੜਵਾਹਾ ਸੀਟ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਆਪਣੀ ਵੋਟ ਭੁਗਤਾਈ। ਇਸ ਤੋਂ ਇਲਾਵਾ ਸਾਬਕਾ ਮੰਤਰੀ ਅਤੇ ਲੁਧਿਆਣਾ ਤੋਂ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਪਤਨੀ ਅਤੇ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਸਮੇਤ ਗੁਰਦਆਰਾ ਸਾਹਿਬ ਵਿਖੇ ਨਤਮਸਤਕ ਹੋਏ।
ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਤੇ ਪਿੰਡਾਂ ਵਿੱਚ ਲੱਗੇ ਪੋਲਿੰਗ ਬੂਥ ਤੇ ਪਹੁੰਚ ਕੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ।
ਹੁਸ਼ਿਆਰਪੁਰ ਤੋਂ ਸਾਂਸਦ ਰਾਜ ਕੁਮਾਰ ਚੱਬੇਵਾਲ ਅਤੇ ਚੱਬੇਵਾਲ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ਼ਾਂਕ ਚੱਬੇਵਾਲ ਨੇ ਆਪਣੀ ਵੋਟ ਭੁਗਤਾਈ। ਇਸ ਤੋਂ ਇਲਾਵਾ ਭਾਜਪਾ ਉਮੀਦਵਾਰ ਅਤੇ ਸਾਬਕਾ ਮੰਤਰੀ ਸੋਹਨ ਸਿੰਘ ਠੰਡਲ ਨੇ ਵੀ ਆਪਣੀ ਵੋਟ ਪਾਈ।