ਲੁਧਿਆਣਾ ਦੀ 2 ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, ਘਰ ‘ਚ ਚੱਲ ਰਹੀ ਸੀ ਉੱਨ ਦੀ ਫੈਕਟਰੀ
ਵਾਟਰ ਕੈਨਨ ਦੀ ਲਗਾਤਾਰ ਵਰਤੋਂ ਕੀਤੀ ਗਈ ਜਿਸ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਪਤਾ ਲੱਗਾ ਹੈ ਕਿ ਘਰ ਵਿਚ ਫੈਕਟਰੀ ਖੋਲ੍ਹੀ ਗਈ ਸੀ, ਇਸ ਲਈ ਜੋ ਵੀ ਵਿਭਾਗੀ ਕਾਰਵਾਈ ਦੀ ਲੋੜ ਹੋਵੇਗੀ ਉਹ ਕੀਤੀ ਜਾਵੇਗੀ।
ਲੁਧਿਆਣਾ ਵਿੱਚ ਅੱਜ ਬਸੰਤ ਵਿਹਾਰ, ਨੂਰਵਾਲਾ ਰੋਡ ਸਥਿਤ ਇੱਕ ਘਰ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਪਰਿਵਾਰਕ ਮੈਂਬਰ ਬਾਹਰ ਆ ਗਏ। ਘਰ ਵਿਚ ਊਨੀ ਕੱਪੜਿਆਂ ਦੀ ਫੈਕਟਰੀ ਖੋਲੀ ਗਈ ਸੀ। ਪਤਾ ਲੱਗਾ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ।
ਲੋਕਾਂ ਨੇ ਖੁਦ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਵਧਦੀ ਦੇਖ ਕੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਅੱਗ ਦੀਆਂ ਲਪਟਾਂ ਦੂਰੋਂ ਦਿਖਾਈ ਦੇ ਰਹੀਆਂ ਸਨ। ਘਰ ਦੀ ਪਹਿਲੀ ਮੰਜ਼ਿਲ ਬੁਰੀ ਤਰ੍ਹਾਂ ਨੁਕਸਾਨੀ ਗਈ। ਘਰ ‘ਚ ਰੱਖਿਆ ਊਨੀ ਦਾ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਰੀਬ 2 ਘੰਟੇ ਦੀ ਮੁਸ਼ੱਕਤ ਕੀਤੀ ਹੈ ਜਿਸ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ ਹੈ।
ਅੱਗ ਬੁਝਾਊ ਵਿਭਾਗ ਦੇ ਏਡੀਐਫਓ ਮਨਿੰਦਰ ਸਿੰਘ ਨੇ ਦੱਸਿਆ ਕਿ ਅੱਗ ਬਹੁਤ ਵੱਡੀ ਸੀ। ਪਹਿਲੀ ਮੰਜ਼ਿਲ ‘ਤੇ ਅੱਗ ਦੀਆਂ ਲਪਟਾਂ ਇੰਨੀਆਂ ਉੱਚੀਆਂ ਸਨ ਕਿ ਇਸ ‘ਤੇ ਕਾਬੂ ਪਾਉਣਾ ਮੁਸ਼ਕਲ ਸੀ। ਫੈਕਟਰੀ ਵਿੱਚ ਉੱਨੀ ਸਾਮਾਨ ਪਿਆ ਸੀ ਜਿਸ ਕਾਰਨ ਅੱਗ ਹੋਰ ਫੈਲ ਗਈ। ਫਾਇਰ ਬ੍ਰਿਗੇਡ ਦੀਆਂ 4 ਤੋਂ 5 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ।
ਵਾਟਰ ਕੈਨਨ ਦੀ ਲਗਾਤਾਰ ਵਰਤੋਂ ਕੀਤੀ ਗਈ ਜਿਸ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਪਤਾ ਲੱਗਾ ਹੈ ਕਿ ਘਰ ਵਿਚ ਫੈਕਟਰੀ ਖੋਲ੍ਹੀ ਗਈ ਸੀ, ਇਸ ਲਈ ਜੋ ਵੀ ਵਿਭਾਗੀ ਕਾਰਵਾਈ ਦੀ ਲੋੜ ਹੋਵੇਗੀ ਉਹ ਕੀਤੀ ਜਾਵੇਗੀ।