ਨਿਗਮ ਚੋਣਾਂ- ਇੱਕ ਉਮੀਦਵਾਰ, 2 ਪਾਰਟੀਆਂ ਨੇ ਦਿੱਤੀ ਟਿਕਟ, ਪਤਾ ਨਹੀਂ ਹੁਣ ਕਿੱਥੋਂ ਲੜੂ ?
ਪੰਜਾਬ ਦੀਆਂ 4 ਨਗਰ ਨਿਗਮ ਲਈ 21 ਦਸੰਬਰ ਨੂੰ ਵੋਟਿੰਗ ਹੋਣ ਜਾ ਰਹੀ ਹੈ। ਜਿਸ ਦੇ ਲਈ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਹੈ। ਕਈ ਥਾਵਾਂ ਤੇ ਵੱਖ ਵੱਖ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਪਰ ਕਈ ਥਾਂ ਅਜੇ ਵੀ ਉਮੀਦਵਾਰ ਪਾਰਟੀ ਦੇ ਫੈਸਲਿਆਂ ਦੀ ਉਡੀਕ ਕਰਦੇ ਦਿਖਾਈ ਦੇ ਰਹੇ ਹਨ। ਪਰ ਜਲੰਧਰ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ।
ਨਿਗਮ ਚੋਣਾਂ ਨੂੰ ਲੈਕੇ ਸਾਰੀਆ ਹੀ ਸਿਆਸੀ ਪਾਰਟੀਆਂ ਦੀਆਂ ਧੜਕਣਾਂ ਵਧੀਆਂ ਹੋਈਆਂ ਹਨ। ਅੱਜ ਜਿੱਥੇ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਹੈ ਤਾਂ ਉੱਥੇ ਹੀ ਜਲੰਧਰ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਅਕਤੀ ਨੂੰ 2 ਸਿਆਸੀ ਪਾਰਟੀਆਂ ਨੇ ਆਪਣਾ ਉਮੀਦਵਾਰ ਐਲਾਨਿਆ ਹੈ। ਜਿਸ ਤੋਂ ਬਾਅਦ ਸਵਾਲ ਖੜ੍ਹਾ ਹੋ ਗਿਆ ਹੈ ਕਿ ਉਮੀਦਵਾਰ ਆਖਿਰ ਕਿਸ ਪਾਰਟੀ ਨਾਲ ਜਾਕੇ ਆਪਣੀ ਨਾਮਜ਼ਦਗੀ ਦਾਖਿਲ ਕਰੇਗਾ।
ਜਿਸ ਲੀਡਰ ਨੂੰ 2 ਸਿਆਸੀ ਪਾਰਟੀਆਂ ਨੇ ਆਪਣਾ ਉਮੀਦਵਾਰ ਬਣਾਇਆ ਹੈ। ਉਸ ਦਾ ਨਾਮ ਨੀਰਜ ਜੱਸਲ ਹੈ। ਨੀਰਜ਼ ਨੂੰ ਪੰਜਾਬ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਨੇ ਵਾਰਡ ਨੰਬਰ 82 ਤੋਂ ਜਦੋਂਕਿ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਵਾਰਡ ਨੂੰ 84 ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਇਸ ਤੋਂ ਪਹਿਲਾਂ ਨੀਰਜ ਭਾਰਤੀ ਜਨਤਾ ਪਾਰਟੀ ਨਾਲ ਕੰਮ ਕਰ ਚੁੱਕੇ ਹਨ। ਉਹ ਭਾਰਤੀ ਜਨਤਾ ਯੁਵਾ ਮੋਰਚਾ ਦੇ ਲੀਡਰ ਸਨ।
ਕਾਂਗਰਸ ਵੱਲੋਂ ਚੋਣ ਲੜੇਗਾ ਨੀਰਜ- ਬੇਰੀ
ਜਦੋਂ ਟੀਵੀ9 ਦੀ ਟੀਮ ਵੱਲੋਂ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਜਿੰਦਰ ਬੇਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਕੋਈ ਉਮੀਦਵਾਰ ਨਹੀਂ ਮਿਲਿਆ ਹੋਣਾ ਇਸ ਕਰਕੇ ਨੀਰਜ ਜੱਸਲ ਦਾ ਨਾਮ ਲਿਸਟ ਵਿੱਚ ਪਾ ਦਿੱਤਾ। ਬੇਰੀ ਨੇ ਦਾਅਵਾ ਕੀਤਾ ਕਿ ਨੀਰਜ ਜੱਸਲ ਕਾਂਗਰਸ ਪਾਰਟੀ ਦੀ ਟਿਕਟ ਉਪਰ ਹੀ ਨਗਰ ਨਿਗਮ ਦੀ ਚੋਣ ਲੜੇਗਾ।
ਨੀਰਜ ਨੇ ਕੀਤਾ ਸੀ ਅਪਲਾਈ-ਰਮਨ ਅਰੋੜਾ
ਰਮਨ ਅਰੋੜਾ ਨੇ ਕਿਹਾ ਕਿ ਨੀਰਜ ਜੱਸਲ ਇੱਕ ਸਰੀਫ ਬੰਦਾ ਹੈ, ਹੁਣ ਲੱਗਦਾ ਹੈ ਕਿ ਉਹਨਾਂ ਤੇ ਕੋਈ ਦਬਾਅ ਪੈ ਗਿਆ ਹੈ। ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ। ਜਿਸ ਤੋਂ ਬਾਅਦ ਉਹਨਾਂ ਨੇ ਟਿਕਟ ਲਈ ਅਪਲਾਈ ਕੀਤਾ ਸੀ। ਪਾਰਟੀ ਨੇ ਉਹਨਾਂ ਦੀ ਅਰਜੀ ਤੇ ਵਿਚਾਰ ਕਰਕੇ ਚੋਣ ਲੜਣ ਲਈ ਟਿਕਟ ਦੇ ਦਿੱਤੀ। ਰਮਨ ਅਰੋੜਾ ਨੇ ਕਿਹਾ ਕਿ ਹੁਣ ਲੱਗਦਾ ਉਹਨਾਂ ਤੇ ਕੋਈ ਦਬਾਅ ਪੈ ਗਿਆ ਹੈ। ਹੁਣ ਇਹ ਉਹਨਾਂ ਦਾ ਨਿੱਜੀ ਫੈਸਲਾ ਹੈ ਕਿ ਉਹ ਕਿਸ ਪਾਰਟੀ ਦੀ ਟਿਕਟ ਤੇ ਚੋਣ ਲੜਦੇ ਹਨ।