ਸੁਖਬੀਰ ਬਾਦਲ ਦੀ ਧਾਰਮਿਕ ਸਜ਼ਾ ਦਾ ਆਖਰੀ ਦਿਨ, ਜਾਣੋਂ ਇਸ ਤੋਂ ਬਾਅਦ ਕੀ ਕਰਨਗੇ ਬਾਦਲ ?
ਤਨਖਾਹੀਆ ਕਰਾਰ ਦਿੱਤੇ ਜਾਣ ਮਗਰੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 5 ਸਿੰਘ ਸਾਹਿਬਾਨਾਂ ਨੇ ਤਨਖਾਹ (ਧਾਰਮਿਕ ਸਜ਼ਾ) ਲਗਾਈ ਸੀ। ਜੋ ਅੱਜ ਪੂਰੀ ਹੋਣ ਜਾ ਰਹੀ ਹੈ। ਸੁਖਬੀਰ ਸਿੰਘ ਬਾਦਲ ਅੱਜ 40 ਮੁਕਤਿਆਂ ਦੀ ਪਵਿੱਤਰ ਧਰਤੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਸੇਵਾ ਕਰਨਗੇ। ਜਾਣੋਂ ਇਸ ਤੋਂ ਬਾਅਦ ਉਹਨਾਂ ਨੂੰ ਹੋਰ ਕੀ ਕੀ ਕਰਨਾ ਪਵੇਗਾ।
ਸਾਲ 2007 ਤੋਂ 2017 ਤੱਕ ਪੰਜਾਬ ਵਿੱਚ ਰਹੀ ਅਕਾਲੀ ਸਰਕਾਰ ਸਮੇਂ ਹੋਈਆਂ ਗਲਤੀਆਂ ਦੇ ਮਾਮਲੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲਗਾਈ ਤਨਖਾਹ (ਧਾਰਮਿਕ ਸਜ਼ਾ) ਅੱਜ ਪੂਰੀ ਹੋਣ ਜਾ ਰਹੀ ਹੈ। 40 ਮੁਕਤਿਆਂ ਦੀ ਪਵਿੱਤਰ ਧਰਤੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਸੇਵਾ ਕਰਨਗੇ। ਸੁਖਬੀਰ ਬਾਦਲ ਬਾਕੀ ਦਿਨਾਂ ਵਾਂਗ ਗੁਰੂ ਘਰ ਅੱਗੇ ਸੇਵਾਦਾਰ ਵਜੋਂ ਸੇਵਾ ਨਿਭਾਉਣਗੇ। ਉਸ ਤੋਂ ਬਾਅਦ ਉਹ ਜੂਠੇ ਬਰਤਨਾਂ ਦੀ ਸੇਵਾ ਕਰਨ ਤੋਂ ਬਾਅਦ ਪਾਵਨ ਪਵਿੱਤਰ ਬਾਣੀ ਦਾ ਕੀਰਤਨ ਸਰਵਣ ਕਰਨਗੇ।
ਜੱਥੇਦਾਰ ਨੇ ਤਨਖਾਹ ਲਗਾਉਂਦਿਆਂ ਉਹਨਾਂ ਨੂੰ 5 ਗੁਰੂਘਰਾਂ ਵਿੱਚ ਸੇਵਾ ਕਰਨ ਦਾ ਹੁਕਮ ਜਾਰੀ ਕੀਤਾ ਸੀ। ਜਿਨ੍ਹਾਂ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ, ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ਼੍ਰੀ ਦਮਦਮਾ ਸਾਹਿਬ, ਸ਼੍ਰੀ ਮੁਕਤਸਰ ਸਾਹਿਬ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸੇਵਾ ਲਗਾਈ ਗਈ ਸੀ। ਜਿਸ ਨੂੰ ਸੁਖਬੀਰ ਸਿੰਘ ਬਾਦਲ ਅੱਜ ਪੂਰਾ ਕਰ ਲੈਣਗੇ। ਸਜ਼ਾ ਮੁਤਾਬਕ ਇੱਕ ਘੰਟਾਂ ਸੁਖਬੀਰ ਬਾਦਲ ਜੌੜੇ ਸਾਫ਼ ਕਰਨ ਜਾਂ ਜੂਠੇ ਬਰਤਨ ਸਾਫ ਕਰਨ ਦੀ ਸੇਵਾ ਕਰਨਗੇ। ਜਦੋਂ ਕਿ ਇੱਕ ਘੰਟਾ ਉਹ ਗੁਰਬਾਣੀ ਦਾ ਕੀਰਤਨ ਕਰਨਗੇ।
ਅੱਗੇ ਕੀ ਕਰਨਗੇ ਸੁਖਬੀਰ ?
ਤਨਖਾਹ ਪੂਰੀ ਹੋਣ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਸੁਖਬੀਰ ਸਿੰਘ ਬਾਦਲ ਕੜਾਹ ਪ੍ਰਸ਼ਾਦਿ ਤਿਆਰ ਕਰਵਾਕੇ ਨਿਮਾਣੇ ਸਿੱਖ ਵਾਂਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਭੁੱਲ ਬਖਸਾਉਣ ਲਈ ਅਰਦਾਸ ਕਰਵਾਉਣਗੇ। ਇਸ ਤੋਂ ਬਾਅਦ ਹੀ ਸੁਖਬੀਰ ਸਿੰਘ ਬਾਦਲ ਦੀ ਸਜ਼ਾ ਨੂੰ ਪੂਰਾ ਮੰਨਿਆ ਜਾਵੇਗਾ।
4 ਦਸੰਬਰ ਹੋਈ ਸੀ ਹਮਲੇ ਦੀ ਕੋਸ਼ਿਸ਼
ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾ ਕਰਨ ਸਮੇਂ ਸੁਖਬੀਰ ਸਿੰਘ ਬਾਦਲ ਤੇ ਹਮਲੇ ਦੀ ਕੋਸ਼ਿਸ ਹੋਈ ਸੀ। ਮੌਕੇ ਤੇ ਮੌਜੂਦ ਲੋਕਾਂ ਦੇ ਦਾਅਵੇ ਅਨੁਸਾਰ ਹਮਲਾਵਰ ਨਰਾਇਣ ਸਿੰਘ ਚੌੜਾ ਨੇ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਦੀ ਕੋਸ਼ਿਸ ਕੀਤੀ ਸੀ। ਹਾਲਾਂਕਿ ਮੌਕੇ ਤੇ ਮੌਜੂਦ ਸੇਵਾਦਾਰਾਂ ਵੱਲੋਂ ਹਮਲਾਵਰ ਨੂੰ ਕਾਬੂ ਕਰ ਲਿਆ ਗਿਆ ਸੀ। ਪਰ ਅਜੇ ਵੀ ਮਾਮਲੇ ਵਿੱਚ ਪੁਲਿਸ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਤਕਰਾਰ ਚੱਲ ਰਹੀ ਹੈ। ਜਿੱਥੇ ਪੰਜਾਬ ਪੁਲਿਸ ਦਾ ਇਲਜ਼ਾਮ ਹੈ ਕਿ ਸ਼੍ਰੋਮਣੀ ਕਮੇਟੀ ਮਾਮਲੇ ਵਿੱਚ ਸਹਿਯੋਗ ਨਹੀਂ ਕਰ ਰਹੀ ਤਾਂ ਉੱਥੇ ਹੀ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਪੁਲਿਸ ਨਾਲ ਪੂਰਾ ਸਹਿਯੋਗ ਕਰ ਸਕਦੀ ਹੈ।