ਪੰਜਾਬ ‘ਚ ਵਿਕਣ ਵਾਲਾ ਦੁੱਧ ਹੈ ਖ਼ਤਰਨਾਕ, ਰਿਪੋਰਟ ‘ਚ ਹੋਏ ਵੱਡੇ ਖੁਲਾਸੇ

Updated On: 

07 Apr 2025 02:23 AM

Milk Report: ਪਿਛਲੇ 4 ਸਾਲਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਮਿਲਾਵਟ ਵਧ ਰਹੀ ਹੈ, ਪਰ ਵਿਭਾਗ ਵੱਲੋਂ ਸੈਂਪਲਿੰਗ ਵੀ ਘੱਟ ਰਹੀ ਹੈ। ਇਹ ਸਾਫ਼ ਹੈ ਕਿ ਜੇਕਰ ਪਿਛਲੇ ਕੁਝ ਸਾਲਾਂ 'ਚ ਹੋਰ ਨਮੂਨੇ ਲਏ ਗਏ ਹੁੰਦੇ ਤਾਂ ਮਿਲਾਵਟ ਦੇ ਕੁਝ ਹੋਰ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆ ਸਕਦੇ ਸਨ।

ਪੰਜਾਬ ਚ ਵਿਕਣ ਵਾਲਾ ਦੁੱਧ ਹੈ ਖ਼ਤਰਨਾਕ, ਰਿਪੋਰਟ ਚ ਹੋਏ ਵੱਡੇ ਖੁਲਾਸੇ

ਦੁੱਧ (Image Credit source: alvarez/Getty Images)

Follow Us On

Milk Report: ਪੰਜਾਬ ਵਿੱਚ ਪਿਛਲੇ ਇੱਕ ਸਾਲ ਵਿੱਚ ਦੁੱਧ, ਦੁੱਧ ਤੋਂ ਬਣੇ ਪਦਾਰਥਾਂ, ਮਠਿਆਈਆਂ, ਤੇਲ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ 7 ਪ੍ਰਤੀਸ਼ਤ ਵਧੀ ਹੈ। 2024-25 ਵਿੱਚ, ਰਾਜ ਵਿੱਚ 22 ਪ੍ਰਤੀਸ਼ਤ ਭੋਜਨ ਨਮੂਨੇ ਫੇਲ੍ਹ ਪਾਏ ਗਏ, ਜਦੋਂ ਕਿ 2023-24 ਵਿੱਚ, 15 ਪ੍ਰਤੀਸ਼ਤ ਨਮੂਨੇ ਫੇਲ੍ਹ ਹੋਏ ਸਨ। ਖਾਣ-ਪੀਣ ਦੀਆਂ ਵਸਤਾਂ ਵਿੱਚ ਖ਼ਤਰਨਾਕ ਮਿਲਾਵਟ ਕੈਂਸਰ, ਜਿਗਰ ਤੇ ਗੁਰਦੇ ਨਾਲ ਸਬੰਧਤ ਬਿਮਾਰੀਆਂ ਤੋਂ ਇਲਾਵਾ ਦਸਤ, ਐਲਰਜੀ, ਮਤਲੀ ਤੇ ਸ਼ੂਗਰ ਨੂੰ ਜਨਮ ਦੇ ਰਹੀ ਹੈ। ਇਹ ਖੁਲਾਸਾ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਦੀ ਰਿਪੋਰਟ ਵਿੱਚ ਹੋਇਆ ਹੈ।

ਰਿਪੋਰਟ ਅਨੁਸਾਰ, ਸਾਲ 2023-24 ਵਿੱਚ 6041 ਨਮੂਨੇ ਲਏ ਗਏ ਸਨ, ਜਿਨ੍ਹਾਂ ਵਿੱਚੋਂ 929 ਨਮੂਨੇ ਫੇਲ੍ਹ ਹੋਏ। ਇਹ ਕੁੱਲ ਨਮੂਨਿਆਂ ਦਾ 15.38% ਸੀ। ਇਸ ਕਾਰਨ ਇੱਕ ਯੂਨਿਟ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ। ਜੇਕਰ 2022-23 ਦੀ ਗੱਲ ਕਰੀਏ ਤਾਂ 8179 ਖਾਣ-ਪੀਣ ਦੀਆਂ ਵਸਤਾਂ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ ਵਿੱਚੋਂ 1724 ਨਮੂਨੇ ਫੇਲ੍ਹ ਹੋਏ ਯਾਨੀ ਕਿ 21.08 ਪ੍ਰਤੀਸ਼ਤ ਸਨ, ਜਦੋਂ ਕਿ 2021-22 ਵਿੱਚ, 6768 ਭੋਜਨ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ ਵਿੱਚੋਂ 1059 ਨਮੂਨੇ ਨਿਰਧਾਰਤ ਮਾਪਦੰਡਾਂ ‘ਤੇ ਖਰੇ ਨਹੀਂ ਉਤਰੇ। ਇਹ ਕੁੱਲ ਨਮੂਨਿਆਂ ਦਾ 15.65% ਸੀ। ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰਤਾਪਰਾਓ ਜਾਧਵ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਇਹ ਸਬੰਧਤ ਰਿਪੋਰਟ ਪੇਸ਼ ਕੀਤੀ ਹੈ।

ਜੇਕਰ ਅਸੀਂ ਪਿਛਲੇ 4 ਸਾਲਾਂ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਮਿਲਾਵਟ ਵਧ ਰਹੀ ਹੈ, ਪਰ ਵਿਭਾਗ ਵੱਲੋਂ ਸੈਂਪਲਿੰਗ ਵੀ ਘੱਟ ਰਹੀ ਹੈ। ਇਹ ਸਾਫ਼ ਹੈ ਕਿ ਜੇਕਰ ਪਿਛਲੇ ਕੁਝ ਸਾਲਾਂ ‘ਚ ਹੋਰ ਨਮੂਨੇ ਲਏ ਗਏ ਹੁੰਦੇ ਤਾਂ ਮਿਲਾਵਟ ਦੇ ਕੁਝ ਹੋਰ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆ ਸਕਦੇ ਸਨ।

ਮਿਲਾਵਟੀ ਭੋਜਨਾਂ ਵਿੱਚ ਮੌਜੂਦ ਰਸਾਇਣ, ਜਿਵੇਂ ਕਿ ਸੀਸਾ ਅਤੇ ਆਰਸੈਨਿਕ, ਕੈਂਸਰ ਦਾ ਕਾਰਨ ਬਣ ਸਕਦੇ ਹਨ। ਇਸੇ ਤਰ੍ਹਾਂ, ਇਹ ਰਸਾਇਣ ਗੁਰਦਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਨ੍ਹਾਂ ਦੇ ਸੇਵਨ ਨਾਲ ਦਿਲ ਅਤੇ ਹੋਰ ਅੰਗਾਂ ਦੇ ਵਿਕਾਰ ਅਤੇ ਅਸਫਲਤਾ ਵੀ ਹੋ ਸਕਦੀ ਹੈ।

FSSAI ਖੇਤਰੀ ਦਫਤਰਾਂ ਤੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਰਾਹੀਂ ਭੋਜਨ ਮਿਲਾਵਟ ਦਾ ਪਤਾ ਲਗਾਉਣ ਲਈ ਭੋਜਨ ਉਤਪਾਦਾਂ ਦੀ ਨਿਯਮਤ ਨਿਗਰਾਨੀ, ਨਿਰੀਖਣ ਅਤੇ ਨਮੂਨਾ ਲੈਂਦਾ ਹੈ। ਅਥਾਰਟੀ ਵੱਲੋਂ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਐਕਟ ਤਹਿਤ ਕਾਰਵਾਈ ਕੀਤੀ ਜਾਂਦੀ ਹੈ, ਜਿਸ ਵਿੱਚ ਜੁਰਮਾਨਾ ਲਗਾਉਣਾ ਅਤੇ ਲਾਇਸੈਂਸ ਰੱਦ ਕਰਨਾ ਸ਼ਾਮਲ ਹੈ।

ਮਿਲਾਵਟੀ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਲਗਾਤਾਰ ਸੇਵਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਦਸਤ, ਐਲਰਜੀ ਅਤੇ ਸ਼ੂਗਰ ਤੋਂ ਇਲਾਵਾ, ਇਹ ਕੈਂਸਰ, ਜਿਗਰ ਅਤੇ ਗੁਰਦੇ ਦੇ ਨੁਕਸਾਨ ਦਾ ਖ਼ਤਰਾ ਵਧਾਉਂਦਾ ਹੈ। ਇਸ ਨਾਲ ਗਰਭਵਤੀ ਔਰਤਾਂ ਵਿੱਚ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ ਅਤੇ ਬੱਚਿਆਂ ਦੇ ਵਿਕਾਸ ਨੂੰ ਵੀ ਰੋਕਿਆ ਜਾ ਸਕਦਾ ਹੈ।