Good News: ਹੁਣ ਪੰਜਾਬੀ ਵਿੱਚ ਹੋਵੇਗੀ ਇੰਜਨੀਅਰਿੰਗ ਦੀ ਪੜ੍ਹਾਈ, GNDU ਨੇ 50 ਹਜ਼ਾਰ ਸ਼ਬਦਾਂ ਦਾ ਕੀਤਾ ਅਨੁਵਾਦ
GNDU ਦੇ ਸਕੂਲ ਆਫ਼ ਪੰਜਾਬੀ ਸਟੱਡੀਜ਼ ਦੁਆਰਾ ਹਾਲ ਹੀ ਵਿੱਚ ਤਿੰਨ ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ ਸੀ। ਇਸ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਜੀਐਨਡੀਯੂ ਨੇ ਪੰਜਾਬੀ ਵਿੱਚ ਸ਼ਬਦਾਂ ਦਾ ਅਨੁਵਾਦ ਕਰਕੇ ਭਾਰਤ ਸਰਕਾਰ ਦੇ ਕਮਿਸ਼ਨ ਨੂੰ ਸੌਂਪ ਦਿੱਤਾ ਹੈ। ਹੁਣ ਇਸ ਨੂੰ ਕਿਤਾਬਾਂ ਵਿੱਚ ਤਬਦੀਲ ਕਰਨ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ।
ਪੰਜਾਬ ਦੇ ਵਿਦਿਆਰਥੀ ਹੁਣ ਮਾਂ ਬੋਲੀ ਪੰਜਾਬੀ ਵਿੱਚ ਵੀ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਸਕਣਗੇ। ਇਸ ਦੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐਨ.ਡੀ.ਯੂ.), ਅੰਮਿ੍ਤਸਰ ਨੇ ਵਿਗਿਆਨ ਅਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ, ਨਵੀਂ ਦਿੱਲੀ ਦੇ ਸਹਿਯੋਗ ਨਾਲ ਇੰਜੀਨੀਅਰਿੰਗ ਵਿਸ਼ਿਆਂ ਦੇ ਤਕਨੀਕੀ ਸ਼ਬਦਾਂ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਹੈ ਤਾਂ ਜੋ ਅੰਗਰੇਜ਼ੀ ਦੇ ਨਾਲ-ਨਾਲ ਵਿਦਿਆਰਥੀ ਇਨ੍ਹਾਂ ਦੇ ਪੰਜਾਬੀ ਵਿੱਚ ਅਰਥ ਸਮਝ ਸਕਣ ।
ਹਾਲਾਂਕਿ, ਇਹ ਵਿਦਿਆਰਥੀ ਦੀ ਪਸੰਦ ‘ਤੇ ਵੀ ਨਿਰਭਰ ਕਰੇਗਾ ਕਿ ਉਸ ਨੇ ਕਿਹੜੀ ਭਾਸ਼ਾ ਪੜ੍ਹਣੀ ਹੈ। ਸਕੂਲ ਆਫ਼ ਪੰਜਾਬੀ ਸਟੱਡੀਜ਼ ਦੇ ਮੁਖੀ ਡਾ: ਮਨਜਿੰਦਰ ਸਿੰਘ ਨੇ ਕਿਹਾ ਕਿ ਵਿਗਿਆਨ ਵਰਗੇ ਵਿਸ਼ਿਆਂ ਨੂੰ ਪੰਜਾਬੀ ਵਿੱਚ ਪੜ੍ਹਾਉਣ ਦੀ ਕੋਸ਼ਿਸ਼ ਵਿੱਚ ਇਨ੍ਹਾਂ ਸ਼ਬਦਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ ਹੈ, ਕਿਉਂਕਿ ਕੋਈ ਵੀ ਵਿਸ਼ਾ ਆਪਣੀ ਭਾਸ਼ਾ ਵਿੱਚ ਹੀ ਸਮਝਿਆ ਜਾ ਸਕਦਾ ਹੈ। ਇਸ ਦੀਆਂ ਉਦਾਹਰਣਾਂ ਦੁਨੀਆਂ ਦੇ ਕਈ ਦੇਸ਼ਾਂ ਜਿਵੇਂ ਜਾਪਾਨ, ਚੀਨ, ਰੂਸ ਅਤੇ ਫਰਾਂਸ ਆਦਿ ਵਿੱਚ ਮਿਲਦੀਆਂ ਹਨ। ਇਹ ਸਾਰੇ ਦੇਸ਼ ਆਪਣੀ ਭਾਸ਼ਾ ਵਿੱਚ ਸਿੱਖਿਆ ਪ੍ਰਦਾਨ ਕਰਦੇ ਹਨ।
ਉਨ੍ਹਾਂ ਕਿਹਾ ਕਿ ਇਸ ਵਰਕਸ਼ਾਪ ਰਾਹੀਂ ਅਸੀਂ ਪਹਿਲੀ ਵਾਰ ਵਿਗਿਆਨ ਵਰਗੇ ਵਿਸ਼ੇ ਅੰਗਰੇਜ਼ੀ ਦੀ ਥਾਂ ਪੰਜਾਬੀ ਵਿੱਚ ਪੜ੍ਹਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਿਉਂਕਿ ਵਿਦਿਆਰਥੀਆਂ ਨੂੰ ਆਪਣੀ ਮਾਤ ਭਾਸ਼ਾ ਵਿੱਚ ਵਧੀਆ ਸਿੱਖਿਆ ਦਿੱਤੀ ਜਾ ਸਕਦੀ ਹੈ। ਜੇਕਰ ਕਿਸੇ ਵੀ ਤਰ੍ਹਾਂ ਦਾ ਗਿਆਨ ਮਾਤ ਭਾਸ਼ਾ ਵਿੱਚ ਸਮਝਾਇਆ ਜਾਵੇ ਤਾਂ ਉਸ ਨੂੰ ਸਹਿਜੇ ਹੀ ਗ੍ਰਹਿਣ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ 50 ਹਜ਼ਾਰ ਤਕਨੀਕੀ ਸ਼ਬਦਾਂ ਦਾ ਅਨੁਵਾਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਸ਼ੁਭਕਰਨ ਦੀ ਮੌਤ ਦਾ ਮਾਮਲਾ: ਫੋਰੈਂਸਿਕ ਰਿਪੋਰਟ ਚ ਵੱਡੇ ਖੁਲਾਸੇ ਤੋਂ ਹਰ ਕੋਈ ਹੈਰਾਨ ਹਾਈਕੋਰਟ ਨੇ ਪ੍ਰਗਟਾਇਆ ਸ਼ੱਕ
ਪ੍ਰਵੇਸ਼ ਪ੍ਰੀਖਿਆ ਨਾਲ ਸ਼ੁਰੂ ਹੋਵੇਗੀ
ਡਾ: ਮਨਜਿੰਦਰ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਇੱਕ-ਦੋ ਸਾਲਾਂ ਵਿੱਚ ਪੰਜਾਬੀ ਵਿੱਚ ਪੜ੍ਹਾਈ ਸ਼ੁਰੂ ਹੋ ਜਾਵੇਗੀ। ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਲਈ ਵਿਕਲਪ ਹੋਣਗੇ। ਉਨ੍ਹਾਂ ਕਿਹਾ ਕਿ ਪਹਿਲੀ ਕੋਸ਼ਿਸ਼ ਹੈ ਕਿ ਇੰਜਨੀਅਰਿੰਗ ਦੀ ਦਾਖ਼ਲਾ ਪ੍ਰੀਖਿਆ ਪੰਜਾਬੀ ਵਿੱਚ ਸ਼ੁਰੂ ਕੀਤੀ ਜਾਵੇ ਤਾਂ ਜੋ ਦਾਖ਼ਲਾ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ