ਬਜਰੰਗ-ਵਿਨੇਸ਼ ਦੀ ਰਾਹਲੁ ਨਾਲ ਮੁਲਾਕਾਤ, ਹਰਿਆਣਾ ਚੋਣ ਲੜ ਸਕਦੇ ਹਨ ਪੂਨੀਆ

Updated On: 

04 Sep 2024 12:42 PM

Bajrang Punia & Vinesh Phogat: ਹਰਿਆਣਾ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਸ਼ਾਮਲ ਹੋਣ ਦੀਆਂ ਅਫਵਾਹਾਂ ਵਿਚਾਲੇ ਪਹਿਲਵਾਨ ਵਿਨੇਸ਼ ਫੋਗਾਟ ਨੇ ਬੁੱਧਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਉੱਧਰ, ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਬਜਰੰਗ ਪੂਨੀਆ ਨੇ ਵੀ ਵਿਰੋਧੀ ਧਿਰ ਦੇ ਨੇਤਾ ਨਾਲ ਮੁਲਾਕਾਤ ਕੀਤੀ।

ਬਜਰੰਗ-ਵਿਨੇਸ਼ ਦੀ ਰਾਹਲੁ ਨਾਲ ਮੁਲਾਕਾਤ, ਹਰਿਆਣਾ ਚੋਣ ਲੜ ਸਕਦੇ ਹਨ ਪੂਨੀਆ

ਬਜਰੰਗ-ਵਿਨੇਸ਼ ਦੀ ਰਾਹਲੁ ਨਾਲ ਮੁਲਾਕਾਤ

Follow Us On

ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਅਫਵਾਹਾਂ ਵਿਚਾਲੇ ਪਹਿਲਵਾਨ ਵਿਨੇਸ਼ ਫੋਗਾਟ ਨੇ ਬੁੱਧਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਉੱਧਰ, ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਬਜਰੰਗ ਪੂਨੀਆ ਨੇ ਵੀ ਵਿਰੋਧੀ ਧਿਰ ਦੇ ਨੇਤਾ ਨਾਲ ਮੁਲਾਕਾਤ ਕੀਤੀ। ਕਾਂਗਰਸ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਹ ਕੇਂਦਰੀ ਚੋਣ ਕਮੇਟੀ ਦੀ ਬੈਠਕ ਤੋਂ ਬਾਅਦ ਫੋਗਾਟ ਨੂੰ ਲੈ ਕੇ ਸਥਿਤੀ ਸਪੱਸ਼ਟ ਕਰੇਗੀ।

ਰਾਹੁਲ ਗਾਂਧੀ ਨੇ ਅੱਜ ਸਵੇਰੇ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨਾਲ ਕਰੀਬ 15 ਮਿੰਟ ਤੱਕ ਮੁਲਾਕਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਬਜਰੰਗ ਪੂਨੀਆ ਕਾਂਗਰਸ ਦੀ ਟਿਕਟ ‘ਤੇ ਹਰਿਆਣਾ ਵਿਧਾਨ ਸਭਾ ਚੋਣ ਲੜ ਸਕਦੇ ਹਨ। ਰਾਹੁਲ ਗਾਂਧੀ ਨੂੰ ਮਿਲਣ ਤੋਂ ਬਾਅਦ ਵਿਨੇਸ਼ ਅਤੇ ਪੂਨੀਆ ਦੋਵੇਂ ਕਾਂਗਰਸ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਦੇ ਘਰ ਪਹੁੰਚੇ।

ਇਸ ਤੋਂ ਪਹਿਲਾਂ ਪੈਰਿਸ ਓਲੰਪਿਕ ਤੋਂ ਪਰਤਣ ਤੋਂ ਬਾਅਦ ਵਿਨੇਸ਼ ਨੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਨਾਲ ਮੁਲਾਕਾਤ ਕੀਤੀ ਸੀ। ਹੁੱਡਾ ਨੇ ਕਿਹਾ ਸੀ ਕਿ ਕਾਂਗਰਸ ਉਨ੍ਹਾਂ ਸਾਰਿਆਂ ਦਾ ਸਵਾਗਤ ਕਰਦੀ ਹੈ ਜੋ ਪਾਰਟੀ ‘ਚ ਸ਼ਾਮਲ ਹੋਣਾ ਚਾਹੁੰਦੇ ਹਨ। ਹੁੱਡਾ ਨੇ ਕਿਹਾ ਸੀ, ‘ਇੱਕ ਐਥਲੀਟ ਕਿਸੇ ਵਿਸ਼ੇਸ਼ ਪਾਰਟੀ ਜਾਂ ਰਾਜ ਨਾਲ ਸਬੰਧਤ ਨਹੀਂ ਹੁੰਦਾ। ਇੱਕ ਅਥਲੀਟ ਪੂਰੇ ਦੇਸ਼ ਦਾ ਹੁੰਦਾ ਹੈ। ਇਹ ਉਨ੍ਹਾਂ ਦੀ ਮਰਜ਼ੀ ਹੈ ਕਿ ਉਹ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਹੁੰਦੀ ਹੈ ਜਾਂ ਨਹੀਂ। ਜੋ ਵੀ ਕਾਂਗਰਸ ਪਾਰਟੀ ਵਿੱਚ ਆਉਂਦਾ ਹੈ, ਅਸੀਂ ਉਸ ਦਾ ਹਮੇਸ਼ਾ ਸਵਾਗਤ ਕਰਦੇ ਹਾਂ। ਇਹ ਉਨ੍ਹਾਂ ਦਾ ਫੈਸਲਾ ਹੈ ਕਿ ਉਹ ਕੀ ਕਰਨਾ ਚਾਹੁੰਦੀ ਹੈ।

ਦੀਪੇਂਦਰ ਹੁੱਡਾ ਨੇ ਸਭ ਤੋਂ ਪਹਿਲਾਂ ਕੀਤੀ ਸੀ ਵਿਨੇਸ਼ ਨਾਲ ਮੁਲਾਕਾਤ

ਪੈਰਿਸ ਓਲੰਪਿਕ ਤੋਂ ਪਰਤਣ ਤੋਂ ਬਾਅਦ ਕਾਂਗਰਸ ਨੇਤਾ ਵਿਨੇਸ਼ ਫੋਗਾਟ ਨਾਲ ਨਜ਼ਰ ਆਏ ਸਨ। ਰੋਹਤਕ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਦਿੱਲੀ ਦੇ ਆਈਜੀਆਈ ਹਵਾਈ ਅੱਡੇ ‘ਤੇ ਪਹੁੰਚਣ ਵਾਲੇ ਪਹਿਲੇ ਨੇਤਾ ਸਨ, ਜਿਨ੍ਹਾਂ ਨੇ ਜਿੱਤ ਦੇ ਪ੍ਰਤੀਕ ਹਨੂੰਮਾਨ ਦੀ ਗਦਾ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਦੀਪੇਂਦਰ ਨੇ ਤਤਕਾਲੀ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਅਤੇ ਭਾਜਪਾ ਨੇਤਾ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਜਿਨਸੀ ਸ਼ੋਸ਼ਣ ਦੇ ਆਰੋਪ ਨੂੰ ਲੈ ਕੇ ਵਿਨੇਸ਼ ਅਤੇ ਹੋਰ ਪਹਿਲਵਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਜ਼ੋਰਦਾਰ ਸਮਰਥਨ ਕੀਤਾ ਸੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹਰਿਆਣਾ ਦੇ ਸਨ।

ਪੂਨੀਆ ਅਤੇ ਫੋਗਾਟ 2023 ਵਿੱਚ ਸਾਬਕਾ ਭਾਜਪਾ ਸੰਸਦ ਮੈਂਬਰ ਅਤੇ ਉਸ ਸਮੇਂ ਦੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜਭੂਸ਼ਣ ਸ਼ਰਨ ਸਿੰਘ ਵਿਰੁੱਧ ਜਿਨਸੀ ਸ਼ੋਸ਼ਣ ਦੇ ਆਰੋਪਾਂ ਨੂੰ ਲੈ ਕੇ ਦੇ ਵਿਰੋਧ ਪ੍ਰਦਰਸ਼ਨਾਂ ਦਾ ਹਿੱਸਾ ਸਨ। ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਮੰਗਲਵਾਰ ਤੱਕ 90 ਵਿੱਚੋਂ 66 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਨਾਵਾਂ ਦਾ ਐਲਾਨ ਨਹੀਂ ਹੋਇਆ ਹੈ ਪਰ ਕਾਂਗਰਸ ਦੇ ਉਮੀਦਵਾਰਾਂ ਦੀ ਸੂਚੀ ਇੱਕ-ਦੋ ਦਿਨਾਂ ਵਿੱਚ ਜਾਰੀ ਹੋਣ ਜਾ ਰਹੀ ਹੈ।

ਹਰਿਆਣਾ ‘ਚ ‘ਆਪ’ ਨਾਲ ਗਠਜੋੜ ਚਾਹੁੰਦੀ ਹੈ ਕਾਂਗਰਸ

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਆਮ ਆਦਮੀ ਪਾਰਟੀ ਨਾਲ ਗਠਜੋੜ ਲਈ ਗੱਲਬਾਤ ਕਰ ਰਹੀ ਹੈ। ਕਾਂਗਰਸ ਰਾਜ ਵਿੱਚ ਭਾਰਤ ਬਲਾਕ ਨਾਲ ਗਠਜੋੜ ਕਰਨ ਬਾਰੇ ਵਿਚਾਰ ਕਰ ਰਹੀ ਹੈ, ਪਰ ਸੀਟਾਂ ਦੀ ਵੰਡ ਦਾ ਪੇਚ ਫੱਸਦਾ ਹੋਇਆ ਨਜ਼ਰ ਆ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਕਾਂਗਰਸ ਆਮ ਆਦਮੀ ਪਾਰਟੀ ਨੂੰ 7 ਸੀਟਾਂ ਦੇਣ ਲਈ ਤਿਆਰ ਹੈ ਪਰ ‘ਆਪ’ 10 ਸੀਟਾਂ ਦੀ ਮੰਗ ‘ਤੇ ਅੜੀ ਹੋਈ ਹੈ। ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ 5 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ 8 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।

Exit mobile version