PMJAY ਸਕੀਮ ਦੇ ਪੈਸੇ ਲਈ 19 ਲੋਕਾਂ ਨੇ ਜ਼ਬਰਦਸਤੀ ਕਰਵਾਈ ਐਂਜੀਓਗ੍ਰਾਫੀ, 2 ਦੀ ਮੌਤ
PMJAY Ahmedabad : ਅਹਿਮਦਾਬਾਦ ਦੇ ਖਿਆਤੀ ਹਸਪਤਾਲ 'ਤੇ ਗੰਭੀਰ ਦੋਸ਼ ਲਗਾਇਆ ਗਿਆ ਹੈ। ਇਲਜ਼ਾਮ ਹੈ ਕਿ ਹਸਪਤਾਲ ਨੇ ਬਿਨਾਂ ਦੱਸੇ 19 ਮਰੀਜ਼ਾਂ ਦੀ ਐਂਜੀਓਗ੍ਰਾਫੀ ਕੀਤੀ। ਫਿਰ ਇਨ੍ਹਾਂ ਵਿੱਚੋਂ ਸੱਤ ਮਰੀਜ਼ਾਂ ਦੀ ਐਂਜੀਓਪਲਾਸਟੀ ਕੀਤੀ ਗਈ। ਐਂਜੀਓਪਲਾਸਟੀ ਤੋਂ ਬਾਅਦ ਹਸਪਤਾਲ ਵਿੱਚ ਦੋ ਮਰੀਜ਼ਾਂ ਦੀ ਮੌਤ ਹੋ ਗਈ। ਪੰਜ ਮਰੀਜ਼ ਆਈਸੀਯੂ ਵਿੱਚ ਦਾਖ਼ਲ ਹਨ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
PMJAY Ahmedabad: ਗੁਜਰਾਤ ਦੇ ਅਹਿਮਦਾਬਾਦ ਜ਼ਿਲ੍ਹੇ ਵਿੱਚ ਸਥਿਤ ਖਿਆਤੀ ਹਸਪਤਾਲ ਅਕਸਰ ਵਿਵਾਦਾਂ ਵਿੱਚ ਰਹਿੰਦਾ ਹੈ। ਇਸ ਵਾਰ ਉਸ ਨੇ ਜੋ ਕੀਤਾ ਉਸ ਕਾਰਨ ਹਸਪਤਾਲ ਦਾ ਮਾਲਕ ਅਤੇ ਡਾਕਟਰ ਵੀ ਫਰਾਰ ਹੋ ਗਏ ਹਨ। PMJAY (ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ) ਦੇ ਲਾਭ ਦਾ ਲਾਹਾ ਲੈਣ ਲਈ, ਖਿਆਤੀ ਹਸਪਤਾਲ ਜ਼ਿਲ੍ਹੇ ਦੇ ਇੱਕ ਪਿੰਡ ਤੋਂ 19 ਲੋਕਾਂ ਨੂੰ ਲਿਆਇਆ ਅਤੇ ਉਨ੍ਹਾਂ ਦੀ ਐਂਜੀਓਗ੍ਰਾਫੀ ਕੀਤੀ। ਇਨ੍ਹਾਂ ਵਿੱਚੋਂ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਪੰਜ ਲੋਕ ਆਈਸੀਯੂ ਵਿੱਚ ਦਾਖ਼ਲ ਹਨ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਵੀ ਦੋਸ਼ ਹੈ ਕਿ ਸਾਰੇ 19 ਲੋਕਾਂ ਦੀ ਐਂਜੀਓਗ੍ਰਾਫੀ ਉਸੇ ਹਸਪਤਾਲ ਦੇ ਡਾਕਟਰ ਪ੍ਰਸ਼ਾਂਤ ਵਜ਼ੀਰਾਨੀ ਨੇ ਕੀਤੀ ਸੀ।
ਜਾਣਕਾਰੀ ਮੁਤਾਬਕ ਅਹਿਮਦਾਬਾਦ ਦੇ ਖਿਆਤੀ ਹਸਪਤਾਲ ਨੇ 10 ਨਵੰਬਰ ਨੂੰ ਮਹੇਸਾਣਾ ਜ਼ਿਲੇ ਦੇ ਕਾਦੀ ਦੇ ਬੋਰੀਸਾਨਾ ਪਿੰਡ ‘ਚ ਸਿਹਤ ਕੈਂਪ ਲਗਾਇਆ ਸੀ। ਪਿੰਡ ਦੇ 19 ਮਰੀਜ਼ਾਂ ਨੂੰ ਮੁਫ਼ਤ ਇਲਾਜ ਦੇ ਵਾਅਦੇ ਨਾਲ ਅਹਿਮਦਾਬਾਦ ਲਿਆਂਦਾ ਗਿਆ। ਸਾਰੇ 19 ਮਰੀਜ਼ਾਂ ਦੀ ਐਂਜੀਓਗ੍ਰਾਫੀ ਕੀਤੀ ਗਈ। ਇਨ੍ਹਾਂ ਵਿੱਚੋਂ ਸੱਤ ਮਰੀਜ਼ਾਂ ਦੀ ਐਂਜੀਓਪਲਾਸਟੀ ਕੀਤੀ ਗਈ। ਐਂਜੀਓਪਲਾਸਟੀ ਤੋਂ ਬਾਅਦ ਮਰੀਜ਼ਾਂ ਦੀ ਹਾਲਤ ਵਿਗੜਨ ‘ਤੇ ਹਸਪਤਾਲ ‘ਚ ਮਹੇਸ਼ ਗਿਰਧਰਭਾਈ ਬਾਰੋਟ ਅਤੇ ਨਾਗਰ ਸੇਨਮਾ ਨਾਂ ਦੇ ਦੋ ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ ਪਿੰਡ ਦੇ ਪੰਜ ਮਰੀਜ਼ ਆਈ.ਸੀ.ਯੂ. ‘ਚ ਦਾਖਲ ਹਨ।
ਲੋਕਾਂ ਨੂੰ ਮੁਫ਼ਤ ਇਲਾਜ ਦਾ ਦਿੱਤਾ ਲਾਲਚ
ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਸਟੈਂਟ ਪਾਉਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਪਰ ਫਿਰ ਵੀ ਉਨ੍ਹਾਂ ਲੋਕਾਂ ਨੂੰ ਹਸਪਤਾਲ ਵੱਲੋਂ ਜਾਣਕਾਰੀ ਨਹੀਂ ਦਿੱਤੀ ਗਈ। ਬੋਰੀਸਾਣਾ ਪਿੰਡ ਦੇ ਸਰਪੰਚ ਨੇ ਦੋਸ਼ ਲਾਇਆ ਕਿ ਜਦੋਂ ਪਿੰਡ ਵਿੱਚ ਖਿਆਤੀ ਹਸਪਤਾਲ ਵੱਲੋਂ ਕੈਂਪ ਲਾਇਆ ਗਿਆ ਤਾਂ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਦੇ ਸਰੀਰ ਦਾ ਚੈਕਅੱਪ ਕਰਵਾਉਣ ਲਈ ਆਏ। ਇਨ੍ਹਾਂ ‘ਚੋਂ 19 ਲੋਕਾਂ ਨੂੰ ਅਹਿਮਦਾਬਾਦ ਦੇ ਹਸਪਤਾਲ ‘ਚ ਅਗਲੇਰੀ ਜਾਂਚ ਅਤੇ ਮੁਫਤ ਇਲਾਜ ਲਈ ਲਿਆਂਦਾ ਗਿਆ ਸੀ ਪਰ ਇੱਥੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਦੱਸੇ ਬਿਨਾਂ ਐਂਜੀਓਗ੍ਰਾਫੀ ਕੀਤੀ ਗਈ। ਇੰਨਾ ਹੀ ਨਹੀਂ ਇਨ੍ਹਾਂ ਵਿੱਚੋਂ ਸੱਤ ਮਰੀਜ਼ਾਂ ਦੀ ਐਂਜੀਓਪਲਾਸਟੀ ਕੀਤੀ ਗਈ, ਜਿਨ੍ਹਾਂ ਵਿੱਚੋਂ ਦੋ ਮਰੀਜ਼ਾਂ ਦੀ ਮੌਤ ਹੋ ਗਈ, ਜਦੋਂ ਕਿ ਪੰਜ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਸਰਕਾਰੀ ਲਾਭ ਲੈਣ ਲਈ ਐਂਜੀਓਗ੍ਰਾਫੀ
ਖਿਆਤੀ ਹਸਪਤਾਲ ‘ਤੇ ਦੋਸ਼ ਇਹ ਵੀ ਹੈ ਕਿ ਉਨ੍ਹਾਂ ਲੋਕਾਂ ਦੀ ਐਂਜੀਓਗ੍ਰਾਫੀ ਵੀ ਕੀਤੀ ਗਈ, ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਸੀ। ਇਸ ਗੱਲ ਦਾ ਪਤਾ ਪਿੰਡ ਬੋਰੀਸਾਨਾ ਦੇ ਲੋਕਾਂ ਨੂੰ ਲੱਗਾ ਤਾਂ ਵੱਡੀ ਗਿਣਤੀ ‘ਚ ਲੋਕ ਹਸਪਤਾਲ ‘ਚ ਪਹੁੰਚ ਗਏ ਅਤੇ ਕਾਫੀ ਭੰਨਤੋੜ ਕੀਤੀ। ਫਿਲਹਾਲ ਹਸਪਤਾਲ ਪ੍ਰਬੰਧਨ ਦੇ ਸਾਰੇ ਸੀਨੀਅਰ ਅਧਿਕਾਰੀ ਫਰਾਰ ਹਨ। ਦੋਸ਼ ਹੈ ਕਿ ਖਿਆਤੀ ਹਸਪਤਾਲ ਸਰਕਾਰੀ ਯੋਜਨਾ (ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ) ਦਾ ਲਾਭ ਲੈਣ ਲਈ ਇਸ ਤਰ੍ਹਾਂ ਲੋਕਾਂ ਦਾ ਇਲਾਜ ਕਰਦਾ ਹੈ।
ਹਸਪਤਾਲ ਦੇ ਚੇਅਰਮੈਨ ਤੇ ਡਾਇਰੈਕਟਰ ਫਰਾਰ
ਮਾਮਲੇ ਨੇ ਜਦੋਂ ਜ਼ੋਰ ਫੜਿਆ ਤਾਂ ਅਹਿਮਦਾਬਾਦ ਜ਼ਿਲ੍ਹਾ ਪ੍ਰਸ਼ਾਸਨ ਵੀ ਸਰਗਰਮ ਹੋ ਗਿਆ। ਕਾਹਲੀ ਵਿੱਚ ਅਹਿਮਦਾਬਾਦ ਦੇ ਸਿਹਤ ਵਿਭਾਗ ਦੇ ਮੁਖੀ ਡਾਕਟਰ ਭਾਵਿਨ ਸੋਲੰਕੀ, ਸਥਾਈ ਕਮੇਟੀ ਦੇ ਚੇਅਰਮੈਨ ਦੇਵਾਂਗ ਦਾਨੀ ਅਤੇ ਸਾਬਕਾ ਉਪ ਮੁੱਖ ਮੰਤਰੀ ਨਿਤਿਨ ਪਟੇਲ ਖਿਆਤੀ ਹਸਪਤਾਲ ਪੁੱਜੇ। ਹਾਲਾਂਕਿ ਮੌਕੇ ‘ਤੇ ਹਸਪਤਾਲ ‘ਚ ਕੋਈ ਵੀ ਡਾਕਟਰ ਮੌਜੂਦ ਨਹੀਂ ਸੀ। ਚੇਅਰਮੈਨ ਅਤੇ ਡਾਇਰੈਕਟਰ ਤੋਂ ਲੈ ਕੇ ਡਾਕਟਰ ਤੱਕ ਫਰਾਰ ਹੋ ਗਏ ਸਨ। ਹਸਪਤਾਲ ਦੇ ਆਈਸੀਯੂ ਵਿੱਚ ਸਿਰਫ਼ ਇੱਕ ਡਾਕਟਰ ਮੌਜੂਦ ਸੀ। ਉੱਥੋਂ ਅਧਿਕਾਰੀਆਂ ਅਤੇ ਸਾਬਕਾ ਉਪ ਮੁੱਖ ਮੰਤਰੀ ਨਿਤਿਨ ਪਟੇਲ ਨੇ ਮਰੀਜ਼ਾਂ ਦੀ ਸਿਹਤ ਬਾਰੇ ਜਾਣਕਾਰੀ ਲਈ।
ਇਹ ਵੀ ਪੜ੍ਹੋ
2 ਸਾਲ ਪਹਿਲਾਂ ਵੀ ਇੱਕ ਮਰੀਜ਼ ਦੀ ਹੋਈ ਮੌਤ
ਇਹ ਪਹਿਲੀ ਵਾਰ ਨਹੀਂ ਹੈ ਕਿ ਖਿਆਤੀ ਹਸਪਤਾਲ ‘ਚ ਇੰਨੀ ਵੱਡੀ ਗਲਤੀ ਹੋਈ ਹੈ। ਕਰੀਬ ਦੋ ਸਾਲ ਪਹਿਲਾਂ ਵੀ ਖਿਆਤੀ ਹਸਪਤਾਲ ਨੇ ਸਰਕਾਰੀ ਯੋਜਨਾ (ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ) ਦਾ ਲਾਭ ਲੈਣ ਲਈ ਅਜਿਹਾ ਘਪਲਾ ਕੀਤਾ ਸੀ। 2022 ਵਿੱਚ, ਹਸਪਤਾਲ ਨੇ ਸਾਨੰਦ ਜ਼ਿਲ੍ਹੇ ਦੇ ਤੇਲਾਵ ਪਿੰਡ ਵਿੱਚ ਆਪਣਾ ਕੈਂਪ ਲਗਾਇਆ ਸੀ। ਉਥੋਂ ਵੀ ਕੁਝ ਮਰੀਜ਼ਾਂ ਨੂੰ ਹਸਪਤਾਲ ਲਿਆਂਦਾ ਗਿਆ। ਫਿਰ ਤਿੰਨ ਮਰੀਜ਼ਾਂ ਵਿੱਚ ਸਟੈਂਟ ਲਗਾਏ ਗਏ। ਇਨ੍ਹਾਂ ਵਿੱਚੋਂ ਇੱਕ ਮਰੀਜ਼ ਦੀ ਮੌਤ ਹੋ ਗਈ। ਪੁਲੀਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਪਰ ਖ਼ਿਆਲੀ ਹਸਪਤਾਲ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।