Satinder Sartaaj Summons: ਕਪੂਰਥਲਾ ਸ਼ੋਅ ਤੋਂ ਪਹਿਲਾਂ ਸਰਤਾਜ ਨੂੰ ਆਇਆ ਕੋਰਟ ਦਾ ਨੋਟਿਸ, ਜਾਣੋ ਵਜ੍ਹਾ | satinder sartaaj summons kapurthala show know full in punjabi Punjabi news - TV9 Punjabi

Satinder Sartaaj Summons: ਕਪੂਰਥਲਾ ਸ਼ੋਅ ਤੋਂ ਪਹਿਲਾਂ ਸਰਤਾਜ ਨੂੰ ਆਇਆ ਕੋਰਟ ਦਾ ਨੋਟਿਸ, ਜਾਣੋ ਵਜ੍ਹਾ

Updated On: 

25 Oct 2024 13:43 PM

Kapurthala News: ਪਟੀਸ਼ਨਕਰਤਾ ਵੱਲੋਂ ਕਿਹਾ ਗਿਆ ਕਿ ਕਪੂਰਥਲਾ ਵਿੱਚ ਸਿਰਫ਼ ਗੁਰੂ ਨਾਨਕ ਸਟੇਡੀਅਮ ਹੈ ਜੋ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਬਣਾਇਆ ਗਿਆ ਸੀ। ਇਸ ਵਿੱਚ ਪਿਛਲੇ ਲੰਮੇ ਸਮੇਂ ਤੋਂ ਖੇਡਾਂ ਨਾਲ ਸਬੰਧਤ ਪ੍ਰੋਗਰਾਮ ਅਤੇ ਰਾਜ ਪੱਧਰੀ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ।

Satinder Sartaaj Summons: ਕਪੂਰਥਲਾ ਸ਼ੋਅ ਤੋਂ ਪਹਿਲਾਂ ਸਰਤਾਜ ਨੂੰ ਆਇਆ ਕੋਰਟ ਦਾ ਨੋਟਿਸ, ਜਾਣੋ ਵਜ੍ਹਾ

ਕਪੂਰਥਲਾ ਸ਼ੋਅ ਤੋਂ ਪਹਿਲਾਂ ਸਰਤਾਜ ਨੂੰ ਆਇਆ ਕੋਰਟ ਦਾ ਨੋਟਿਸ, ਜਾਣੋ ਵਜ੍ਹਾ (Pic Credit: X/SufiSartaaj)

Follow Us On

ਮਸ਼ਹੂਰ ਸੂਫੀ ਗਾਇਕ ਸਤਿੰਦਰ ਸਰਤਾਜ ਇਨ੍ਹੀ ਦਿਨੀਂ ਆਪਣੇ ਆਉਣ ਵਾਲੇ ਸ਼ੋਅ ਲਈ ਚਰਚਾਵਾਂ ਦਾ ਵਿਸ਼ਾ ਬਣੇ ਹੋਏ ਹਨ। ਦਰਅਸਲ ਹੁਣ ਸ਼ੋਅ ਤੋਂ ਪਹਿਲਾਂ ਉਹਨਾਂ ਨੂੰ ਕੋਰਟ ਵਿਖੇ ਪੇਸ਼ ਹੋਣ ਪਵੇਗਾ। ਸਰਤਾਜ ਨੂੰ ਕਪੂਰਥਲਾ ਦੀ ਜ਼ਿਲ੍ਹਾ ਅਦਾਲਤ ਨੇ 30 ਅਕਤੂਬਰ ਨੂੰ ਤਲਬ ਕੀਤਾ ਹੈ। ਸਤਿੰਦਰ ਸਰਤਾਜ ਖਿਲਾਫ ਇਹ ਸੰਮਨ ਕਪੂਰਥਲਾ ਦੇ ਸੀਨੀਅਰ ਵਕੀਲ ਅਤੇ ਖਿਡਾਰੀ ਐਸਐਸ ਮੱਲੀ ਦੀ ਪਟੀਸ਼ਨ ‘ਤੇ ਜਾਰੀ ਕੀਤਾ ਗਿਆ ਹੈ।

ਐਸਐਸ ਮੱਲੀ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਗਾਇਕ ਸਤਿੰਦਰ ਸਰਤਾਜ ਦਾ 10 ਨਵੰਬਰ ਨੂੰ ਗੁਰੂ ਨਾਨਕ ਸਟੇਡੀਅਮ ਦੀ ਗਰਾਊਂਡ ਵਿੱਚ ਸ਼ੋਅ ਹੋ ਰਿਹਾ ਹੈ। ਸ਼ੋਅ ਦੀਆਂ ਜ਼ਿਆਦਾਤਰ ਟਿਕਟਾਂ ਵੀ ਵਿਕ ਚੁੱਕੀਆਂ ਹਨ। ਅਜਿਹੇ ਵਿੱਚ ਸਰਤਾਜ ਵੱਲੋਂ ਸਟੇਡੀਅਮ ਨੂੰ ਕਾਰੋਬਾਰ ਵਜੋਂ ਵਰਤਿਆ ਜਾ ਰਿਹਾ ਹੈ।

ਖਿਡਾਰੀਆਂ ਨੂੰ ਆ ਰਹੀਆਂ ਨੇ ਦਿੱਕਤਾਂ

ਮੱਲੀ ਨੇ ਪਟੀਸ਼ਨ ‘ਚ ਕਿਹਾ ਕਿ ਉਹ ਰੋਜ਼ਾਨਾ ਅਭਿਆਸ ਅਤੇ ਯੋਗਾ ਲਈ ਸਟੇਡੀਅਮ ਜਾਂਦਾ ਹੈ। ਸਟੇਡੀਅਮ ਵਿੱਚ ਹਾਕੀ ਗਰਾਊਂਡ ਤੇ ਰੋਜ਼ਾਨਾ ਕਈ ਖਿਡਾਰੀ ਅਭਿਆਸ ਕਰਨ ਆਉਂਦੇ ਹਨ। ਇਸ ਤੋਂ ਇਲਾਵਾ ਕਪੂਰਥਲਾ ਵਿੱਚ ਹੋਰ ਕੋਈ ਗਰਾਊਂਡ ਨਹੀਂ ਹੈ, ਜਿਸ ਕਾਰਨ ਰੋਜ਼ਾਨਾ ਅਭਿਆਸ ਕਰਨ ਵਾਲਿਆਂ ਲਈ ਵੱਡੀ ਸਮੱਸਿਆ ਹੋਵੇਗੀ। ਉਕਤ ਗਰਾਊਂਡ ਨੂੰ ਸਰਕਾਰੀ ਫੰਡਾਂ ਨਾਲ ਲੱਖਾਂ ਰੁਪਏ ਖਰਚ ਕੇ ਬਣਾਇਆ ਗਿਆ ਹੈ। ਅਜਿਹੇ ‘ਚ 10 ਨਵੰਬਰ ਨੂੰ ਹੋਣ ਵਾਲੇ ਸਰਤਾਜ ਦੇ ਸ਼ੋਅ ਕਾਰਨ ਜਿੱਥੇ ਖਿਡਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ, ਉਥੇ ਉਨ੍ਹਾਂ ਦੀ ਰੋਜ਼ਾਨਾ ਦੀ ਪ੍ਰੈਕਟਿਸ ‘ਚ ਵੀ ਵਿਘਨ ਪਵੇਗਾ।

ਇਸ ਕੇਸ ਵਿੱਚ ਸਤਿੰਦਰ ਸਰਤਾਜ ਦੇ ਨਾਲ ਉਨ੍ਹਾਂ ਦੀ ਕੰਪਨੀ ਫਿਰਦੋਸ ਪ੍ਰੋਡਕਸ਼ਨ, ਸਕੱਤਰ ਪੰਜਾਬ ਸਰਕਾਰ, ਡਾਇਰੈਕਟਰ ਸਪੋਰਟਸ ਪੰਜਾਬ, ਡੀਸੀ ਕਪੂਰਥਲਾ, ਕਮਿਸ਼ਨਰ ਨਗਰ ਨਿਗਮ ਕਪੂਰਥਲਾ, ਜ਼ਿਲ੍ਹਾ ਖੇਡ ਅਫਸਰ, ਐਸਐਸਪੀ ਕਪੂਰਥਲਾ, ਐਸਪੀ ਟਰੈਫਿਕ, ਸੁਰੱਖਿਆ ਇੰਚਾਰਜ ਕਪੂਰਥਲਾ ਨੂੰ ਵੀ ਧਿਰ ਬਣਾਇਆ ਗਿਆ ਹੈ।

ਵਪਾਰਕ ਸਮਾਗਮਾਂ ਲਈ ਨਹੀਂ ਹੈ ਸਟੇਡੀਅਮ

ਪਟੀਸ਼ਨਕਰਤਾ ਐਸਐਸ ਮੱਲੀ ਵੱਲੋਂ ਕਿਹਾ ਗਿਆ ਕਿ ਕਪੂਰਥਲਾ ਵਿੱਚ ਸਿਰਫ਼ ਗੁਰੂ ਨਾਨਕ ਸਟੇਡੀਅਮ ਹੈ ਜੋ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਬਣਾਇਆ ਗਿਆ ਸੀ। ਇਸ ਵਿੱਚ ਪਿਛਲੇ ਲੰਮੇ ਸਮੇਂ ਤੋਂ ਖੇਡਾਂ ਨਾਲ ਸਬੰਧਤ ਪ੍ਰੋਗਰਾਮ ਅਤੇ ਰਾਜ ਪੱਧਰੀ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਨਿਯਮਾਂ ਮੁਤਾਬਕ ਜੇਕਰ ਕੋਈ ਸਟੇਡੀਅਮ ‘ਚ ਪ੍ਰੋਗਰਾਮ ਕਰਵਾਉਣਾ ਚਾਹੁੰਦਾ ਹੈ ਤਾਂ ਇਹ ਲੋਕ ਭਲਾਈ ਪ੍ਰੋਗਰਾਮ ਲਈ ਕਿਰਾਏ ‘ਤੇ ਦਿੱਤਾ ਜਾ ਸਕਦਾ ਹੈ ਕਿਸੇ ਵਪਾਰਕ ਪ੍ਰੋਗਰਾਮ ਲਈਨ ਨਹੀਂ।

ਚੈਰਟੀ ਲਈ ਹੋਵੇ ਪ੍ਰੋਗਰਾਮ

ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਜਦੋਂ ਵੀ ਜ਼ਿਲ੍ਹਾ ਖੇਡ ਅਫ਼ਸਰ ਜ਼ਮੀਨ ਮੁਹੱਈਆ ਕਰਵਾ ਕੇ ਕਬੱਡੀ ਮੈਚਾਂ ਦੀ ਇਜਾਜ਼ਤ ਦਿੰਦਾ ਸੀ ਤਾਂ ਉਸ ਦੇ ਹੇਠਾਂ ਇੱਕ ਲਾਈਨ ਲਿਖ ਦਿੰਦਾ ਸੀ ਕਿ ਇਸ ਪ੍ਰੋਗਰਾਮ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਟਿਕਟ ਨਹੀਂ ਵੇਚੀ ਜਾਵੇਗੀ। ਇਸ ਦੇ ਬਾਵਜੂਦ ਜ਼ਿਲ੍ਹਾ ਖੇਡ ਅਫ਼ਸਰ ਨੇ ਇਸ ਵਪਾਰਕ ਪ੍ਰੋਗਰਾਮ ਦੀ ਇਜਾਜ਼ਤ ਦੇ ਦਿੱਤੀ। ਸਤਿੰਦਰ ਸਰਤਾਜ ਜੇਕਰ ਕੋਈ ਪ੍ਰੋਗਰਾਮ ਕਰਨਾ ਚਾਹੁੰਦੇ ਹਨ ਤਾਂ ਦਾਨ ਲਈ ਕਰੋ ਤਾਂ ਜੋ ਲੋੜਵੰਦ ਵਰਗ ਨੂੰ ਫਾਇਦਾ ਹੋ ਸਕੇ।

ਫਿਲਹਾਲ ਨਹੀਂ ਦਿੱਤੀ ਇਜ਼ਾਜਤ- ਖੇਡ ਅਫ਼ਸਰ

ਇਸ ਦੌਰਾਨ ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜ਼ਦਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਜੇ ਤੱਕ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਹੈ। ਇਸ ਸਮੁੱਚੇ ਸੰਕਲਪ ਦੀ ਫਾਈਲ ਤਿਆਰ ਕਰਕੇ ਡਾਇਰੈਕਟਰ ਸਪੋਰਟਸ ਨੂੰ ਭੇਜ ਦਿੱਤੀ ਗਈ ਹੈ, ਉਥੋਂ ਇਜਾਜ਼ਤ ਮਿਲਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਅਜਿਹੇ ਪ੍ਰੋਗਰਾਮਾਂ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਖੇਡ ਕੌਂਸਲ ਦਾ ਗਠਨ ਕੀਤਾ ਗਿਆ ਹੈ। ਇਸ ਬਾਰੇ ਸਿਰਫ ਆਪਣੀ ਕਮੇਟੀ ਹੀ ਸੋਚਦੀ ਹੈ, ਜਿਸ ਦੇ ਚੇਅਰਮੈਨ ਸੀ.ਐਮ ਮਾਨ ਖੁਦ ਹਨ।

ਵਿਭਾਗ ਤੋਂ ਮੰਗੀ ਗਈ ਹੈ NOC

ਡੀਸੀ ਕਪੂਰਥਲਾ ਅਨੁਸਾਰ ਉਨ੍ਹਾਂ ਕੋਲ ਇਜਾਜ਼ਤ ਲਈ ਅਰਜ਼ੀ ਆਈ ਸੀ। ਜਿਸ ਨੂੰ NOC ਲਈ ਸਬੰਧਤ ਵਿਭਾਗਾਂ ਨੂੰ ਭੇਜ ਦਿੱਤਾ ਗਿਆ ਹੈ। ਪਰ ਹੁਣ ਤੱਕ ਉਨ੍ਹਾਂ ਵੱਲੋਂ ਕੋਈ ਮਨਜ਼ੂਰੀ ਪੱਤਰ ਜਾਰੀ ਨਹੀਂ ਕੀਤਾ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਸਰਤਾਜ ਦੇ ਇਸ ਸ਼ੋਅ ਦੀਆਂ 80 ਫੀਸਦੀ ਟਿਕਟਾਂ ਵਿਕ ਚੁੱਕੀਆਂ ਹਨ। ਜਦੋਂਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਅਜੇ ਤੱਕ ਇਜਾਜ਼ਤ ਨਹੀਂ ਦਿੱਤੀ ਗਈ ਹੈ।

Exit mobile version