ਅਮਰੀਕਾ ‘ਚ ਲੱਗੇ ਆਰੋਪਾਂ ਤੋਂ ਬਾਅਦ ਅਡਾਨੀ ਗਰੁੱਪ ਨੇ ਲਿਆ ਵੱਡਾ ਫੈਸਲਾ, ਨਹੀਂ ਪੇਸ਼ ਹੋਣਗੇ ਇਹ ਬਾਂਡ
Adani Group: ਅਡਾਨੀ ਗਰੁੱਪ ਵਲੋਂ ਇਕ ਬਿਆਨ ਜਾਰੀ ਕੀਤਾ ਗਿਆ ਹੈ, ਜਿਸ 'ਚ ਕੰਪਨੀ ਨੇ ਬਾਂਡ ਨਾਲ ਜੁੜਿਆ ਇਕ ਵੱਡਾ ਫੈਸਲਾ ਲਿਆ ਹੈ। ਦਰਅਸਲ, ਨਿਊਯਾਰਕ ਦੇ ਬਰੁਕਲਿਨ ਵਿੱਚ ਅਮਰੀਕੀ ਪ੍ਰੌਸੀਕਿਊਟਰ ਵੱਲੋਂ ਦਾਇਰ ਕੇਸ ਵਿੱਚ ਕਿਹਾ ਗਿਆ ਹੈ ਕਿ ਅਡਾਨੀ ਸਮੂਹ ਨੇ ਭਾਰਤ ਵਿੱਚ ਸੂਰਜੀ ਊਰਜਾ ਦਾ ਠੇਕਾ ਲੈਣ ਲਈ 2110 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਹੈ।
ਅਮਰੀਕੀ ਪ੍ਰੌਸੀਕਿਊਟਰ ਨੇ ਭਾਰਤੀ ਉਦਯੋਗਪਤੀ ਗੌਤਮ ਅਡਾਨੀ ‘ਤੇ ਗੰਭੀਰ ਆਰੋਪ ਲਾਏ ਹਨ। ਅਮਰੀਕੀ ਵਕੀਲਾਂ ਨੇ ਬਰੁਕਲਿਨ, ਨਿਊਯਾਰਕ ਵਿੱਚ ਦਾਇਰ ਇੱਕ ਕੇਸ ਵਿੱਚ ਕਿਹਾ ਹੈ ਕਿ ਅਡਾਨੀ ਸਮੂਹ ਨੇ ਭਾਰਤ ਵਿੱਚ ਸੂਰਜੀ ਊਰਜਾ ਦੇ ਠੇਕੇ ਲੈਣ ਲਈ 250 ਮਿਲੀਅਨ ਡਾਲਰ (2110 ਕਰੋੜ ਰੁਪਏ) ਦੀ ਰਿਸ਼ਵਤ ਦਿੱਤੀ। ਇਸ ਵਿਚ ਗੌਤਮ ਅਡਾਨੀ, ਸਾਗਰ ਆਰ ਅਡਾਨੀ ਅਤੇ ਵਿਨੀਤ ਐਸ ਜੈਨ ‘ਤੇ ਵੀ ਅਮਰੀਕੀ ਨਿਵੇਸ਼ਕਾਂ ਨੂੰ ਗੁੰਮਰਾਹ ਕਰਨ ਅਤੇ ਨਿਆਂ ਵਿਚ ਰੁਕਾਵਟ ਪਾਉਣ ਤੇ ਆਰੋਪ ਲਗਾਏ ਗਏ ਹਨ। ਹੁਣ ਇਸ ਸਬੰਧੀ ਅਡਾਨੀ ਗਰੁੱਪ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ।
ਅਡਾਨੀ ਗਰੁੱਪ ਨੇ ਲਿਆ ਇਹ ਫੈਸਲਾ
ਕੰਪਨੀ ਨੇ ਕਿਹਾ ਕਿ ਸੰਯੁਕਤ ਰਾਜ ਦੇ ਨਿਆਂ ਵਿਭਾਗ ਅਤੇ ਸੰਯੁਕਤ ਰਾਜ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਨੇ ਸਾਡੇ ਬੋਰਡ ਮੈਂਬਰਾਂ ਗੌਤਮ ਅਡਾਨੀ ਅਤੇ ਸਾਗਰ ਅਡਾਨੀ ਦੇ ਖਿਲਾਫ ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਲਈ ਸੰਯੁਕਤ ਰਾਜ ਦੀ ਜ਼ਿਲ੍ਹਾ ਅਦਾਲਤ ਵਿੱਚ ਇੱਕ ਅਪਰਾਧਿਕ ਦੋਸ਼ ਅਤੇ ਸਿਵਲ ਸ਼ਿਕਾਇਤ ਦਰਜ ਕੀਤੀ ਹੈ।
ਸੰਯੁਕਤ ਰਾਜ ਦੇ ਨਿਆਂ ਵਿਭਾਗ ਨੇ ਸਾਡੇ ਬੋਰਡ ਮੈਂਬਰ ਵਿਨੀਤ ਜੈਨ ਨੂੰ ਵੀ ਇਸੇ ਤਰ੍ਹਾਂ ਦੇ ਅਪਰਾਧਿਕ ਦੋਸ਼ਾਂ ਵਿੱਚ ਸ਼ਾਮਲ ਕੀਤਾ ਹੈ। ਇਹਨਾਂ ਘਟਨਾਵਾਂ ਦੇ ਮੱਦੇਨਜ਼ਰ, ਕੰਪਨੀ ਨੇ ਇਹ ਫੈਸਲਾ ਲਿਆ ਹੈ ਕਿ ਗਰੁੱਪ ਦੀਆਂ ਸਹਾਇਕ ਕੰਪਨੀਆਂ ਨੇ ਫਿਲਹਾਲ ਪ੍ਰਸਤਾਵਿਤ USD ਡੈਨੋਮੀਨੇਟਿਡ ਬਾਂਡ ਪੇਸ਼ਕਸ਼ਾਂ ਨਾਲ ਅੱਗੇ ਨਾ ਵਧਣ ਦਾ ਫੈਸਲਾ ਕੀਤਾ ਹੈ।
ਆਰੋਪਾਂ ਨਾਲ ਸਮੂਹ ਦੇ ਸ਼ੇਅਰ ਤੇ ਦਿਖਿਆ ਅਸਰ
ਅਮਰੀਕਾ ‘ਚ ਗੌਤਮ ਅਡਾਨੀ ‘ਤੇ ਲੱਗੇ ਰਿਸ਼ਵਤਖੋਰੀ ਦੇ ਆਰੋਪਾਂ ਤੋਂ ਬਾਅਦ ਵੀਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ‘ਚ ਹਫੜਾ-ਦਫੜੀ ਮਚ ਗਈ। ਅਡਾਨੀ ਗਰੁੱਪ ਦੇ ਸ਼ੇਅਰਾਂ ‘ਚ 10 ਤੋਂ 20 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਅਡਾਨੀ ਇੰਟਰਪ੍ਰਾਈਜਿਜ਼ ਦੇ ਸ਼ੇਅਰ 15 ਫੀਸਦੀ ਡਿੱਗ ਗਏ। ਅਡਾਨੀ ਪੋਰਟ ਅਤੇ SEZ, ਅਡਾਨੀ ਪਾਵਰ ਐਂਡ ਐਨਰਜੀ ਅਤੇ ਗ੍ਰੀਨ ਐਨਰਜੀ ਨਾਲ ਜੁੜੇ ਸ਼ੇਅਰਾਂ ‘ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਜਿਸ ਕਾਰਨ ਕੁਝ ਹੀ ਮਿੰਟਾਂ ਵਿੱਚ ਅਡਾਨੀ ਸਮੂਹ ਦੇ ਮਾਰਕੀਟ ਕੈਪ ਨੂੰ 2.24 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ।