ਲੁਧਿਆਣਾ ਵਿੱਚ ਪੇਂਡੂ ਓਲੰਪਿਕ ਖੇਡਾਂ ਦੀ ਹੋਈ ਸ਼ੁਰੂਆਤ, 3 ਦਿਨ ਵਿੱਚ ਵੰਡੇ ਜਾਣਗੇ 30 ਲੱਖ ਰੁਪਏ ਦੇ ਇਨਾਮ
kila Raipur Sports Festival: ਮਿੰਨੀ ਉਲੰਪਿਕ ਦੇ ਨਾਮ ਨਾਲ ਦੁਨੀਆ ਭਰ ਵਿੱਚ ਮਸ਼ਹੁਰ ਪਿੰਡ ਕਿਲਾ ਰਾਏਪੁਰ ਦੀਆਂ ਖੇਡਾਂ ਸ਼ੁਰੂ ਹੋ ਗਈਆਂ ਹਨ। ਇਹਨਾਂ ਖੇਡਾਂ ਵਿੱਚ ਹਾਕੀ, ਕਬੱਡੀ ਸਮੇਤ ਅਥਲੈਟਿਕਸ ਖੇਡਾਂ ਕਰਵਾਈਆਂ ਜਾਣਗੀਆਂ। ਇਹਨਾਂ ਖੇਡਾਂ ਵਿੱਚ 3 ਦਿਨਾਂ ਚ ਕਰੀਬ 30 ਲੱਖ ਰੁਪਏ ਦੇ ਇਨਾਮ ਖਿਡਾਰੀਆਂ ਨੂੰ ਦਿੱਤੇ ਜਾਣਗੇ।
ਪੰਜਾਬ ਦੇ ਲੁਧਿਆਣਾ ਦੇ ਕਿਲਾ ਰਾਏਪੁਰ ਵਿਖੇ ਪੇਂਡੂ ਓਲੰਪਿਕ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਅੱਜ ਪੰਜਾਬੀ ਗਾਇਕ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਦੀ ਜੋੜੀ ਆਪਣੀ ਪੇਸ਼ਕਾਰੀ ਦੇਵੇਗੀ। ਗਾਇਕ ਦੇਬੀ ਮਖਸੂਸਪੁਰੀ 13 ਫਰਵਰੀ ਨੂੰ ਆਪਣੀ ਗਾਇਕੀ ਦੇ ਜੌਹਰ ਦਿਖਾਏਗੀ। ਗਾਇਕ ਅੰਮ੍ਰਿਤ ਮਾਨ 14 ਫਰਵਰੀ ਨੂੰ ਲੋਕਾਂ ਦਾ ਮਨੋਰੰਜਨ ਕਰਨਗੇ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਖੇਡਾਂ ਦੇ ਆਖਰੀ ਦਿਨ 14 ਫਰਵਰੀ ਨੂੰ ਮੇਲੇ ਵਿੱਚ ਸ਼ਿਰਕਤ ਕਰਨਗੇ।
ਇਸ ਖੇਡ ਮੁਕਾਬਲਿਆਂ ਵਿੱਚ ਕੁਸ਼ਤੀ, ਹਾਕੀ, ਦੌੜ, ਵੇਟ ਲਿਫਟਿੰਗ, ਰਵਾਇਤੀ ਮਾਰਸ਼ਲ ਆਰਟਸ, ਕਬੱਡੀ, ਘੋੜ ਸਵਾਰੀ ਅਤੇ ਰਵਾਇਤੀ ਪੰਜਾਬੀ ਲੜਾਈ ਦੀਆਂ ਤਕਨੀਕਾਂ ਦੀਆਂ ਖੇਡਾਂ ਕਰਵਾਈਆਂ ਜਾਣਗੀਆਂ। ਅੱਜ ਪਹਿਲੇ ਦਿਨ ਹਾਕੀ ਮੈਚ (ਲੜਕੇ), ਹਾਕੀ ਮੈਚ (ਲੜਕੀਆਂ), 60 ਮੀਟਰ ਦੌੜ (ਅੰਡਰ-14,17 ਲੜਕੀਆਂ), 100 ਮੀਟਰ ਦੌੜ (ਪੁਰਸ਼-60-70), 1500 ਮੀਟਰ ਦੌੜ (ਲੜਕੀਆਂ ਅਤੇ ਲੜਕੇ), 400 ਮੀਟਰ ਦੌੜ (ਲੜਕੀਆਂ ਅਤੇ ਲੜਕਿਆਂ) ਵਿਚਕਾਰ ਮੁਕਾਬਲੇ ਹੋਣਗੇ।
ਸੱਭਿਆਚਾਰਕ ਸ਼ਖਸੀਅਤ ਤਰਸੇਮ ਚੰਦ ਕਲਹਿੜੀ ਦੀ ਟੀਮ ਪੰਜਾਬੀ ਵਿਰਸਾ ਵੱਲੋਂ ਗਰਾਊਂਡ ਵਿੱਚ ਪੰਜਾਬ ਦੇ ਸੱਭਿਆਚਾਰ ਅਤੇ ਇਤਿਹਾਸ ਬਾਰੇ ਪ੍ਰਦਰਸ਼ਨੀ ਲਾਈ ਜਾਵੇਗੀ। ਕਲਾਕਾਰ ਤਿੰਨ ਦਿਨ ਭੰਗੜਾ ਅਤੇ ਝੂੰਮਰ ਆਦਿ ਪੇਸ਼ ਕਰਨਗੇ।
1933 ਵਿੱਚ ਸ਼ੁਰੂ ਹੋਈਆਂ ਸਨ ਕਿਲਾ ਰਾਏਪੁਰ ਖੇਡਾਂ
ਕਿਲਾ ਰਾਏਪੁਰ ਖੇਡਾਂ 1933 ਵਿੱਚ ਸ਼ੁਰੂ ਹੋਈਆਂ। ਪਰਉਪਕਾਰੀ ਇੰਦਰ ਸਿੰਘ ਗਰੇਵਾਲ ਨੇ ਇੱਕ ਸਾਲਾਨਾ ਮਨੋਰੰਜਕ ਮੀਟਿੰਗ ਦੀ ਕਲਪਨਾ ਕੀਤੀ ਜਿੱਥੇ ਕਿਲਾ ਰਾਏਪੁਰ ਦੇ ਆਲੇ ਦੁਆਲੇ ਦੇ ਖੇਤਰਾਂ ਦੇ ਕਿਸਾਨ ਇਕੱਠੇ ਹੋ ਸਕਦੇ ਹਨ ਅਤੇ ਆਪਣੀ ਸਰੀਰਕ ਤਾਕਤ ਦੀ ਜਾਂਚ ਕਰ ਸਕਦੇ ਹਨ।
ਇਸ ਵਿਚਾਰ ਨੇ ਕਿਲਾ ਰਾਏਪੁਰ ਖੇਡਾਂ, ਨਿਰਵਿਵਾਦ “ਪੇਂਡੂ ਓਲੰਪਿਕ” ਨੂੰ ਜਨਮ ਦਿੱਤਾ। ਹਰ ਸਾਲ ਫਰਵਰੀ ਮਹੀਨੇ ਲੱਗਣ ਵਾਲਾ ਇਹ ਖੇਡ ਮੇਲਾ ਲੁਧਿਆਣਾ ਵਾਸੀਆਂ ਸਮੇਤ ਸੈਂਕੜੇ ਖੇਡ ਪ੍ਰੇਮੀਆਂ ਦੀ ਖਿੱਚ ਦਾ ਕੇਂਦਰ ਬਣਦਾ ਹੈ। ਕਿਲਾ ਰਾਏਪੁਰ ਵਿਖੇ ਵਿਸ਼ੇਸ਼ ਨਸਲ ਦੇ ਬਲਦਾਂ, ਊਠਾਂ, ਕੁੱਤਿਆਂ, ਖੱਚਰਾਂ ਅਤੇ ਹੋਰ ਜਾਨਵਰਾਂ ਦੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਪਸ਼ੂਆਂ ਨੂੰ ਦੇਖਣ ਲਈ ਲੋਕ ਕਿਲਾ ਰਾਏਪੁਰ ਆਉਂਦੇ ਹਨ। ਫਿਲਹਾਲ ਬਲਦ ਦੌੜ ‘ਤੇ ਪੂਰਨ ਪਾਬੰਦੀ ਹੈ।