ਕੌਮ ਦੇ ਨਾਮ ਸੰਦੇਸ਼ ‘ਚ ਪੰਜਾਬ ਦੀ ਜਵਾਨੀ, ਕਿਸਾਨੀ ਅਤੇ ਆਰਥਿਕਤਾ ‘ਤੇ ਕੀ ਬੋਲੇ ਜੱਥੇਦਾਰ ਗਿਆਨੀ ਰਘਬੀਰ ਸਿੰਘ ?
Sri Akal Takhat Sahib: ਬੰਦੀ ਛੋੜ ਦਿਹਾੜੇ ਮੌਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੌਮ ਦੇ ਨਾਮ ਸੰਦੇਸ਼ ਦਿੱਤਾ। ਇਸ ਮੌਕੇ ਸਿੰਘ ਸਾਹਿਬ ਨੇ ਕਿਹਾ ਕਿ ਭਾਈ ਮਨੀ ਸਿੰਘ ਨੇ ਵੀ ਬੰਦੀ ਛੋੜ ਦਿਹਾੜੇ ਨੂੰ ਮਨਾਉਣ ਲਈ ਹੀ ਸ਼ਹਾਦਤ ਦਿੱਤੀ ਸੀ।
ਖਾਲਸਾ ਪੰਥ ਅੱਜ ਬੰਦੀ ਛੋਹ ਦਿਹਾੜਾ ਮਨਾ ਰਿਹਾ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਇਸ ਮੌਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਕੌਮ ਦੇ ਨਾਮ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਸਮੁੱਚੇ ਖਾਲਸਾ ਪੰਥ ਨੂੰ ਸੰਬੋਧਨ ਕਰਦਿਆਂ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਿੱਖ ਪੰਥ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪੰਜਾਬ ਦੇ ਭਵਿੱਖ ਹਨ।
ਕੌਮ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਦਾ ਸਮਾਜਿਕ, ਰਾਜਨੀਤਿਕ, ਸੱਭਿਆਚਾਰ ਅਤੇ ਆਰਥਿਕ ਤਾਣਾ-ਬਾਣਾ ਬਹੁਤ ਹੀ ਚਿੰਤਾਜਨਕ ਸਥਿਤੀ ਵਿੱਚ ਪਹੁੰਚ ਚੁੱਕਾ ਹੈ। ਗਿਆਨੀ ਰਘੁਬੀਰ ਸਿੰਘ ਨੇ ਕਿਹਾ ਕਿ ਨਸ਼ਿਆਂ ਨੇ ਪੰਜਾਬ ਦੇ ਨੌਜਵਾਨਾਂ ਤੇ ਕਹਿਰ ਢਾਹਿਆ ਹੈ।
ਸਿੱਖ ਦੀ ਵਫ਼ਾਦਾਰੀ ਗੁਰੂ ਨਾਲ ਹੈ- ਸਿੰਘ ਸਾਹਿਬ
ਗਿਆਨੀ ਰਘੁਬੀਰ ਸਿੰਘ ਨੇ ਕਿਹਾ ਕਿ ਹਰ ਇੱਕ ਸਿੱਖ ਦਾ ਵਫ਼ਾ ਗੁਰੂ ਨਾਲ ਹੈ ਨਾ ਕਿ ਕਿਸੇ ਦੁਨਿਆਵੀਂ ਤਖ਼ਤ ਜਾਂ ਨਾਲ। ਉਹਨਾਂ ਕਿਹਾ ਕਿ ਸਿੱਖਾਂ ਵਿੱਚ ਸਦਾਚਾਰਿਕ ਦੁਵੰਦ ਨੂੰ ਕੋਈ ਥਾਂ ਨਹੀਂ ਹੈ।
ਹਾਸ਼ੀਏ ਤੇ ਹੈ ਸਿੱਖ ਰਾਜਨੀਤੀ
ਪੰਜਾਬ ਦੇ ਰਾਜਨੀਤਿਕ ਹਲਾਤਾਂ ਤੇ ਚਿੰਤਾ ਜ਼ਾਹਿਰ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਸਿੱਖ ਰਾਜਨੀਤੀ ਹਾਸ਼ੀਏ ਤੇ ਹੈ ਅਤੇ ਇਸ ਦੇ ਭਵਿੱਖ ਤੇ ਪ੍ਰਸ਼ਨ ਚਿੰਨ੍ਹ ਲੱਗ ਰਿਹਾ ਹੈ। ਪਿਛਲੇ ਸਮੇਂ ਵਿੱਚ ਸਿੱਖਾਂ ਦੀਆਂ ਸੰਸਥਾਵਾਂ, ਪ੍ਰੰਪਰਾਵਾਂ ਅਤੇ ਸਿਧਾਤਾਂ ਦੀ ਮੌਲਿਕਤਾ ਨੂੰ ਜੋ ਖੌਰਾ ਲੱਗਿਆ ਹੈ। ਉਹ ਵੀ ਚਿੰਤਾ ਦਾ ਵਿਸ਼ਾ ਹੈ।
ਪੰਜਾਬ ਦੇ ਕੁਦਰਤੀ ਸਰੋਤਾਂ ਅਤੇ ਹੱਕਾਂ ਦੇ ਮੁੱਦੇ ਜੋ ਕਦੇ ਪੰਥਕ ਰਾਜਨੀਤੀ ਦੇ ਕੇਂਦਰ ਵਿੱਚ ਹੋਇਆ ਕਰਦੇ ਸਨ ਅੱਜ ਦੇ ਸਮੇਂ ਵਿੱਚ ਉਹਨਾਂ ਨੂੰ ਵਿਸਾਰ ਦਿੱਤਾ ਗਿਆ ਹੈ। ਹੁਣ ਇਹ ਬੀਤੇ ਸਮੇਂ ਦੀ ਗੱਲ ਹੋ ਗਈ ਹੈ। ਅੱਜ ਕੱਲ੍ਹ ਪੰਥਕ ਰਾਜਨੀਤਿਕ ਵਿੱਚ ਪੰਜਾਬ ਦੇ ਨਹੀਂ ਸਗੋਂ ਆਪਣੇ ਹਿੱਤ ਕੇਂਦਰ ਵਿੱਚ ਆ ਗਏ ਹਨ। ਅਜਿਹੇ ਵਿੱਚ ਪੰਥਕ ਰਾਜਨੀਤੀ ਦੀ ਮੁੜ ਸੁਰਜੀਤੀ ਦੀ ਲੋੜ ਹੈ।
ਇਹ ਵੀ ਪੜ੍ਹੋ
ਸ਼੍ਰੋਮਣੀ ਅਕਾਲੀ ਦਲ ਨੂੰ ਨਸ਼ੀਹਤ
ਕੌਮ ਦੇ ਨਾਂਅ ਸੰਦੇਸ਼ ਵਿੱਚ ਜੱਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਕਿਹਾ ਕਿ ਜਿਸ ਉਦੇਸ਼ਾਂ ਦੀ ਪ੍ਰਾਪਤੀ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ ਸੀ। ਹੁਣ ਉਹਨਾਂ ਉਦੇਸ਼ਾਂ ਨੂੰ ਵਿਸਾਰਿਆ ਜਾ ਰਿਹਾ ਹੈ। ਸਿੰਘ ਸਾਹਿਬ ਨੇ ਕਿਹਾ ਕਿ ਅਕਾਲੀ ਦਲ ਨੂੰ ਆਤਮ ਚਿੰਤਣ ਕਰਨ ਦੀ ਜ਼ਰੂਰਤ ਹੈ।
ਨੌਜਵਾਨਾਂ ਦਾ ਵਿਦੇਸ਼ਾਂ ਵਿੱਚ ਜਾਣਾ ਚਿੰਤਾ ਦਾ ਵਿਸ਼ਾ
ਨੌਜਵਾਨਾਂ ਦੇ ਵਿਦੇਸ਼ ਵੱਲ ਹੋ ਰਹੇ ਪ੍ਰਵਾਸ ਤੇ ਬੋਲਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੇ ਰੁਜ਼ਗਾਰ ਦੇ ਮੌਕਿਆਂ ਵਿੱਚ ਕਮੀ ਆਈ ਹੈ। ਜਿਸ ਕਾਰਨ ਨੌਜਵਾਨ ਆਪਣਾ ਭਵਿੱਖ ਹਨੇਰੇ ਵਿੱਚ ਦੇਖ ਰਹੇ ਹਨ। ਜਿਸ ਕਾਰਨ ਨੌਜਵਾਨਾਂ ਦੇ ਵਿਦੇਸ਼ ਵੱਲ ਪ੍ਰਵਾਸ ਕਰਨ ਦੇ ਰੁਝਾਨ ਵਿੱਚ ਵਾਧਾ ਹੋਇਆ ਹੈ। ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ।