ਅੰਮ੍ਰਿਤਸਰ ‘ਚ ਬੈਲਟ ਪੇਪਰ ਰਾਹੀਂ ਹੋਵੇਗੀ ਮੇਅਰ ਦੀ ਚੋਣ, 24 ਸਾਲ ਪਹਿਲਾਂ ਵੀ ਅਪਣਾਇਆ ਗਿਆ ਸੀ ਇਹੀ ਫਾਰਮੂਲਾ

Published: 

30 Dec 2024 17:31 PM

Amritsar Mayor Elections: ਅੰਮ੍ਰਿਤਸਰ ਵਿੱਚ ਮੇਅਰ ਚੋਣ ਲਈ ਕਾਂਗਰਸ 40 ਦਾ ਅੰਕੜਾ ਮਿਲਣ ਦੇ ਬਾਵਜੂਦ ਬਹੁਮਤ ਤੋਂ ਦੂਰ ਹੈ। ਅੰਮ੍ਰਿਤਸਰ ਨਗਰ ਨਿਗਮ ਵਿੱਚ ਕੁੱਲ 85 ਕੌਂਸਲਰ ਹਨ। ਜੇਕਰ ਨਿਗਮ ਦੀ ਹੱਦ ਅੰਦਰ ਪੈਂਦੇ 7 ਵਿਧਾਇਕਾਂ ਦੀਆਂ ਵੋਟਾਂ ਮਿਲ ਜਾਂਦੀਆਂ ਹਨ ਤਾਂ ਬਹੁਮਤ ਲਈ 47 ਦੇ ਅੰਕੜੇ ਤੱਕ ਪਹੁੰਚਣਾ ਜ਼ਰੂਰੀ ਹੈ।

ਅੰਮ੍ਰਿਤਸਰ ਚ ਬੈਲਟ ਪੇਪਰ ਰਾਹੀਂ ਹੋਵੇਗੀ ਮੇਅਰ ਦੀ ਚੋਣ, 24 ਸਾਲ ਪਹਿਲਾਂ ਵੀ ਅਪਣਾਇਆ ਗਿਆ ਸੀ ਇਹੀ ਫਾਰਮੂਲਾ
Follow Us On

ਅੰਮ੍ਰਿਤਸਰ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਣ ਕਾਰਨ ਮੇਅਰ ਦੇ ਅਹੁਦੇ ਲਈ ਮੁਕਾਬਲਾ ਸਖ਼ਤ ਹੁੰਦਾ ਜਾ ਰਿਹਾ ਹੈ। ਕਾਂਗਰਸ ਆਜ਼ਾਦ ਉਮੀਦਵਾਰ ਉਤਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਸੱਤਾਧਾਰੀ ਪਾਰਟੀ ਬਹੁਮਤ ਹਾਸਲ ਕਰਨ ਲਈ ਆਜ਼ਾਦ ਉਮੀਦਵਾਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਚਰਚਾ ਹੈ ਕਿ ਇਕ ਪਾਸੇ ਪਾਰਟੀਆਂ ਆਪਣੇ ਕੌਂਸਲਰਾਂ ਨੂੰ ਲਾਮਬੰਦ ਕਰ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਆਜ਼ਾਦ ਉਮੀਦਵਾਰਾਂ ਦਾ ਭਾਅ ਵਧ ਰਿਹਾ ਹੈ।

ਦਰਅਸਲ, ਅੰਮ੍ਰਿਤਸਰ ਵਿੱਚ ਕਾਂਗਰਸ 40 ਦਾ ਅੰਕੜਾ ਮਿਲਣ ਦੇ ਬਾਵਜੂਦ ਬਹੁਮਤ ਤੋਂ ਦੂਰ ਹੈ। ਅੰਮ੍ਰਿਤਸਰ ਨਗਰ ਨਿਗਮ ਵਿੱਚ ਕੁੱਲ 85 ਕੌਂਸਲਰ ਹਨ। ਜੇਕਰ ਨਿਗਮ ਦੀ ਹੱਦ ਅੰਦਰ ਪੈਂਦੇ 7 ਵਿਧਾਇਕਾਂ ਦੀਆਂ ਵੋਟਾਂ ਮਿਲ ਜਾਂਦੀਆਂ ਹਨ ਤਾਂ ਬਹੁਮਤ ਲਈ 47 ਦੇ ਅੰਕੜੇ ਤੱਕ ਪਹੁੰਚਣਾ ਜ਼ਰੂਰੀ ਹੈ।

ਅੰਮ੍ਰਿਤਸਰ ਵਿੱਚ 8 ਆਜ਼ਾਦ ਕੌਂਸਲਰ ਹਨ ਪਰ ਇੱਕ-ਦੋ ਨੂੰ ਛੱਡ ਕੇ ਕੋਈ ਵੀ ਕਾਂਗਰਸ ਦੇ ਹੱਕ ਵਿੱਚ ਆਉਣ ਨੂੰ ਤਿਆਰ ਨਹੀਂ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਆਪਣੀ ਗਿਣਤੀ ਮਿਣਤੀ ਕਰਨ ਵਿੱਚ ਲੱਗੀ ਹੋਈ ਹੈ। 24 ਕੌਂਸਲਰਾਂ ਦੇ ਨਾਲ-ਨਾਲ ਉਹ ਅਕਾਲੀ ਦਲ ਅਤੇ ਆਜ਼ਾਦ ਉਮੀਦਵਾਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ‘ਆਪ’ ਇਸ ‘ਚ ਕਾਮਯਾਬ ਹੁੰਦੀ ਹੈ ਤਾਂ 7 ਵਿਧਾਇਕਾਂ ਸਮੇਤ ਇਸ ਦੇ ਹੱਕ ‘ਚ 43 ਵੋਟਾਂ ਪੈਣਗੀਆਂ। ਜੋ ਕਾਂਗਰਸ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਬਹੁਮਤ ਨਾ ਬਣਿਆ ਤਾਂ ਵੋਟਿੰਗ ਹੋਵੇਗੀ

ਸਾਲ 2000 ਵਿੱਚ ਭਾਜਪਾ ਦੇ ਮੇਅਰ ਸੁਭਾਸ਼ ਸ਼ਰਮਾ ਨੂੰ ਇੱਕ ਵਿਵਾਦਤ ਮਾਮਲੇ ਤੋਂ ਬਾਅਦ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਇਸ ਤੋਂ ਬਾਅਦ ਕਾਂਗਰਸ ਤੇ ਭਾਜਪਾ ਵਿਚਾਲੇ ਆਪੋ-ਆਪਣੇ ਮੇਅਰਾਂ ਦੀ ਚੋਣ ਲਈ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ। ਦੋਵਾਂ ਪਾਰਟੀਆਂ ਕੋਲ ਬਹੁਮਤ ਨਹੀਂ ਸੀ, ਇਸ ਲਈ ਅੰਤ ਵਿੱਚ ਬੈਲਟ ਪੇਪਰ ਰਾਹੀਂ ਵੋਟਿੰਗ ਹੋਈ ਅਤੇ ਸੁਨੀਲ ਦੱਤੀ ਮੇਅਰ ਬਣੇ।

ਉਸ ਸਮੇਂ ਵੀ ਕੌਂਸਲਰਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਕਾਫੀ ਯਤਨ ਕੀਤੇ ਗਏ ਸਨ। ਹੁਣ ਵੀ ਇਹੀ ਸਥਿਤੀ ਬਣੀ ਹੋਈ ਹੈ। ਨਾ ਤਾਂ ਕਾਂਗਰਸ ਅਤੇ ਨਾ ਹੀ ਆਮ ਆਦਮੀ ਪਾਰਟੀ ਕੋਲ ਲੋੜੀਂਦੇ ਕੌਂਸਲਰ ਹਨ। ਅਜਿਹੇ ਵਿੱਚ ਮੇਅਰ ਦੀ ਚੋਣ ਬੈਲਟ ਪੇਪਰ ਰਾਹੀਂ ਹੋਣੀ ਤੈਅ ਮੰਨੀ ਜਾ ਰਹੀ ਹੈ। ਅਜਿਹੇ ‘ਚ ਜਿਸ ਪਾਰਟੀ ਦੇ ਹੱਕ ‘ਚ ਵੱਧ ਵੋਟਾਂ ਮਿਲਣਗੀਆਂ ਉਹ ਮੇਅਰ ਬਣੇਗੀ।