SGPC ਪ੍ਰਧਾਨ ਨੂੰ ਲੱਗੀ ਧਾਰਮਿਕ ਸਜ਼ਾ: ਬੀਬੀ ਜਗੀਰ ਕੌਰ ਲਈ ਵਰਤੇ ਸਨ ਇਤਰਾਜ਼ਯੋਗ ਸ਼ਬਦ; ਜੋੜਾ ਘਰ ਅਤੇ ਲੰਗਰ ਹਾਲ ਵਿੱਚ ਕੱਟੀ ਸਜ਼ਾ
Dhami Did Sewa in Langar Hall & Joda Ghar: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੇਸਰ ਹਰਜਿੰਦਰ ਸਿੰਘ ਧਾਮੀ ਨੇ ਮੁਆਫੀ ਮੰਗਦਿਆ ਕਿਹਾ ਸੀ ਕਿ ਇਸ ਅਹੁਦੇ ਦੀ ਸ਼ਾਨ ਦੇ ਵਿਰੁੱਧ ਵਰਤੀ ਗਈ ਭਾਸ਼ਾ ਲਈ ਮੈਂ ਮੁਆਫ਼ੀ ਮੰਗਦਾ ਹਾਂ। ਮੈਂ ਬੀਬੀ ਜਗੀਰ ਕੌਰ ਅਤੇ ਸਮੂਹ ਬੀਬੀਆਂ ਤੋਂ ਵੀ ਮੁਆਫੀ ਮੰਗਦਾ ਹਾਂ। ਅਕਾਲ ਤਖ਼ਤ ਸਾਹਿਬ ਸਾਰੇ ਸਿੱਖਾਂ ਦਾ ਸਰਵਉੱਚ ਅਸਥਾਨ ਹੈ। ਮੈਂ ਅਕਾਲ ਤਖ਼ਤ ਦੇ ਹੁਕਮ ਦੀ ਪਾਲਣਾ ਕਰਾਂਗਾ।
ਅਕਾਲੀ ਦਲ ਦੀ ਆਗੂ ਬੀਬੀ ਜਗੀਰ ਕੌਰ ਲਈ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸਜ਼ਾ ਸੁਣਾਈ ਸੀ। ਅਕਾਲ ਤਖਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਧਾਮੀ ਨੇ ਬੁੱਧਵਾਰ ਦੁਪਹਿਰ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਿਖੇ ਭਾਂਡੇ ਧੋਤੇ ਅਤੇ ਜੋੜਾ ਘਰ ਵਿੱਚ ਜੁੱਤੀਆਂ ਸਾਫ਼ ਕਰਨ ਦੀ ਸੇਵਾ ਨਿਭਾਈ।
ਪੰਜ ਪਿਆਰਿਆਂ ਦੇ ਸਾਹਮਣੇ ਪੇਸ਼ ਹੋਏ ਸਨ ਧਾਮੀ
ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬੁੱਧਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰਿਆਂ ਅੱਗੇ ਪੇਸ਼ ਹੋਏ। ਇਸ ਦੌਰਾਨ ਪੰਜ ਪਿਆਰਿਆਂ ਨੇ ਐਡਵੋਕੇਟ ਧਾਮੀ ਨੂੰ ਲੰਗਰ ਹਾਲ ਵਿੱਚ ਇੱਕ ਘੰਟਾ ਬਰਤਨ ਧੋਣ, ਇੱਕ ਘੰਟਾ ਜੋੜਾ ਘਰ ਵਿੱਚ ਸੇਵਾ ਕਰਨ ਅਤੇ ਪੰਜ ਜਪੁਜੀ ਸਾਹਿਬ ਦੇ ਪਾਠ ਕਰਨ ਉਪਰੰਤ 500 ਰੁਪਏ ਦੀ ਦੇਗ ਬਣਾ ਕੇ ਅਰਦਾਸ ਕਰਨ ਦੇ ਹੁਕਮ ਦਿੱਤੇ ਸਨ।
ਬੀਬੀ ਜਾਗੀਰ ਕੌਰ ਖਿਲਾਫ਼ ਗਲਤ ਸ਼ਬਦਾਂ ਦੀ ਵਰਤੋਂ ਤੋਂ ਬਾਅਦ ਧਾਮੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਟਵੀਟ ਕਰਕੇ ਆਪਣੀ ਇਸ ਗਲਤੀ ਦੀ ਮੁਆਫੀ ਵੀ ਮੰਗੀ ਸੀ। ਨਾਲ ਹੀ ਉਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਵਿਖੇ ਖਿਮਾ ਯਾਚਨਾ ਦੀ ਚਿੱਠੀ ਵੀ ਸੌਂਪੀ ਸੀ।
ਬੀਬੀ ਜਗੀਰ ਕੌਰ ਬਾਰੇ ਬੋਲੇ ਗਏ ਅਪਸ਼ਬਦਾਂ ਦਾ ਮੈਨੂੰ ਅਫ਼ਸੋਸ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਤਾ ਖਿਮਾ ਜਾਚਨਾ ਪੱਤਰ। pic.twitter.com/nHceGr60Ky
ਇਹ ਵੀ ਪੜ੍ਹੋ
— Harjinder Singh Dhami (@SGPCPresident) December 13, 2024
ਇਹ ਹੈ ਪੂਰਾ ਮਾਮਲਾ…
ਦਰਅਸਲ, ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇੱਕ ਇੰਟਰਵਿਊ ਦੌਰਾਨ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਖ਼ਿਲਾਫ਼ ਤਿੰਨ ਵਾਰ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਸੀ। ਧਾਮੀ ਇਕ ਵੈੱਬ ਚੈਨਲ ਨਾਲ ਫੋਨ ‘ਤੇ ਗੱਲ ਕਰ ਰਹੇ ਸਨ। ਸ਼ਨਿੱਚਰਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿੱਚ ਮੁਆਫ਼ੀਨਾਮਾ ਸੌਂਪਦਿਆਂ ਧਾਮੀ ਨੇ ਕਿਹਾ ਸੀ ਕਿ ਫ਼ੋਨ ‘ਤੇ ਗੱਲ ਕਰਦਿਆਂ ਮੇਰੋ ਕੋਲੋਂ ਅਣਜਾਣੇ ਵਿੱਚ ਕੁਝ ਇਤਰਾਜ਼ਯੋਗ ਸ਼ਬਦ ਬੋਲ ਨਿਕਲ ਗਏ।
ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਬੀਬੀ ਜਾਗੀਰ ਕੌਰ ਨੇ ਕਈ ਸਵਾਲ ਚੁੱਕੇ ਸਨ। ਨਾਲ ਹੀ ਉਨ੍ਹਾਂ ਨੇ ਮੁੜ ਤੋਂ ਚੋਣ ਕਰਵਾਉਣ ਦੀ ਵੀ ਮੰਗ ਕੀਤੀ ਸੀ। ਜਿਸਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਮੈਂਬਰਾਂ ਨੇ ਉਨ੍ਹਾਂ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ।