Kisan Protest: ਸਿੱਧੇ ਸੁਪਰੀਮ ਕੋਰਟ ਆਉਣ ਕਿਸਾਨ, ਜਾਇਜ਼ ਮੰਗਾਂ ਤੇ ਕਰਾਂਗੇ ਸੁਣਵਾਈ- SC
Supreme Court On Farmers Protest: ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਬੰਦ ਹੋਣ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਅਹਿਮ ਟਿੱਪਣੀ ਕੀਤੀ ਹੈ। ਕੋਰਟ ਨੇ ਕਿਹਾ ਹੈ ਕਿ ਜੇਕਰ ਕਿਸਾਨ ਚਾਹੁਣ ਤਾਂ ਸਿੱਧੇ ਸੁਪਰੀਮ ਕੋਰਟ ਆ ਸਕਦੇ ਹਨ। ਜਿੱਥੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਤੇ ਸੁਣਵਾਈ ਕੀਤੀ ਜਾਵੇਗੀ। ਸੁਪਰੀਮ ਕੋਰਟ ਕਿਸਾਨਾਂ ਦੀਆਂ ਗੱਲਾਂ ਸੁਣਨ ਲਈ ਤਿਆਰ ਹੈ।
ਅੱਜ ਸ਼ੰਭੂ ਬਾਰਡਰ ਬੰਦ ਹੋਣ ਅਤੇ ਪੰਜਾਬ ਹਰਿਆਣਾ ਦੀ ਸਰਹੱਦ ਤੇ ਚੱਲ ਰਹੇ ਅੰਦੋਲਨ ਨੂੰ ਲੈਕੇ ਸੁਪਰੀਮ ਕੋਰਟ ਵਿੱਚ ਅਹਿਮ ਸੁਣਵਾਈ ਹੋਈ। ਜਿਸ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਵਕੀਲ ਹਾਜ਼ਰ ਹੋਏ। ਕੋਰਟ ਨੇ ਸੁਣਵਾਈ ਦੀ ਸ਼ੁਰੁਆਤ ਵਿੱਚ ਹੀ ਡੱਲੇਵਾਲ ਦੀ ਸਿਹਤ ਦੀ ਜਾਣਕਾਰੀ ਮੰਗੀ।
ਇਸ ਤੋਂ ਬਾਅਦ ਸੁਪਰੀਮ ਕੋਰਟ ਨੂੰ ਸਿੱਧੇ ਕੋਰਟ ਆਉਣ ਦਾ ਵੀ ਪ੍ਰਸਤਾਵ ਦਿੱਤਾ। ਜਸਟਿਸ ਸੂਰਿਆ ਕਾਂਤ ਅਤੇ ਉੱਜਲ ਭੂਯਾਨ ਦੀ ਬੈਂਚ ਨੇ ਕਿਹਾ ਕਿ ਕੋਰਟ ਕਿਸਾਨਾਂ ਦੀਆਂ ਮੰਗਾਂ ਸੁਣਨ ਲਈ ਤਿਆਰ ਹੈ।
ਡੱਲੇਵਾਲ ਦੀ ਸਿਹਤ ਬਾਰੇ ਦਿੱਤੀ ਜਾਣਕਾਰੀ
ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਪੇਸ਼ ਹੋਏ ਵਕੀਲ ਨੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਸਬੰਧੀ ਕੋਰਟ ਨੂੰ ਜਾਣਕਾਰੀ ਦਿੱਤੀ। ਵਕੀਲ ਨੇ ਕਿਹਾ ਕਿ ਕੋਰਟ ਦੇ ਹੁਕਮਾਂ ਮੁਤਾਬਿਕ ਸਰਕਾਰ ਨੇ ਡੱਲੇਵਾਲ ਨੂੰ ਸਿਹਤ ਸਹੂਲਤਾਂ ਦੀ ਪੇਸ਼ਕਸ ਕੀਤੀ ਸੀ। ਪਰ ਡੱਲੇਵਾਲ ਕੋਈ ਵੀ ਮੈਡੀਕਲ ਟੈਸਟ ਨਹੀਂ ਕਰਵਾਉਣਾ ਚਾਹੁੰਦੇ।
ਡੱਲੇਵਾਲ ਤੇ ਸਾਥੀਆਂ ਦਾ ਦਬਾਅ ਹੋਵੇਗਾ- SC
ਸੁਣਵਾਈ ਦੌਰਾਨ ਕੋਰਟ ਨੇ ਕਿਹਾ ਕਿ ਡੱਲੇਵਾਲ ਦੀ ਜਾਨ ਬਹੁਤ ਕੀਮਤੀ ਹੈ। ਡੱਲੇਵਾਲ ਦੇ ਮਨ ਅੰਦਰ ਕੁੱਝ ਭਾਵਨਾਵਾਂ ਹਨ ਅਤੇ ਕੁੱਝ ਉਹਨਾਂ ਉੱਪਰ ਆਪਣੇ ਸਾਥੀ ਕਿਸਾਨਾਂ ਦਾ ਵੀ ਦਬਾਅ ਹੋਵੇਗਾ। ਉੱਧਰੋਂ ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਸੋਲੀਸੀਟਰ ਜਰਨਲ ਨੇ ਕਿਹਾ ਕਿ ਜੇਕਰ ਡੱਲੇੇਵਾਲ ਨੂੰ ਕੁੱਝ ਹੋ ਗਿਆ ਤਾਂ ਬਹੁਤ ਮੁਸ਼ਕਿਲ ਹੋ ਜਾਵੇਗੀ।
ਸਿੱਧੇ ਕੋਰਟ ਆ ਜਾਣ ਕਿਸਾਨ- SC
ਕਿਸਾਨਾਂ ਨੇ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਅੱਗੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਕਿਸਾਨਾਂ ਦਾ ਇਲਜ਼ਾਮ ਸੀ ਕਿ ਜਿਸ ਕਮੇਟੀ ਕੋਲ ਫੈਸਲਾ ਲੈਣ ਦੀ ਕੋਈ ਸ਼ਕਤੀ ਨਹੀਂ ਹੈ ਅਜਿਹੀ ਕਮੇਟੀ ਸਾਹਮਣੇ ਪੇਸ਼ ਹੋਣ ਦਾ ਕੀ ਫਾਇਦਾ। ਜਿਸ ਦੀ ਜਾਣਕਾਰੀ ਸੁਣਵਾਈ ਦੌਰਾਨ ਕੋਰਟ ਨੂੰ ਦਿੱਤੀ ਗਈ। ਜਿਸ ਉੱਪਰ ਜਸਟਿਸ ਸੂਰਿਆ ਕਾਂਤ ਅਤੇ ਉੱਜਲ ਭੂਯਾਨ ਦੀ ਬੈਂਚ ਨੇ ਕਿਹਾ ਕਿ ਜੇਕਰ ਕਿਸਾਨ ਕਮੇਟੀ ਅੱਗੇ ਜਾਣ ਲਈ ਤਿਆਰ ਨਹੀਂ ਹਨ ਤਾਂ ਉਹ ਸਾਡੇ ਕੋਲ ਆ ਸਕਦੇ ਹਨ।
ਇਹ ਵੀ ਪੜ੍ਹੋ
ਸੁਪਰੀਮ ਕੋਰਟ ਨੇ ਪੰਜਾਬ ਦੇ ਐਡਵੋਕੇਟ ਜਰਨਲ ਨੂੰ ਕਿਹਾ ਕਿ ਅਸੀਂ ਕਿਸਾਨਾਂ ਦੀਆਂ ਮੰਗਾਂ ਨੂੰ ਸੁਣਨ ਲਈ ਤਿਆਰ ਹਨ। ਕੋਰਟ ਕਿਸਾਨਾਂ ਦੀਆਂ ਜਾਇਜ਼ ਮੰਗਾਂ ਉੱਪਰ ਵਿਚਾਰ ਵੀ ਕਰੇਗੀ। ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਕਿ ਕਿਸਾਨਾਂ ਨੂੰ ਵੀ ਡੱਲੇਵਾਲ ਦੀ ਸਿਹਤ ਦੀ ਚਿੰਤਾ ਕਰਨੀ ਚਾਹੀਦੀ ਹੈ। ਸਾਡੇ ਸਾਰਿਆਂ ਲਈ ਡੱਲੇਵਾਲ ਦੀ ਜਾਣ ਕੀਮਤੀ ਹੈ।