ਟੀਚਰ ਦੀ ਸ਼ਿਕਾਇਤ ਤੋਂ ਬਾਅਦ ਮੈਰੀਟੋਰੀਅਸ ਸਕੂਲ 'ਚ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ | student committed suicide in Sangrur meritorious school Punjabi news - TV9 Punjabi

ਟੀਚਰ ਦੀ ਸ਼ਿਕਾਇਤ ਤੋਂ ਬਾਅਦ ਮੈਰੀਟੋਰੀਅਸ ਸਕੂਲ ‘ਚ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

Updated On: 

30 Jan 2024 12:09 PM

Suicide In School: ਸੰਗਰੂਰ ਦੇ ਮੈਰੀਟੋਰੀਅਸ ਸਕੂਲ ਵਿੱਚ ਇੱਕ ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਦਿਆਰਥੀ ਦੇ ਪਿਤਾ ਦਾ ਇਲਜ਼ਾਮ ਹੈ ਕਿ ਸਕੂਲ ਵੱਲੋਂ ਬੱਚੇ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਹੁਣ ਪੁਲਿਸ ਨੇ ਲੜਕੇ ਦੇ ਪਿਤਾ ਦੇ ਬਿਆਨ ਤੇ ਮਾਮਲਾ ਦਰਜ ਕਰ ਲਿਆ ਹੈ। ਇਹ ਸਕੂਲ ਕੁੱਝ ਸਮਾਂ ਪਹਿਲਾਂ ਵਿਦਿਆਰਥੀਆਂ ਨੂੰ ਮਿਲਣ ਵਾਲੇ ਖਾਣੇ ਨੂੰ ਵੀ ਲੈਕੇ ਚਰਚਾਵਾਂ ਵਿੱਚ ਆਇਆ ਸੀ।

ਟੀਚਰ ਦੀ ਸ਼ਿਕਾਇਤ ਤੋਂ ਬਾਅਦ ਮੈਰੀਟੋਰੀਅਸ ਸਕੂਲ ਚ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

ਮ੍ਰਿਤਕ ਨੌਜਵਾਨ ਦੀ ਤਸਵੀਰ ਅਤੇ ਵਿਰਲਾਪ ਕਰਦੇ ਹੋਏ ਰਿਸ਼ਤੇਦਾਰ

Follow Us On

ਬੀਤੀ ਰਾਤ ਪੰਜਾਬ ਦੇ ਸੰਗਰੂਰ ਦੇ ਮੈਰੀਟੋਰੀਅਸ ਸਕੂਲ ਦੇ ਹੋਸਟਲ ਵਿੱਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਕਰਨ ਸਿੰਘ ਵਾਸੀ ਲਹਿਰਾਗਾਗਾ ਵਜੋਂ ਹੋਈ ਹੈ। ਪੁਲੀਸ ਨੇ ਕਰਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿੱਚ ਭੇਜਵਾ ਦਿੱਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਕਰਨ ਦੇ ਅਧਿਆਪਕ ਨੇ ਉਸਦੇ ਪਿਤਾ ਨੂੰ ਫੋਨ ਕਰਕੇ ਪ੍ਰੀਖਿਆ ‘ਚ ਘੱਟ ਨੰਬਰ ਆਉਣ ਦੀ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਟੀਚਰ ਨੇ ਕਰਨ ਨੂੰ ਉਸਦੇ ਪਿਤਾ ਨਾਲ ਗੱਲ ਵੀ ਕਰਵਾਈ ਸੀ। ਜਿਸ ਵਿੱਚ ਕਰਨ ਨੇ ਆਪਣੇ ਪਿਤਾ ਤੋਂ ਮੁਆਫੀ ਮੰਗੀ ਸੀ। ਇਸ ਤੋਂ ਕੁਝ ਸਮੇਂ ਬਾਅਦ ਉਸ ਦੀ ਲਾਸ਼ ਹੋਸਟਲ ਦੇ ਕਮਰੇ ਵਿੱਚ ਲਟਕਦੀ ਮਿਲੀ।

ਕਰਨ ਦੇ ਪਿਤਾ ਸੁਰੇਸ਼ ਨੇ ਕਿਹਾ- ਮੈਂ ਆਪਣੇ ਬੱਚੇ ਨੂੰ ਹੋਸਟਲ ਨਹੀਂ ਭੇਜਣਾ ਚਾਹੁੰਦਾ ਸੀ। ਪਰ ਸਕੂਲ ਨੇ ਬੱਚੇ ਨੂੰ ਹੋਸਟਲ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ। ਪਿਤਾ ਦਾ ਇਲਜ਼ਾਮ ਹੈ ਕਿ ਸਕੂਲ ਪ੍ਰਸ਼ਾਸਨ ਵੱਲੋਂ ਉਸ ਦੇ ਬੱਚੇ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾਂਦਾ ਸੀ। ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਇਸ ਸਬੰਧੀ ਡੀਐਸਪੀ ਮਨੋਜ ਨੇ ਦੱਸਿਆ ਕਿ ਪਰਿਵਾਰ ਦੇ ਬਿਆਨ ਦਰਜ ਕਰਕੇ ਪੁਲੀਸ ਅਗਲੇਰੀ ਕਾਰਵਾਈ ਕਰੇਗੀ।

ਬਾਰਵੀਂ ਜਮਾਤ ਦਾ ਵਿਦਿਆਰਥੀ ਸੀ ਕਰਨ

ਪ੍ਰਾਪਤ ਜਾਣਕਾਰੀ ਅਨੁਸਾਰ ਕਰਨ ਸੰਗਰੂਰ ਦੇ ਘਾਬਦਾਂ ਵਿੱਚ ਸਥਿਤ ਮੈਰੀਟੋਰੀਅਸ ਸਕੂਲ ਵਿੱਚ 12ਵੀਂ ਜਮਾਤ ਵਿੱਚ ਕਾਮਰਸ ਸਟਰੀਮ ਵਿੱਚ ਪੜ੍ਹਦਾ ਸੀ। ਸੋਮਵਾਰ ਦੇਰ ਸ਼ਾਮ ਕਰਨ ਨੇ ਸਕੂਲ ਦੇ ਹੋਸਟਲ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਹੋਸਟਲ ਦਾ ਸਟਾਫ ਕਮਰੇ ਦੇ ਨੇੜੇ ਪਹੁੰਚਿਆ। ਇਸ ਤੋਂ ਬਾਅਦ ਹੋਸਟਲ ਅਧਿਕਾਰੀਆਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਸੰਗਰੂਰ ਦੇ ਥਾਣਾ ਸਦਰ ਦੇ ਐਸਐਚਓ ਗੁਰਪ੍ਰੀਤ ਸਿੰਘ ਹਾਂਡਾ ਨੇ ਦੱਸਿਆ ਕਿ ਪੁਲਿਸ ਵੱਲੋਂ ਪਰਿਵਾਰ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਅਗਲੀ ਕਾਰਵਾਈ ਕਰੇਗੀ।

ਪਿਤਾ ਨੂੰ ਕੀਤੀ ਸੀ ਅਧਿਆਪਕ ਨੇ ਸ਼ਿਕਾਇਤ

ਪੁਲਿਸ ਵੱਲੋਂ ਪੋਸਟਮਾਰਟਮ ਕਰਵਾਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਕਰਨ ਦੇ ਪਿਤਾ ਪੇਸ਼ੇ ਤੋਂ ਸਬਜ਼ੀ ਵੇਚਣ ਦਾ ਕੰਮ ਕਰਦੇ ਹਨ। ਕਰਨ ਦੇ ਪਿਤਾ ਸੁਰੇਸ਼ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ ਕਰੀਬ 3 ਵਜੇ ਕਰਨ ਦੇ ਸਕੂਲ ਅਧਿਆਪਕ ਦਾ ਫੋਨ ਆਇਆ ਸੀ। ਜਿਸ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਬੇਟੇ ਦੇ ਪੇਪਰ ਵਿੱਚ ਘੱਟ ਨੰਬਰ ਆਏ ਹਨ। ਕਰਨ ਦੇ ਪਿਤਾ ਦਾ ਇਲਜ਼ਾਮ ਹੈ ਕਿ ਅਧਿਆਪਕ ਨੇ ਉਹਨਾਂ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਕਰਨ ਵੱਲੋਂ ਪੜਾਈ ਵਿੱਚ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਜਾਂਦਾ ਤਾਂ ਉਸ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਜਾਵੇਗਾ।

ਸਵਾਲਾਂ ਵਿੱਚ ਘਿਰਿਆ ਸਕੂਲ

ਤੁਹਾਨੂੰ ਦੱਸ ਦੇਈਏ ਕਿ ਘਾਬਦਾਂ ਦਾ ਇਹ ਸਰਕਾਰੀ ਮੈਰੀਟੋਰੀਅਸ ਸਕੂਲ ਇਸ ਤੋਂ ਪਹਿਲਾਂ ਵੀ ਸੁਰਖੀਆਂ ਵਿੱਚ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਮਹੀਨਿਆਂ ਤੋਂ ਸਕੂਲ ਵਿੱਚ ਪਰੋਸੇ ਜਾ ਰਹੇ ਘਟੀਆ ਕੁਆਲਿਟੀ ਦੇ ਖਾਣੇ ਕਾਰਨ 100 ਤੋਂ ਵੱਧ ਬੱਚੇ ਬਿਮਾਰ ਹੋ ਗਏ ਸਨ। ਹੁਣ ਕਰਨ ਦੇ ਪਰਿਵਾਰ ਨੇ ਵੀ ਸਕੂਲ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

Exit mobile version