Mata Gujar Kaur ji: ਸਿਦਕ ਅਤੇ ਸ਼ਹਾਦਤ ਦੀ ਮੂਰਤ ਮਾਤਾ ਗੁਜਰ ਕੌਰ ਜੀ
ਸਿੱਖ ਪੰਥ ਮਾਤਾ ਗੁਜਰ ਕੌਰ ਜੀ ਦਾ 400 ਸਾਲਾਂ ਜਨਮ ਸ਼ਤਾਬਦੀ ਵਰ੍ਹਾਂ ਮਨਾ ਰਿਹਾ ਹੈ। ਮਾਤਾ ਗੁਜਰੀ ਜੀ ਨੇ ਜਿੱਥੇ ਸਾਹਿਬ ਏ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਲਣ ਪੋਸ਼ਣ ਕੀਤਾ ਤਾਂ ਉੱਥੇ ਹੀ ਸਾਹਿਬਜਾਦਿਆਂ ਨੂੰ ਵੀ ਸਿਦਕ ਦਾ ਪਾਠ ਪੜ੍ਹਾਇਆ। ਛੋਟੇ ਸਾਹਿਬਜਾਦਿਆਂ ਨਾਲ ਸ਼ਹਾਦਤ ਦੇਣ ਵਾਲੇ ਮਾਤਾ ਗੁਜਰੀ ਜੀ ਨੂੰ ਕੋਟਨ ਕੋਟਿ ਪ੍ਰਣਾਮ।
ਕਿਹਾ ਜਾਂਦਾ ਹੈ ਕਿ ਮਾਂ ਰੱਬ ਦਾ ਰੂਪ ਹੁੰਦੀ ਹੈ ਪਰ ਉਹ ਮਾਂ ਕਿੰਨੀ ਧੰਨ ਹੋਵੇਗੀ। ਜਿਸ ਦੀ ਕੁੱਖੋਂ ਖੁਦ ਰੱਬ ਜਨਮ ਲੈ ਲਵੇ। ਜਿਸ ਦੀ ਕੁੱਖੋ ਕਲਗੀਧਰ ਦਸਮੇਸ਼ ਪਿਤਾ ਵਰਗੇ ਮਹਾਨ ਯੋਧੇ ਦਾ ਜਨਮ ਹੋਵੇ। ਉਸ ਭਾਗਾਂ ਵਾਲਾ ਮਾਂ ਦਾ ਨਾਮ ਹੈ ਮਾਤਾ ਗੁਜਰ ਕੌਰ। ਗੁਰੂ ਤੇਗ ਬਹਾਦਰ ਜੀ ਦੇ ਮਹਿਲ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਜੀ ਦਾ ਜਨਮ ਸਾਲ 1627 ਈਸਵੀ ਵਿੱਚ ਮਾਤਾ ਬਿਸ਼ਨ ਕੌਰ ਦੀ ਕੁੱਖੋਂ ਸੁਭਿਖੀਏ ਖਤ੍ਰੀ ਲਾਲ ਚੰਦ ਜੀ ਦੇ ਘਰ ਕਰਤਾਰਪੁਰ (ਜਲੰਧਰ) ਵਿਖੇ ਹੋਇਆ।
ਮਾਤਾ ਗੁਜਰ ਜੀ ਦੀ ਬਚਪਨ ਤੋਂ ਹੀ ਅਧਿਆਤਮਕ ਕਾਰਜ ਵਿੱਚ ਰੁਚੀ ਸੀ। ਉਹ ਘਰ ਵਿੱਚ ਪਾਠ ਕੀਰਤਨ ਸੁਣਦੇ ਰਹਿੰਦੇ। ਮਾਤਾ ਜੀ ਆਪਣੇ ਪਿਤਾ ਜੀ ਨਾਲ ਮੀਰੀ ਪੀਰੀ ਦੇ ਮਾਲਕ ਸ਼੍ਰੀ ਹਰਿਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਵੀ ਜਾਇਆ ਕਰਦੇ ਸਨ। ਸਾਲ 1632 ਵਿੱਚ ਉਹਨਾਂ ਦੀ ਉਮਰ ਕੋਈ 5-6 ਸਾਲ ਦੀ ਹੋਵੇਗੀ। ਉਹਨਾਂ ਦਾ ਵਿਆਹ ਗੁਰੂ ਤੇਗ ਬਹਾਦਰ ਸਾਹਿਬ ਨਾਲ ਕਰ ਦਿੱਤਾ ਗਿਆ। ਉਸ ਸਮੇਂ ਗੁਰੂ ਸਾਹਿਬ ਦੀ ਉਮਰ 9-10 ਸਾਲ ਦੀ ਸੀ।
1644 ਈਸਵੀ ਵਿੱਚ ਸ਼੍ਰੀ ਹਰਿਗੋਬਿੰਦ ਸਾਹਿਬ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਸ਼੍ਰੀ ਹਰਿਰਾਇ ਜੀ ਨੂੰ ਗੁਰਗੱਦੀ ਸੌਂਪ ਦਿੱਤੀ ਅਤੇ ਆਪਣੇ ਮਹਿਲ ਨਾਨਕੀ ਜੀ ਨੂੰ ਆਪਣੀ ਨੂੰਹ (ਮਾਤਾ ਗੁਜਰੀ) ਨਾਲ ਆਪਣੇ ਪੇਕੇ ਬਾਬਾ ਬਕਾਲੇ ਜਾਣ ਦਾ ਹੁਕਮ ਦਿੱਤਾ। ਪਾਤਸ਼ਾਹ ਦਾ ਹੁਕਮ ਮੰਨਕੇ ਮਾਤਾ ਗੁਜਰੀ, ਗੁਰੂ ਤੇਗ ਬਹਾਦਰ ਅਤੇ ਉਹਨਾਂ ਦੇ ਮਾਤਾ ਜੀ ਬਾਬਾ ਬਕਾਲੇ ਆ ਗਏ। ਜਿੱਥੇ ਗੁਰੂ ਤੇਗ ਬਹਾਦਰ ਜੀ ਭੋਰੇ ਵਿਚ ਰਹਿ ਕੇ ਤਪੱਸਿਆ ਕਰਦੇ ਰਹੇ।
ਧਰਮ ਪ੍ਰਚਾਰ ਦੀ ਯਾਤਰਾ
ਗੁਰਗੱਦੀ ਮਿਲਣ ਤੋਂ ਬਾਅਦ ਗੁਰੂ ਸਾਹਿਬ ਦੀ ਮਾਤਾ ਨਾਨਕੀ ਜੀ ਨੇ ਤੇਗ ਬਹਾਦਰ ਜੀ ਨੂੰ ਧਰਮ ਪ੍ਰਚਾਰ ਲਈ ਬਿਹਾਰ, ਬੰਗਾਲ ਅਤੇ ਅਸਾਮ ਵੱਲ ਜਾਣ ਦਾ ਹੁਕਮ ਦਿੱਤਾ। ਧਰਮ ਪ੍ਰਚਾਰ ਯਾਤਰਾ ਸਮੇਂ ਮਾਤਾ ਗੁਜਰੀ ਵੀ ਉਹਨਾਂ ਦੇ ਨਾਲ ਰਹੇ। ਪਰ ਗਰਭਵਤੀ ਹੋਣ ਕਾਰਨ ਉਹਨਾਂ ਨੂੰ ਪਟਨਾ ਸਾਹਿਬ ਠਹਿਰ ਦਾ ਆਦੇਸ਼ ਹੋਇਆ।
ਮਾਤਾ ਜੀ ਨੇ ਪਟਨਾ ਦੀ ਪਵਿੱਤਰ ਧਰਤੀ ਤੇ 1666 ਈਸਵੀ ਚ ਬਾਲ ਗੋਬਿੰਦ ਰਾਇ ਨੂੰ ਜਨਮ ਦਿੱਤਾ। ਜੋ ਅਜਿਹੇ ਸੂਰਮਾ ਹੋਏ ਕਿ 21ਵੀਂ ਸਦੀ ਤੱਕ ਦੁਨੀਆਂ ਉਹਨਾਂ ਦੀ ਸਮਝ, ਸੂਝ ਬੂਝ ਅਤੇ ਉਹਨਾਂ ਦੀ ਬਹਾਦਰੀ ਲਈ ਸਿਜਦਾ ਕਰਦੀ ਹੈ। ਜਦੋਂ ਅਸਾਮ ਯਾਤਰਾ ਤੋਂ ਬਾਅਦ ਗੁਰੂ ਸਾਹਿਬ ਵਾਪਸ ਆਏ ਤਾਂ ਮਾਤਾ ਗੁਜਰੀ ਜੀ ਉਹਨਾਂ ਨਾਲ ਵਾਪਸ ਕਰਤਾਰਪੁਰ ਸਾਹਿਬ ਆ ਗਏ।
ਇਹ ਵੀ ਪੜ੍ਹੋ
ਪਰਿਵਾਰ ਵਿਛੋੜਾ
ਸਾਲ 1705 ਈਸਵੀ ਵਿੱਚ ਮੁਗਲਾਂ ਵੱਲੋਂ ਝੂਠੀਆਂ ਸਹੁੰ ਖਾਣ ਤੋਂ ਬਾਅਦ ਪਾਤਸ਼ਾਹ ਗੁਰੂ ਗੋਬਿੰਦ ਸਾਹਿਬ ਨੇ ਅਨੰਦਪੁਰ ਦਾ ਕਿਲਾ ਛੱਡ ਦਿੱਤਾ। ਜਿਵੇਂ ਹੀ ਸਾਰੇ ਸਿੰਘ ਗੁਰੂ ਸਾਹਿਬ ਨਾਲ ਸਰਸਾ ਨਦੀ ਦੇ ਕਿਨਾਰੇ ਆਏ ਤਾਂ ਪਾਣੀ ਦੇ ਤੇਜ਼ ਵਹਾਅ ਕਾਰਨ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਮਾਤਾ ਗੁਜਰੀ ਛੋਟੇ ਸਾਹਿਬਜਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਜੀ ਨਾਲ ਗੰਗੂ ਰਸੋਈਏ ਦੇ ਪਿੰਡ ਖੇੜੀ ਆ ਗਏ।
ਗੰਗੂ ਨੇ ਲਾਲਚ ਵਿੱਚ ਆ ਕੇ ਸਾਹਿਬਜਾਦਿਆਂ ਦੀ ਜਾਣਕਾਰੀ ਮੁਗਲ ਫੌਜ ਨੂੰ ਦੇ ਦਿੱਤੀ। ਜਿਸ ਤੋਂ ਬਾਅਦ ਕਈ ਥਾਵਾਂ ਤੇ ਕੈਦ ਰੱਖਣ ਤੋਂ ਬਾਅਦ ਸਾਹਿਬਜਾਦਿਆਂ ਅਤੇ ਮਾਤਾ ਜੀ ਨੂੰ ਸਰਹਿੰਦ ਦੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ। ਜਿੱਥੇ ਉਹਨਾਂ ਨੇ ਸਾਹਿਬਜ਼ਾਦਿਆਂ ਨੂੰ ਆਪਣੇ ਇਰਾਦਿਆਂ ਤੇ ਦਿੜ੍ਹ ਅਤੇ ਪਰਪੱਕ ਰਹਿਣ ਦਾ ਪਾਠ ਪੜ੍ਹਾਇਆ। ਸਾਹਿਬਜਾਦਿਆਂ ਨੇ ਵੀ ਦਾਦੀ ਦੀ ਕਹੀ ਇੱਕ ਇੱਕ ਗੱਲ ਨੂੰ ਸੱਚ ਕਰ ਦਿਖਾਇਆ। ਸਰਹਿੰਦ ਦੇ ਸੂਬੇਦਾਰ ਨੇ ਸਾਹਿਬਜਾਦਿਆਂ ਨੂੰ ਨਹੀਂ ਵਿੱਚ ਚਿਣਵਾ ਦਿੱਤਾ।
ਜਦੋਂ 7 ਅਤੇ 9 ਸਾਲ ਦੀ ਉਮਰ ਵਾਲੇ ਪਿਆਰੇ ਛੋਟੇ ਸਾਹਿਜਾਦਿਆਂ ਦੀ ਸਹਾਦਤ ਦੀ ਖ਼ਬਰ ਠੰਡੇ ਬੁਰਜ ਵਿੱਚ ਬੈਠੇ ਮਾਤਾ ਗੁਜਰੀ ਜੀ ਤੱਕ ਪਹੁੰਚੀ ਤਾਂ ਮਾਤਾ ਜੀ ਇਸ ਦਰਦ ਨੂੰ ਸਹਾਰ ਨਾ ਸਕੇ ਅਤੇ ਆਪਣਾ ਸਰੀਰ ਤਿਆਗ ਦਿੱਤਾ। ਮਾਤਾ ਜੀ ਅਤੇ ਸਾਹਿਬਜਾਦਿਆਂ ਦੀ ਸਹਾਦਤ ਦੀ ਯਾਦ ਵਿੱਚ ਹਰ ਸਾਲ ਪੋਹ ਦੇ ਮਹੀਨੇ ਵਿੱਚ ਸਿੱਖ ਸੰਗਤ ਵੱਲੋਂ ਬਾਣੀ ਦਾ ਪਾਠ ਕਰਕੇ ਸ਼ਰਧਾਂਜਲੀ ਦਿੱਤੀ ਜਾਂਦੀ ਹੈ।